ਕੈਨੇਡਾ ’ਚ ਕਤਲ ਪੰਜਾਬੀ ਨੌਜਵਾਨਾਂ ਦੇ ਪਰਵਾਰਾਂ ਨੇ ਉਠਾਏ ਸਵਾਲ

ਕੈਨੇਡਾ ਵਿਚ 2 ਪੰਜਾਬੀ ਨੌਜਵਾਨਾਂ ਦੇ ਕਤਲ ਦੀ ਗੁੱਥੀ ਫ਼ਿਲਹਾਲ ਸੁਲਝਾਈ ਨਹੀਂ ਜਾ ਸਕੀ ਜਿਨ੍ਹਾਂ ਨੂੰ ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ਵਿਚ ਜਾਣ ਵੇਲੇ ਗੋਲੀਆਂ ਮਾਰ ਕੇ ਹਲਾਕ ਕੀਤਾ ਗਿਆ

Update: 2025-12-15 13:46 GMT

ਮਾਨਸਾ : ਕੈਨੇਡਾ ਵਿਚ 2 ਪੰਜਾਬੀ ਨੌਜਵਾਨਾਂ ਦੇ ਕਤਲ ਦੀ ਗੁੱਥੀ ਫ਼ਿਲਹਾਲ ਸੁਲਝਾਈ ਨਹੀਂ ਜਾ ਸਕੀ ਜਿਨ੍ਹਾਂ ਨੂੰ ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ਵਿਚ ਜਾਣ ਵੇਲੇ ਗੋਲੀਆਂ ਮਾਰ ਕੇ ਹਲਾਕ ਕੀਤਾ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਉਡਤ ਸੈਦੇਵਾਲਾ ਨਾਲ ਸਬੰਧਤ ਰਣਵੀਰ ਸਿੰਘ ਦੇ ਪਰਵਾਰ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਬਰੈਂਪਟਨ ਗਿਆ ਅਤੇ ਇਸੇ ਦੌਰਾਨ ਅਮਰੀਕਾ ਜਾਣ ਦਾ ਮਨ ਬਣਾ ਲਿਆ। ਅਮਰੀਕਾ ਦੇ ਵੀਜ਼ੇ ਨਾਲ ਸਬੰਧਤ ਜਾਣਕਾਰੀ ਲਈ ਉਹ ਕੈਲਗਰੀ ਰਹਿੰਦੇ ਆਪਣੇ ਭਰਾ ਕੋਲ ਪੁੱਜਾ ਜਿਥੇ ਦੋਸਤਾਂ ਨੇ ਉਸ ਨੂੰ ਜਨਮ ਦਿਨ ਦੀ ਪਾਰਟੀ ਲਈ ਐਡਮਿੰਟਨ ਸੱਦ ਲਿਆ। ਪਰਵਾਰ ਮੁਤਾਬਕ ਹਮਲਾਵਰ ਪਹਿਲਾਂ ਹੀ ਜਾਲ ਵਿਛਾ ਕੇ ਬੈਠੇ ਸਨ ਅਤੇ ਰਣਵੀਰ ਦੇ ਡਰਾਈਵਰ ਸੀਟ ’ਤੇ ਬੈਠਦਿਆਂ ਹੀ ਗੋਲੀ ਮਾਰੀ ਦਿਤੀ ਜੋ ਉਸ ਗਲੇ ਵਿਚ ਵੱਜੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ।

ਪਿੰਡ ਬਰ੍ਹੇ ਅਤੇ ਉਡਤ ਸੈਦੇਵਾਲਾ ਨਾਲ ਸਬੰਧਤ ਸਨ ਗੁਰਦੀਪ ਅਤੇ ਰਣਵੀਰ

ਦੁੱਖ ਦੇ ਸਮੁੰਦਰ ਵਿਚ ਡੁੱਬੇ ਪਰਵਾਰ ਨੇ ਕਿਹਾ ਕਿ ਉਨ੍ਹਾਂ ਦਾ ਬੱਚਾ ਬੇਹੱਦ ਸ਼ਰੀਫ਼ ਸੀ ਅਤੇ ਬਿਹਤਰ ਜ਼ਿੰਦਗੀ ਦੇ ਸੁਪਨੇ ਲੈ ਕੇ ਕੈਨੇਡਾ ਪੁੱਜਾ ਪਰ ਹੁਣ ਪਰਵਾਰ ਨੂੰ ਰੋਂਦਾ-ਕੁਰਲਾਉਂਦਾ ਛੱਡ ਗਿਆ ਹੈ। ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦੇ ਹੀ ਪਿੰਡ ਬਰ੍ਹੇ ਨਾਲ ਸਬੰਧਤ 27 ਸਾਲਾ ਗੁਰਦੀਪ ਸਿੰਘ ਦਾ ਪਰਵਾਰ ਵੀ ਆਪਣੇ ਸਵਾਲਾਂ ਦੇ ਜਵਾਬ ਚਾਹੁੰਦਾ ਹੈ। ਐਡਮਿੰਟਨ ਦੇ 32 ਐਵੇਨਿਊ ਅਤੇ 26 ਸਟ੍ਰੀਟ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਰਹਿੰਦੇ ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿਤੀ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਸ਼ੱਕੀਆਂ ਦੀ ਪਛਾਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ। ਪੁਲਿਸ ਵੱਲੋਂ ਗੁਰਦੀਪ ਸਿੰਘ ਅਤੇ ਰਣਵੀਰ ਸਿੰਘ ਦੀਆਂ ਸਰਗਰਮੀਆਂ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਗੁਰਦੀਪ ਸਿੰਘ ਦਾ ਚਾਚਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੱਛੇ ਪਤਨੀ ਅਤੇ ਮਾਪੇ ਛੱਡ ਗਿਆ ਹੈ। ਪੀੜਤ ਪਰਵਾਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੋਹਾਂ ਨੌਜਵਾਨਾਂ ਦੀਆਂ ਦੇਹਾਂ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ।

Similar News