ਭਾਰਤ ਦੇ ਹਾਈ ਕਮਿਸ਼ਨਰ ਵੱਲੋਂ ਕਨਿਸ਼ਕ ਜਹਾਜ਼ ਕਾਂਡ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ
ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਮੰਗਲਵਾਰ ਨੂੰ ਏਅਰ ਇੰਡੀਆ ਬੰਬ ਕਾਂਡ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਇਟੋਬੀਕੋ ਵਿਖੇ ਬਣੀ ਯਾਦਗਾਰ ’ਤੇ ਪੁੱਜੇ
ਟੋਰਾਂਟੋ : ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਮੰਗਲਵਾਰ ਨੂੰ ਏਅਰ ਇੰਡੀਆ ਬੰਬ ਕਾਂਡ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਇਟੋਬੀਕੋ ਵਿਖੇ ਬਣੀ ਯਾਦਗਾਰ ’ਤੇ ਪੁੱਜੇ। 26 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਣ ਮਗਰੋਂ ਹਾਈ ਕਮਿਸ਼ਨਰ ਵੱਲੋਂ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਪਹਿਲੇ ਇਕੱਠ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਉਹ ਲੋਕ ਵੀ ਖਾਸ ਤੌਰ ’ਤੇ ਹਾਜ਼ਰ ਰਹੇ ਜਿਨ੍ਹਾਂ ਨੇ ਕਨਿਸ਼ਕ ਜਹਾਜ਼ ਕਾਂਡ ਦੌਰਾਨ ਆਪਣੇ ਦਿਲ ਦੇ ਟੁਕੜਿਆਂ ਨੂੰ ਗਵਾ ਦਿਤਾ।
ਦਿਨੇਸ਼ ਪਟਨਾਇਕ ਨੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ
ਹਾਈ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਪ੍ਰਵਾਸੀ ਭਾਰਤੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਤਾਂ ਦਿਨੇਸ਼ ਪਟਨਾਇਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਰ ਸਮੱਸਿਆ ਸੁਲਝਾਉਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਐਕਟਿੰਗ ਕੌਂਸਲ ਜਨਰਲ ਕਪਿਧਵਜਾ ਪ੍ਰਤਾਪ ਵੀ ਮੌਜੂਦ ਸਨ। ਇਥੇ ਦਸਣਾ ਬਣਦਾ ਹੈ ਕਿ ਕਨਿਸ਼ਕ ਜਹਾਜ਼ ਕਾਂਡ ਦੀ ਪੜਤਾਲ ਆਰ.ਸੀ.ਐਮ.ਪੀ. ਵੱਲੋਂ ਹੁਣ ਵੀ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਵਾਸਤੇ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ 182 ਵਿਚ 23 ਜੂਨ 1985 ਨੂੰ ਆਇਰਲੈਂਡ ਨੇੜੇ ਬੰਬ ਧਮਾਕਾ ਹੋਇਆ ਅਤੇ ਇਸ ਵਿਚ ਸਵਾਰ ਸਾਰੇ 329 ਜਣੇ ਮਾਰੇ ਗਏ।