ਟਰੂਡੋ ਦਾ ਤਖ਼ਤਾ ਪਲਟਣ ਲਈ ਸਰਗਰਮ ਹੋਈ ਫਰੀਲੈਂਡ
ਜਸਟਿਨ ਟਰੂਡੋ ਨੂੰ ਕੁਰਸੀ ਤੋਂ ਲਾਹੁਣ ਵਾਸਤੇ ਕ੍ਰਿਸਟੀਆ ਫਰੀਲੈਂਡ ਨੇ ਕਮਾਨ ਸੰਭਾਲ ਲਈ ਹੈ ਅਤੇ ਲਿਬਰਲ ਐਮ.ਪੀਜ਼ ਨਾਲ ਲਗਾਤਾਰ ਤਾਲਮੇਲ ਕਾਇਮ ਕਰਨ ਦੇ ਅੰਦਰਖਾਤੇ ਯਤਨ ਕੀਤੇ ਜਾ ਰਹੇ ਹਨ।;
ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੁਰਸੀ ਤੋਂ ਲਾਹੁਣ ਵਾਸਤੇ ਕ੍ਰਿਸਟੀਆ ਫਰੀਲੈਂਡ ਨੇ ਕਮਾਨ ਸੰਭਾਲ ਲਈ ਹੈ ਅਤੇ ਲਿਬਰਲ ਐਮ.ਪੀਜ਼ ਨਾਲ ਲਗਾਤਾਰ ਤਾਲਮੇਲ ਕਾਇਮ ਕਰਨ ਦੇ ਅੰਦਰਖਾਤੇ ਯਤਨ ਕੀਤੇ ਜਾ ਰਹੇ ਹਨ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਕਈ ਐਮ.ਪੀਜ਼ ਨੇ ਪਛਾਣ ਜਨਤਕ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਵੱਲੋਂ ਬੀਤੇ ਕੁਝ ਦਿਨਾਂ ਦੌਰਾਨ ਉਨ੍ਹਾਂ ਨਾਲ ਸੰਪਰਕ ਕਾਇਮ ਕੀਤਾ ਗਿਆ। ਦੂਜੇ ਪਾਸੇ ਟਰੂਡੋ ਦੇ ਵਫ਼ਾਦਾਰਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ।
ਲਿਬਰਲ ਐਮ.ਪੀਜ਼ ਨਾਲ ਲਗਾਤਾਰ ਕੀਤਾ ਜਾ ਰਿਹਾ ਸੰਪਰਕ
ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਰਹਿ ਚੁੱਕੇ ਮਾਰਕੋ ਮੈਂਡੀਚੀਨੋ ਵੱਲੋਂ ਮੁੜ ਚੋਣ ਲੜਨ ਤੋਂ ਨਾਂਹ ਕਰ ਦਿਤੀ ਗਈ ਹੈ। ਟੋਰਾਂਟੋ ਦੀ ਐਗÇਲੰਟਨ-ਲਾਰੈਂਸ ਰਾਈਡਿੰਗ ਤੋਂ ਲਿਬਰਲ ਐਮ.ਪੀ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਮੇਰੇ ਅਤੇ ਮੇਰੇ ਪਰਵਾਰ ਵਾਸਤੇ ਸਿਆਸਤ ਤੋਂ ਲਾਂਭੇ ਹੋਣ ਦਾ ਸਹੀ ਸਮਾਂ ਆ ਗਿਆ ਹੈ।’’ ਮਾਰਕੋ ਮੈਂਡੀਚੀਨੋ ਨੇ 2015 ਵਿਚ ਲਿਬਰਲ ਉਮੀਦਵਾਰੀ ਹਾਸਲ ਕਰਨ ਦੀ ਪ੍ਰਕਿਰਿਆ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਐਮ.ਪੀ. ਈਵ ਐਡਮਜ਼ ਨੂੰ ਹਰਾਇਆ ਜੋ ਲਿਬਰਲ ਪਾਰਟੀ ਵੱਲੋਂ ਪਾਰਲੀਮਾਨੀ ਚੋਣ ਲੜਨਾ ਚਾਹੁੰਦੇ ਸਨ। ਇਸ ਮਗਰੋਂ ਪਾਰਲੀਮਾਨੀ ਚੋਣਾਂ ਵਿਚ ਕੈਨੇਡਾ ਦੇ ਵਿੱਤ ਮੰਤਰੀ ਜੋਅ ਓਲੀਵਰ ਨੂੰ ਹਰਾਇਆ। ਮੈਂਡੀਚੀਨੇ ਵੱਲੋਂ ਲਿਬਰਲ ਐਮ.ਪੀਜ਼ ਅਤੇ ਸਾਬਕਾ ਕੈਬਨਿਟ ਸਾਥੀਆਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਪਰ ਟਰੂਡੋ ਦਾ ਨਾਂ ਕਿਤੇ ਨਹੀਂ ਲਿਆ। ਚੋਣ ਲੜਨ ਤੋਂ ਨਾਂਹ ਕਰ ਚੁੱਕੇ ਲਿਬਰਲ ਐਮ.ਪੀਜ਼ ਦੀ ਗਿਣਤੀ 30 ਹੋ ਚੁੱਕੀ ਹੈ ਜਿਨ੍ਹਾਂ ਵਿਚ ਸਾਬਕਾ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਅਤੇ ਪਾਬਲੋ ਰੌਡਰਿਗਜ਼ ਵੀ ਸ਼ਾਮਲ ਹਨ। ਉਧਰ ਕ੍ਰਿਸਟੀਆ ਫਰੀਲੈਂਡ ਲਿਬਰਲ ਪਾਰਟੀ ਵਿਚ ਨਵੀਂ ਰੂਹ ਫੂਕਣ ਦੇ ਇਰਾਦੇ ਨਾਲ ਮੁਹਿੰਮ ਚਲਾ ਰਹੇ ਹਨ ਅਤੇ ਇਸ ਕੰਮ ਵਿਚ ਤਕਰੀਬਨ 100 ਲਿਬਰਲ ਐਮ.ਪੀਜ਼ ਦਾ ਸਾਥ ਉਨ੍ਹਾਂ ਨੂੰ ਮਿਲ ਸਕਦਾ ਹੈ। ਸਭ ਤੋਂ ਪਹਿਲਾ ਟੀਚਾ ਜਸਟਿਨ ਟਰੂਡੋ ਉਤੇ ਅਸਤੀਫ਼ੇ ਲਈ ਦਬਾਅ ਪਾਉਣਾ ਹੋਵੇਗਾ ਕਿਉਂਕਿ ਜ਼ਬਰਦਸਤੀ ਉਨ੍ਹਾਂ ਨੂੰ ਹਟਾਉਣਾ ਸੰਭਵ ਨਹੀਂ। ਕ੍ਰਿਸਟੀਆ ਫਰੀਲੈਂਡ ਵੱਲੋਂ ਮੰਤਰੀ ਅਹੁਦੇ ਤੋਂ ਅਸਤੀਫ਼ੇ ਮਗਰੋਂ ਹਾਲਾਤ ਤੇਜ਼ੀ ਨਾਲ ਬਦਲੇ ਅਤੇ ਜ਼ਿਆਦਾਤਰ ਲਿਬਰਲ ਐਮ.ਪੀਜ਼ ਦਾ ਮੰਨਣਾ ਹੈ ਕਿ ਪਾਰਟੀ ਆਗੂ ਦੇ ਅਹੁਦੇ ਲਈ ਫਰੀਲੈਂਡ ਸਰਬਪ੍ਰਵਾਨਤ ਚਿਹਰਾ ਹੋ ਸਕਦੇ ਹਨ। ਇਸ ਤੋਂ ਪਹਿਲਾਂ ਉਨਟਾਰੀਓ ਦੇ 50 ਤੋਂ ਵੱਧ ਐਮ.ਪੀਜ਼ ਟਰੂਡੋ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋਣ ਦਾ ਸੱਦਾ ਦੇ ਚੁੱਕੇ ਹਨ। ਲਿਬਰਲ ਕੌਕਸ ਦੇ ਜ਼ਿਆਦਾਤਰ ਮੈਂਬਰ ਨਵੇਂ ਆਗੂ ਦੀ ਅਗਵਾਈ ਹੇਠ ਚੋਣਾਂ ਲੜਨ ਦੇ ਇੱਛਕ ਨਜ਼ਰ ਆ ਰਹੇ ਹਨ।
ਪ੍ਰਧਾਨ ਮੰਤਰੀ ਦੇ ਇਕ ਹੋਰ ਵਫ਼ਾਦਾਰ ਵੱਲੋਂ ਚੋਣ ਲੜਨ ਤੋਂ ਨਾਂਹ
ਕਿਊਬੈਕ ਤੋਂ ਲਿਬਰਲ ਐਮ.ਪੀ. ਐਂਥਨੀ ਹਾਊਸਫਾਦਰ ਦਾ ਮੰਨਣਾ ਹੈ ਕਿ ਵੱਡੀ ਗਿਣਤੀ ਵਿਚ ਕੈਨੇਡੀਅਨਜ਼ ਲਿਬਰਲ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹਨ ਪਰ ਮੌਜੂਦਾ ਆਗੂ ਨੂੰ ਨਾਪਸੰਦ ਕਰ ਚੁੱਕੇ ਹਨ। ਮੁਲਕ ਨੂੰ ਅਜਿਹੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਜੋ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਦਿਤੀ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਦਾ ਡਟ ਕੇ ਟਾਕਰਾ ਕਰ ਸਕੇ। ਇਥੇ ਦਸਣਾ ਬਣਦਾ ਹੈ ਕਿ ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟ ਦੀ ਜ਼ਿਮਨੀ ਚੋਣ ਵਿਚ ਹਾਰ ਮਗਰੋਂ ਟਰੂਡੋ ਦੇ ਅਸਤੀਫ਼ੇ ਦੀ ਮੰਗ ਉਠੀ ਜੋ ਮੌਂਟਰੀਅਲ ਇਲਾਕੇ ਵਿਚ ਹੋਈ ਦੂਜੀ ਜ਼ਿਮਨੀ ਚੋਣ ਵਿਚ ਹਾਰ ਮਗਰੋਂ ਜ਼ੋਰ ਫੜਨ ਲੱਗੀ। ਇਸੇ ਦੌਰਾਨ ਟਰੰਪ ਨੇ ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਦੇ ਦਿਤੀ ਅਤੇ ਬੀ.ਸੀ. ਵਿਚ ਕਲੋਵਰਡੇਲ-ਲੈਂਗਲੀ ਸਿਟੀ ਪਾਰਲੀਮਾਨੀ ਹਲਕੇ ਵਿਚ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਗਈ।