ਸਕਾਰਬ੍ਰੋਅ ਵਿਖੇ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਤ

ਸਕਾਰਬ੍ਰੋਅ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਤ ਹੋ ਗਈ।

Update: 2025-05-16 12:14 GMT

ਟੋਰਾਂਟੋ : ਸਕਾਰਬ੍ਰੋਅ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਦੇ ਡਿਊਟੀ ਇੰਸਪੈਕਟਰ ਬਰਾਇਨ ਮੈਸਲੌਸਕੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਤਕਰੀਬਨ ਸਵਾ ਛੇ ਵਜੇ ਕਿੰਗਸਟਨ ਰੋਡ ਅਤੇ ਮੈਨਸ ਰੋਡ ਇਲਾਕੇ ਵਿਚ ਇਕ ਤੇਜ਼ਫ਼ਾਰ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ। ਮੌਕੇ ’ਤੇ ਪੁੱਜੇ ਐਮਰਜੰਸੀ ਕਾਮਿਆਂ ਨੂੰ ਪਿਉ-ਪੁੱਤ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ 47 ਸਾਲ ਦੇ ਪਿਤਾ ਨੂੰ ਮੌਕੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ 11 ਸਾਲ ਦੇ ਬੇਟੇ ਨੂੰ ਟਰੌਮਾ ਸੈਂਟਰ ਭਰਤੀ ਕਰਵਾਇਆ ਗਿਆ। ਜ਼ਖਮਾਂ ਦੀ ਤਾਬ ਨਾ ਝਲਦਿਆਂ ਬੇਟੇ ਨੇ ਵੀ ਹਸਪਤਾਲ ਵਿਚ ਦਮ ਤੋੜ ਦਿਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਮੈਸਲੌਸਕੀ ਨੇ ਕਿਹਾ ਕਿ ਇਕ ਪਰਵਾਰ ਦੇ ਦੋ ਜੀਅ ਇਸ ਦੁਨੀਆਂ ਤੋਂ ਚਲੇ ਗਏ ਅਤੇ ਇਹ ਘਾਟਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।

ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ

ਦੂਜੇ ਪਾਸੇ ਸਿਲਵਰ ਕਲਰ ਨਿਸਨ ਚਲਾ ਰਿਹਾ 68 ਸਾਲ ਦਾ ਡਰਾਈਵਰ ਮੌਕੇ ’ਤੇ ਮੌਜੂਦ ਰਿਹਾ ਅਤੇ ਪੜਤਾਲ ਵਿਚ ਪੁਲਿਸ ਨਾਲ ਸਹਿਯੋਗ ਕੀਤਾ। ਪੁਲਿਸ ਮੁਤਾਬਕ ਗੱਡੀ ਮੈਨਸ ਰੋਡ ’ਤੇ ਉਤਰ ਵੱਲ ਜਾ ਰਹੀ ਸੀ ਜਦੋਂ ਡਰਾਈਵਰ ਨੇ ਖੱਬੇ ਪਾਸੇ ਕਿੰਗਸਟਨ ਰੋਡ ਵੱਲ ਮੁੜਨ ਦਾ ਯਤਨ ਕੀਤਾ ਤਾਂ ਮੋਟਰਸਾਈਕਲ ਨਾਲ ਟੱਕਰ ਹੋ ਗਈ। ਹਾਦਸਾ ਇੰਟਰਸੈਕਸ਼ਨ ਦੇ ਐਨ ਵਿਚਕਾਰ ਹੋਇਆ ਅਤੇ ਮੋਟਰਸਾਈਕਲ ਸਵਾਰ ਪਿਉ-ਪੁੱਤ ਬੁੜਕ ਕੇ ਦੂਰ ਜਾ ਡਿੱਗੇ। ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇੰਟਰਸੈਕਸ਼ਨ ਨੂੰ ਕਈ ਘੰਟੇ ਬੰਦ ਰੱਖਿਆ ਗਿਆ। ਫਿਲਹਾਲ ਡਰਾਈਵਰ ਵਿਰੁੱਧ ਕੋਈ ਦੋਸ਼ ਆਇਦ ਕੀਤੇ ਜਾਣ ਦੀ ਰਿਪੋਰਟ ਨਹੀਂ ਹੈ। ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਟ੍ਰੈਫਿਕ ਸਰਵਿਸ ਯੂਨਿਟ ਨਾਲ ਸੰਪਰਕ ਕੀਤਾ ਜਾਵੇ।

Tags:    

Similar News