ਲਿਬਰਲ ਪਾਰਟੀ ਦੇ ਕਈ ਐਮ.ਪੀਜ਼ ਦੀਆਂ ਅੱਖਾਂ ’ਚ ਰੜਕਣ ਲੱਗੀ ਕ੍ਰਿਸਟੀਆ ਫਰੀਲੈਂਡ

ਪ੍ਰਧਾਨ ਮੰਤਰੀ ਦਫ਼ਤਰ ਨਾਲ ਅਣਬਣ ਦੀਆਂ ਕਨਸੋਆਂ ਮਗਰੋਂ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਲਿਬਰਲ ਪਾਰਟੀ ਦੇ ਹੀ ਕਈ ਐਮ.ਪੀਜ਼ ਦੀਆਂ ਅੱਖਾਂ ਵਿਚ ਰੜਕਣ ਲੱਗੀ ਹੈ ਅਤੇ ਉਹ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਹਾਊਸ ਆਫ ਕਾਮਨਜ਼ ਦੇ ਇਜਲਾਸ ਤੋਂ ਪਹਿਲਾਂ ਟਰੂਡੋ ਕੈਬਨਿਟ ਵਿਚ ਵੱਡੀ ਰੱਦੋ-ਬਦਲ ਚਾਹੁੰਦੇ ਹਨ।

Update: 2024-07-26 11:38 GMT

ਔਟਵਾ : ਪ੍ਰਧਾਨ ਮੰਤਰੀ ਦਫ਼ਤਰ ਨਾਲ ਅਣਬਣ ਦੀਆਂ ਕਨਸੋਆਂ ਮਗਰੋਂ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਲਿਬਰਲ ਪਾਰਟੀ ਦੇ ਹੀ ਕਈ ਐਮ.ਪੀਜ਼ ਦੀਆਂ ਅੱਖਾਂ ਵਿਚ ਰੜਕਣ ਲੱਗੀ ਹੈ ਅਤੇ ਉਹ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਹਾਊਸ ਆਫ ਕਾਮਨਜ਼ ਦੇ ਇਜਲਾਸ ਤੋਂ ਪਹਿਲਾਂ ਟਰੂਡੋ ਕੈਬਨਿਟ ਵਿਚ ਵੱਡੀ ਰੱਦੋ-ਬਦਲ ਚਾਹੁੰਦੇ ਹਨ। ਸੂਤਰਾਂ ਮੁਤਾਬਕ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਮਜ਼ਬੂਤ ਰਣਨੀਤੀ ਘੜਨ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਸਭ ਤੋਂ ਵੱਡਾ ਸਵਾਲ ਇਹ ਵੀ ਉਠਦਾ ਹੈ ਕਿ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਵਿੱਤ ਮੰਤਰੀ ਬਦਲਣਾ ਚਾਹੁੰਦੇ ਹਨ ਜਾਂ ਨਹੀਂ।

ਟਰੂਡੋ ਮੰਤਰੀ ਮੰਡਲ ਵਿਚ ਵੱਡੀ ਰੱਦੋ-ਬਦਲ ਕਰਨ ਦੀ ਉਠੀ ਮੰਗ

ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਵਿੱਤ ਮੰਤਰਾਲਾ ਸੌਂਪਣ ਦੇ ਚਰਚੇ ਸੁਣੇ ਜਾ ਸਕਦੇ ਹਨ ਪਰ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕ੍ਰਿਸਟੀਆ ਫਰੀਲੈਂਡ ਦਾ ਵਿਭਾਗ ਬਦਲਿਆ ਜਾ ਸਕਦਾ ਹੈ ਅਤੇ ਮੰਤਰੀ ਮੰਡਲ ਵਿਚੋਂ ਬਾਹਰ ਨਹੀਂ ਕੀਤਾ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸਾਹਮਣੇ ਆਈ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਲਿਬਰਲ ਸਰਕਾਰ ਦੇ ਸੀਨੀਅਰ ਸਲਾਹਕਾਰ ਬਤੌਰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ। ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਟੋਰਾਂਟੋ-ਸੇਂਟ ਪੌਲ ਸੀਟ ’ਤੇ ਹੋਏ ਮਾੜੇ ਹਸ਼ਰ ਨੇ ਜਸਟਿਨ ਟਰੂਡੋ ਦੀਆਂ ਕੁਰਸੀ ਵੀ ਹਿਲਾ ਕੇ ਰੱਖ ਦਿਤੀ।

ਚੋਣਾਂ ਲਈ ਮਜ਼ਬੂਤ ਰਣਨੀਤੀ ਤਿਆਰ ਕਰਨ ’ਤੇ ਦਿਤਾ ਜਾ ਰਿਹਾ ਜ਼ੋਰ

ਲਿਬਰਲ ਪਾਰਟੀ ਦੇ ਕੁਝ ਸਾਬਕਾ ਅਤੇ ਮੌਜੂਦਾ ਐਮ.ਪੀਜ਼ ਨੇ ਟਰੂਡੋ ਦਾ ਅਸਤੀਫਾ ਵੀ ਮੰਗਿਆ ਪਰ ਜ਼ਿਆਦਾਤਰ ਮੰਤਰੀ ਅਤੇ ਐਮ.ਪੀ. ਉਨ੍ਹਾਂ ਦੇ ਹੱਕ ਵਿਚ ਰਹੇ। ਕ੍ਰਿਸਟੀਆ ਫਰੀਲੈਂਡ ਵੱਲੋਂ ਅਪ੍ਰੈਲ ਵਿਚ ਪੇਸ਼ ਬਜਟ ਰਾਹੀਂ ਨੌਜਵਾਨ ਕੈਨੇਡੀਅਨਜ਼ ਵਾਸਤੇ ਅਰਬਾਂ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਤਾਂਕਿ ਸਰਕਾਰ ਦੇ ਅਕਸ ਵਿਚ ਕੁਝ ਸੁਧਾਰ ਹੋ ਸਕੇ। ਪਿਛਲੇ ਸਮੇਂ ਦੌਰਾਨ ਆਏ ਕੁਝ ਸਰਵੇਖਣਾਂ ਵਿਚ ਇਸ ਗੱਲ ਦਾ ਸਾਫ ਤੌਰ ’ਤੇ ਜ਼ਿਕਰ ਹੋਇਆ ਮੁਲਕ ਦੇ ਨੌਜਵਾਨਾਂ ਦਾ ਲਿਬਰਲ ਪਾਰਟੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। 

Tags:    

Similar News