ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦਰਮਿਆਨ ਟਰੰਪ ਸਰਕਾਰ ਨੇ ਡੌਂਕਰਾਂ ਵਿਰੁੱਧ ਵੱਡੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ

Update: 2025-09-05 12:11 GMT

ਫਲੋਰੀਡਾ : ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦਰਮਿਆਨ ਟਰੰਪ ਸਰਕਾਰ ਨੇ ਡੌਂਕਰਾਂ ਵਿਰੁੱਧ ਵੱਡੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ ਅਤੇ ਹੁਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵੱਲ ਵੀ ਧਿਆਨ ਕੇਂਦਰਤ ਕਰੇਗੀ ਜਿਥੋਂ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਦੇ ਅਮਰੀਕਾ ਦਾਖਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬੌਂਡੀ ਨੇ ਕਿਹਾ ਕਿ ਮਨੁੱਖੀ ਤਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾਉਂਦੇ ਹਨ ਅਤੇ ਇਸ ਧੰਦੇ ਰਾਹੀਂ ਮੋਟੀ ਕਮਾਈ ਕੀਤੀ ਜਾ ਰਹੀ ਹੈ।

ਟਰੰਪ ਸਰਕਾਰ ਨੇ ਐਲਾਨੀ ਨਵੀਂ ਨੀਤੀ, ਡੌਂਕਰ ਵੀ ਟੰਗੇ ਜਾਣਗੇ

ਉਨ੍ਹਾਂ ਦਾਅਵਾ ਕੀਤਾ ਕਿ ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ 56 ਡੌਂਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪ੍ਰਵਾਸੀਆਂ ਦਾ ਲਾਂਘਾ ਬਣ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੀ ਅਟਾਰਨੀ ਜਨਰਲ ਨੇ ਪਿਛਲੇ ਦਿਨੀਂ ਕੈਨੇਡਾ ਦੇ ਨਿਆਂ ਮੰਤਰੀ ਸ਼ੌਨ ਫਰੇਜ਼ਰ, ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਅਤੇ ਫੈਂਟਾਨਿਲ ਜ਼ਾਰ ਕੈਵਿਨ ਬਰੌਸੋ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ। ਭਾਵੇਂ ਕੈਨੇਡਾ ਸਰਕਾਰ ਕੌਮਾਂਤਰੀ ਸਰਹੱਦ ਰਾਹੀਂ ਮਨੁੱਖੀ ਤਸਕਰੀ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਦੇ ਭਰਪੂਰ ਉਪਰਾਲੇ ਕਰ ਚੁੱਕੀ ਹੈ ਪਰ ਟਰੰਪ ਸਰਕਾਰ ਨੇ ਪਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟ ਟਾਸਕ ਫੋਰਸ ਐਲਫਾ ਨੂੰ ਕੈਨੇਡੀਅਨ ਬਾਰਡਰ ਦੀ ਜ਼ਿੰਮੇਵਾਰ ਦੇਣ ਦਾ ਫੈਸਲਾ ਕਰ ਲਿਆ ਹੈ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦਾ ਤਾਜ਼ਾ ਕਦਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਵੱਡੀ ਮਾਰ ਕਰ ਸਕਦਾ ਹੈ।

ਟਾਸਕ ਫੋਰਸ ਕਰੇਗੀ ਉਤਰੀ ਬਾਰਡਰ ਦੀ ਨਿਗਰਾਨੀ

ਜੋਅ ਬਾਇਡਨ ਦੇ ਕਾਰਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦਾ ਸਾਲਾਨਾ ਅੰਕੜਾ 2 ਲੱਖ ਦੇ ਨੇੜੇ ਪੁੱਜਦਾ ਨਜ਼ਰ ਆਇਆ। ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਹੋ ਰਹੀ ਕਾਰਵਾਈ ਨੂੰ ਵੇਖਦਿਆਂ ਕੈਨੇਡਾ ਵਾਲੇ ਪਾਸਿਉਂ ਵੱਡੇ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਪਰ ਟਰੰਪ ਸਰਕਾਰ ਦਾ ਮੰਨਣਾ ਹੈ ਕਿ ਉਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ’ਤੇ ਮਨੁੱਖੀ ਤਸਕਰੀ ਹੋ ਰਹੀ ਹੈ। ਚੇਤੇ ਰਹੇ ਕਿ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਫੈਂਟਾਨਿਲ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਦਾ ਬਹਾਨਾ ਬਣਾਉਂਦਿਆਂ ਕੈਨੇਡਾ ਉਤੇ 35 ਫੀ ਸਦੀ ਟੈਰਿਫ਼ਸ ਲਾਗੂ ਕੀਤੀਆਂ ਗਈਆਂ।

Tags:    

Similar News