ਕੈਨੇਡਾ ਵਿਚ ਪਤਨੀ ਦੇ ਕਾਤਲ ਪੰਜਾਬੀ ਨੂੰ ਹੋਈ ਉਮਰ ਕੈਦ
ਕੈਨੇਡਾ ਦੇ ਬੀ.ਸੀ. ਵਿਚ ਪਤਨੀ ਦਾ ਕਤਲ ਕਰਨ ਵਾਲੇ ਇੰਦਰਜੀਤ ਸਿੰਘ ਸੰਧੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ 13 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ।;
ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਪਤਨੀ ਦਾ ਕਤਲ ਕਰਨ ਵਾਲੇ ਇੰਦਰਜੀਤ ਸਿੰਘ ਸੰਧੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ 13 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ। ਐਬਟਸਫੋਰਡ ਵਿਖੇ 28 ਜੁਲਾਈ 2022 ਨੂੰ ਵਾਪਰੀ ਵਾਰਦਾਤ ਦੌਰਾਨ 45 ਸਾਲ ਦੀ ਕਮਲਜੀਤ ਕੌਰ ਸੰਧੂ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਜੋ ਕੁਝ ਦੇਰ ਬਾਅਦ ਦਮ ਤੋੜ ਗਈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਐਬਟਸਫੋਰਡ ਪੁਲਿਸ ਨੂੰ ਜਾਰਜ ਫਰਗਿਊਸਨ ਵੇਅ ਅਤੇ ਵੇਅਰ ਸਟ੍ਰੀਟ ਨੇੜੇ ਈਸਟਵਿਊ ਸਟ੍ਰੀਟ ਵਿਚ ਹਿੰਸਕ ਵਾਰਦਾਤ ਦੀ ਇਤਲਾਹ ਮਿਲੀ ਸੀ ਅਤੇ ਇੰਦਰਜੀਤ ਸਿੰਘ ਸੰਧੂ ਨੂੰ ਮੌਕਾ ਏ ਵਾਰਦਾਤ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਬੀ.ਸੀ. ਦੀ ਹੌਮੀਸਾਈਡ ਪੁਲਿਸ ਟੀਮ ਨੇ ਮਾਮਲਾ ਆਪਣੇ ਹੱਥਾਂ ਵਿਚ ਲੈਂਦਿਆਂ ਪੜਤਾਲ ਆਰੰਭ ਦਿਤੀ ਅਤੇ ਬੀ.ਸੀ. ਕੌਰੋਨਰਜ਼ ਸਰਵਿਸ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਗਿਆ।
ਇੰਦਰਜੀਤ ਸਿੰਘ ਸੰਧੂ ਨੂੰ 13 ਸਾਲ ਤੱਕ ਨਹੀਂ ਮਿਲੇਗੀ ਪੈਰੋਲ
ਬਿਲਕੁਲ ਇਸੇ ਕਿਸਮ ਦਾ ਮਾਮਲਾ ਮਾਰਚ 2024 ਵਿਚ ਵੀ ਸਾਹਮਣੇ ਆਇਆ ਜਦੋਂ ਪੰਜਾਬ ਤੋਂ ਕੈਨੇਡਾ ਪੁੱਜੇ ਇਕ ਸ਼ਖਸ ’ਤੇ ਆਪਣੀ ਪਤਨੀ ਦਾ ਛੁਰੇ ਮਾਰ ਕੇ ਕਤਲ ਕਰਨ ਦੇ ਦੋਸ਼ ਲੱਗੇ। ਲੁਧਿਆਣਾ ਦੇ ਪੱਖੋਵਾਲ ਰੋਡ ’ਤੇ ਸਥਿਤ ਕੰਚਨ ਕਲੋਨੀ ਨਾਲ ਸਬੰਧਤ 50 ਸਾਲ ਦਾ ਜਗਪ੍ਰੀਤ ਸਿੰਘ ਸਿਰਫ ਇਕ ਹਫਤਾ ਹੀ ਕੈਨੇਡਾ ਪੁੱਜਾ ਸੀ ਅਤੇ ਵਾਰਦਾਤ ਸਾਹਮਣੇ ਆ ਗਈ। ਜਗਰਾਉਂ ਨੇੜਲੇ ਪਿੰਡ ਮੱਲ੍ਹਾ ਨਾਲ ਸਬੰਧਤ 41 ਸਾਲ ਦੀ ਬਲਵਿੰਦਰ ਕੌਰ ਦੀ ਭੈਣ ਰਾਜਵਿੰਦਰ ਕੌਰ ਨੇ ਦੋਸ਼ ਲਾਇਆ ਕਿ ਕਤਲ ਤੋਂ ਬਾਅਦ ਜਗਪ੍ਰੀਤ ਸਿੰਘ ਨੇ ਆਪਣੀ ਸੱਸ ਨੂੰ ਵੀਡੀਓ ਕਾਲ ਕਰਦਿਆਂ ਕਿਹਾ ਕਿ ਮੈਂ ਇਸ ਨੂੰ ਸਦਾ ਦੀ ਨੀਂਦ ਸੁਆ ਦਿਤਾ। ਰਾਜਵਿੰਦਰ ਕੌਰ ਮੁਤਾਬਕ ਉਸ ਦੀ ਭੈਣ ਦੇ ਕੈਨੇਡਾ ਪੁੱਜਣ ਮਗਰੋਂ ਜਗਪ੍ਰੀਤ ਸਿੰਘ ਜਲਦ ਤੋਂ ਜਲਦ ਕਾਗਜ਼ੀ ਕਾਰਵਾਈ ਕਰ ਕੇ ਉਸ ਨੂੰ ਵੀ ਕੈਨੇਡਾ ਸੱਦਣ ਲਈ ਦਬਾਅ ਪਾਉਣ ਲੱਗਾ। ਦੂਜੇ ਪਾਸੇ ਰਾਜਵਿੰਦਰ ਕੌਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਜਗਪ੍ਰੀਤ ਸਿੰਘ ਦੇ ਛੋਟੇ ਭਰਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਅਸਲ ਹਾਲਾਤ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ।
ਜੁਲਾਈ 2022 ਵਿਚ ਬੀ.ਸੀ. ਦੇ ਐਬਟਸਫੋਰਡ ਵਿਖੇ ਵਾਪਰੀ ਸੀ ਵਾਰਦਾਤ
ਜਗਪ੍ਰੀਤ ਸਿੰਘ ਅਤੇ ਬਲਵਿੰਦਰ ਕੌਰ ਦੀ ਵਿਆਹੁਤਾ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਅਤੇ ਵਾਰਦਾਤ ਤੋਂ ਕੁਝ ਘੰਟੇ ਪਹਿਲਾਂ ਹੀ ਉਹ ਸ਼ੌਪਿੰਗ ਕਰ ਕੇ ਪਰਤੇ ਸਨ। ਐਬਟਸਫੋਰਡ ਪੁਲਿਸ ਵੱਲੋਂ ਜਗਪ੍ਰੀਤ ਸਿੰਘ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਲਾਏ ਗਏ। ਇਸੇ ਦੌਰਾਨ ਰਾਜਵਿੰਦਰ ਕੌਰ ਨੇ ਦੱਸਿਆ ਕਿ ਜਗਪ੍ਰੀਤ ਸਿੰਘ ਅਤੇ ਬਲਵਿੰਦਰ ਕੌਰ ਦੀ ਬੇਟੀ ਹਰਨੂਰਪ੍ਰੀਤ ਕੌਰ ਤਕਰੀਬਨ ਚਾਰ ਸਾਲ ਪਹਿਲਾਂ ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਸੀ। ਕੁਝ ਸਮੇਂ ਬਾਅਦ ਉਹ ਸਿਹਤ ਸਮੱਸਿਆਵਾਂ ਵਿਚ ਘਿਰ ਗਈ ਅਤੇ ਉਸ ਦੀ ਦੇਖਭਾਲ ਵਾਸਤੇ ਬਲਵਿੰਦਰ ਕੌਰ 2022 ਵਿਚ ਕੈਨੇਡਾ ਪੁੱਜ ਗਈ ਪਰ ਪੰਜਾਬ ਵਿਚ ਮੌਜੂਦ ਜਗਪ੍ਰੀਤ ਸਿੰਘ ਕਥਿਤ ਤੌਰ ’ਤੇ ਕੈਨੇਡਾ ਪਹੁੰਚਣ ਦੀ ਜ਼ਿਦ ਕਰ ਰਿਹਾ ਸੀ। ਜਗਪ੍ਰੀਤ ਸਿੰਘ ਨੇ ਕੰਮ ਕਰਨਾ ਵੀ ਛੱਡ ਦਿਤਾ ਅਤੇ ਬਲਵਿੰਦਰ ਕੌਰ ਤੋਂ ਖਰਚੇ ਦੇ ਪੈਸੇ ਮੰਗਵਾਉਣ ਲੱਗਾ। ਇਥੋਂ ਤੱਕ ਕਿ ਬਲਵਿੰਦਰ ਕੌਰ ਦੇ ਬਜ਼ੁਰਗ ਪਿਤਾ ’ਤੇ ਵੀ ਦਬਾਅ ਪਾਇਆ। ਇਥੇ ਦਸਣਾ ਬਣਦਾ ਹੈ ਕਿ ਮਹਾਂਮਾਰੀ ਦੌਰਾਨ ਕੈਨੇਡਾ ਵਿਚ ਜੀਵਨ ਸਾਥੀਆਂ ਨਾਲ ਹਿੰਸਾ ਦੇ ਮਾਮਲਿਆਂ ਵਿਚ ਤੇਜ਼ ਵਾਧਾ ਹੋਇਆ ਅਤੇ 2022 ਦੌਰਾਨ 184 ਔਰਤਾਂ ਜਾਂ ਕੁੜੀਆਂ ਦਾ ਕਤਲ ਕੀਤਾ ਗਿਆ।