‘ਜਸਟਿਨ ਟਰੂਡੋ ਦੇ ਸਲਾਹਕਾਰਾਂ ਅਤੇ ਕ੍ਰਿਸਟੀਆ ਫਰੀਲੈਂਡ ਵਿਚਾਲੇ ਖੜਕਾ-ਦੜਕਾ’

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਲਾਹਕਾਰਾਂ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਰਮਿਆਨ ਖੜਕਾ-ਦੜਕਾ ਹੋਣ ਦੀ ਰਿਪੋਰਟ ਸਾਹਮਣੇ ਆਉਣ ਮਗਰੋਂ ਟਰੂਡੋ ਨੇ ਸਫਾਈ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕ੍ਰਿਸਟੀਆ ਫਰੀਲੈਂਡ ’ਤੇ ਪੂਰਾ ਯਕੀਨ ਹੈ

Update: 2024-07-12 11:51 GMT

ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਲਾਹਕਾਰਾਂ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਰਮਿਆਨ ਖੜਕਾ-ਦੜਕਾ ਹੋਣ ਦੀ ਰਿਪੋਰਟ ਸਾਹਮਣੇ ਆਉਣ ਮਗਰੋਂ ਟਰੂਡੋ ਨੇ ਸਫਾਈ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕ੍ਰਿਸਟੀਆ ਫਰੀਲੈਂਡ ’ਤੇ ਪੂਰਾ ਯਕੀਨ ਹੈ ਅਤੇ ਵਿੱਤ ਮੰਤਰੀ ਦਾ ਅਹੁਦਾ ਉਨ੍ਹਾਂ ਕੋਲ ਹੀ ਰਹੇਗਾ। ‘ਦਾ ਗਲੋਬ ਐਂਡ ਮੇਲ’ ਦੀ ਇਕ ਰਿਪੋਰਟ ਵਿਚ ਕ੍ਰਿਸਟੀਆ ਫਰੀਲੈਂਡ ਦੀ ਥਾਂ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਵਿੱਤ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਪ੍ਰਗਟਾਈ ਗਈ। ਰਿਪੋਰਟ ਕਹਿੰਦੀ ਹੈ ਕਿ ਲਿਬਰਲ ਸਰਕਾਰ ਦੇ ਸੀਨੀਅਰ ਸਲਾਹਕਾਰ ਬਤੌਰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ। ਇਸੇ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੀਡੀਆ ਰਿਪੋਰਟ ਵਿਚਲੇ ਦਾਅਵੇ ਅਸਲੀਅਤ ਤੋਂ ਕੋਹਾਂ ਦੂਰ ਹਨ।

ਵਿੱਤ ਮੰਤਰੀ ਦੇ ਕੰਮਕਾਜ ਤੋਂ ਖੁਸ਼ ਨਹੀਂ ਲਿਬਰਲ ਸਰਕਾਰ ਦੇ ਸਲਾਹਕਾਰ : ਰਿਪੋਰਟ

ਦੂਜੇ ਪਾਸੇ ਨੌਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ ਦੇ ਸੰਮੇਲਨ ਵਿਚ ਸ਼ਾਮਲ ਹੋਣ ਵਾਸ਼ਿੰਗਟਨ ਪੁੱਜੇ ਜਸਟਿਨ ਟਰੂਡੋ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੀ ਕ੍ਰਿਸਟੀਆ ਫਰੀਲੈਂਡ ਨੂੰ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਫਾਰਗ ਕੀਤਾ ਜਾ ਸਕਦਾ ਹੈ? ਇਸ ਦੇ ਜਵਾਬ ਵਿਚ ਟਰੂਡੋ ਨੇ ਕਿਹਾ, ‘‘ਜਿਥੋਂ ਤੱਕ ਕ੍ਰਿਸਟੀਆ ਫਰੀਲੈਂਡ ਦਾ ਸਵਾਲ, ਉਹ ਮੇਰੀ ਨਜ਼ਦੀਕੀ ਦੋਸਤ ਹੈ ਅਤੇ ਕੰਮਕਾਜੀ ਸਾਥੀ ਵੀ ਜੋ ਕੈਨੇਡਾ ਲਈ ਬਹੁਤ ਕੁਝ ਕਰ ਰਹੀ ਹੈ ਅਤੇ ਅੱਗੇ ਵੀ ਕਰਨਾ ਜਾਰੀ ਰੱਖੇਗੀ।’’ ਉਨ੍ਹਾਂ ਅੱਗੇ ਕਿਹਾ, ‘‘ਮੈਨੂੰ ਕ੍ਰਿਸਟੀਆ ਫਰੀਲੈਂਡ ਦੀ ਯੋਗਤਾ ’ਤੇ ਪੂਰਾ ਯਕੀਨ ਹੈ ਅਤੇ ਅਸੀਂ ਅੱਗੇ ਵੀ ਇਕੱਠੇ ਕੰਮ ਕਰਦੇ ਰਹਾਂਗੇ।’’ ਜਸਟਿਨ ਟਰੂਡੋ ਨੇ ਮੰਨਿਆ ਕਿ ਉਹ ਬੀਤੇ ਕਈ ਵਰਿ੍ਹਆਂ ਤੋਂ ਮਾਰਕ ਕਾਰਨੀ ਨੂੰ ਸਿਆਸਤ ਵਿਚ ਆਉਣ ਵਾਸਤੇ ਕਹਿ ਰਹੇ ਹਨ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਕਿ ਕੀ ਮਾਰਕ ਕਾਰਨੀ ਨੂੰ ਵਿੱਤੀ ਮੰਤਰੀ ਦਾ ਅਹੁਦਾ ਦਿਤਾ ਜਾ ਸਕਦਾ ਹੈ ਤਾਂ ਟਰੂਡੋ ਨੇ ਕੋਈ ਸਿੱਧੀ ਟਿੱਪਣੀ ਨਾ ਕਰਦਿਆਂ ਕਿਹਾ, ‘‘ਮੈਂ ਸਮਝਦਾ ਹਾਂ ਕਿ ਮਾਰਕ ਕਾਰਨੀ ਦੀ ਸ਼ਮੂਲੀਅਤ ਲਾਮਿਸਾਲ ਨਤੀਜੇ ਦੇ ਸਕਦੀ ਹੈ ਜਦੋਂ ਕੈਨੇਡਾ ਵਾਸੀਆਂ ਨੂੰ ਸਿਆਸਤ ਵਿਚ ਚੰਗੇ ਲੋਕਾਂ ਦੀ ਜ਼ਰੂਰਤ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ, ਕ੍ਰਿਸਟੀਆ ਫਰੀਲੈਂਡ ਦੀ ਯੋਗਤਾ ’ਤੇ ਪੂਰਾ ਯਕੀਨ

ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਲਿਬਰਲ ਪਾਰਟੀ ਦੀ ਹਾਰ ਮਗਰੋਂ ਕੈਨੇਡੀਅਨ ਸਿਆਸਤ ਬੇਹੱਦ ਭਖ ਗਈ। ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਸੀਟ ’ਤੇ ਹੋਏ ਮਾੜੇ ਹਸ਼ਰ ਨੇ ਜਸਟਿਨ ਟਰੂਡੋ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਦਿਤਾ। ਲਿਬਰਲ ਪਾਰਟੀ ਦੇ ਕੁਝ ਮੌਜੂਦਾ ਅਤੇ ਸਾਬਕਾ ਐਮ.ਪੀ. ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਨ ਲੱਗੇ ਜਦਕਿ ਕ੍ਰਿਸਟੀਆ ਫਰੀਲੈਂਡ ਸਣੇ ਹਰ ਮੰਤਰੀ ਨੇ ਟਰੂਡੋ ਦੀ ਲੀਡਰਸ਼ਿਪ ਵਿਚ ਭਰੋਸਾ ਜ਼ਾਹਰ ਕੀਤਾ। ਇਸੇ ਦੌਰਾਨ ‘ਟੋਰਾਂਟ ਸਟਾਰ’ ਦੀ ਇਕ ਰਿਪੋਰਟ ਵਿਚ ਮਾਰਕ ਕਾਰਨੀ ਨੂੰ ਕ੍ਰਿਸਟੀਆ ਫਰੀਲੈਂਡ ਦਾ ਸੰਭਾਵਤ ਉਤਰਾਧਿਕਾਰੀ ਦੱਸਿਆ ਗਿਆ। ਕ੍ਰਿਸਟੀਆ ਫਰੀਲੈਂਡ ਵੱਲੋਂ ਅਪ੍ਰੈਲ ਵਿਚ ਪੇਸ਼ ਬਜਟ ਰਾਹੀਂ ਨੌਜਵਾਨ ਕੈਨੇਡੀਅਨਜ਼ ਵਾਸਤੇ ਅਰਬਾਂ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਤਾਂਕਿ ਸਰਕਾਰ ਦੇ ਅਕਸ ਵਿਚ ਕੁਝ ਸੁਧਾਰ ਹੋ ਸਕੇ। ਪਿਛਲੇ ਸਮੇਂ ਦੌਰਾਨ ਆਏ ਕੁਝ ਸਰਵੇਖਣਾਂ ਵਿਚ ਇਸ ਗੱਲ ਦਾ ਸਾਫ ਤੌਰ ’ਤੇ ਜ਼ਿਕਰ ਹੋਇਆ ਮੁਲਕ ਦੇ ਨੌਜਵਾਨਾਂ ਦਾ ਲਿਬਰਲ ਪਾਰਟੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ।

Tags:    

Similar News