ਕੈਨੇਡਾ ਦਾ ਸਟੱਡੀ ਵੀਜ਼ਾ ਬਣ ਰਿਹਾ ਅਮਰੀਕਾ ਵਿਚ ਨਾਜਾਇਜ਼ ਪ੍ਰਵਾਸ ਦਾ ਵੱਡਾ ਕਾਰਨ
ਅਮਰੀਕਾ ਦਾ ਸਿੱਧਾ ਵੀਜ਼ਾ ਮਿਲਦਾ ਨਹੀਂ ਅਤੇ ਮੈਕਸੀਕੋ ਦੇ ਰਸਤੇ ਜਾਣ ਵਾਲਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਨੂੰ ਵੇਖਦਿਆਂ ਟਰੈਵਲ ਏਜੰਟਾਂ ਵੱਲੋਂ ਕੈਨੇਡਾ ਦੇ ਸਟੱਡੀ ਵੀਜ਼ਾ ਨੂੰ ਹਥਿਆਰ ਬਣਾ ਕੇ ਵੱਡੇ ਪੱਧਰ ’ਤੇ ਮਨੁੱਖੀ ਤਸਕਰੀ ਕੀਤੀ ਗਈ।
ਨਵੀਂ ਦਿੱਲੀ/ਟੋਰਾਂਟੋ : ਅਮਰੀਕਾ ਦਾ ਸਿੱਧਾ ਵੀਜ਼ਾ ਮਿਲਦਾ ਨਹੀਂ ਅਤੇ ਮੈਕਸੀਕੋ ਦੇ ਰਸਤੇ ਜਾਣ ਵਾਲਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਨੂੰ ਵੇਖਦਿਆਂ ਟਰੈਵਲ ਏਜੰਟਾਂ ਵੱਲੋਂ ਕੈਨੇਡਾ ਦੇ ਸਟੱਡੀ ਵੀਜ਼ਾ ਨੂੰ ਹਥਿਆਰ ਬਣਾ ਕੇ ਵੱਡੇ ਪੱਧਰ ’ਤੇ ਮਨੁੱਖੀ ਤਸਕਰੀ ਕੀਤੀ ਗਈ। ਇਥੋਂ ਤੱਕ ਕਿ ਕਈ ਕੈਨੇਡੀਅਨ ਕਾਲਜਾਂ ਨੇ ਵੀ ਮਨੁੱਖੀ ਤਸਕਰਾਂ ਨਾਲ ਹੱਥ ਮਿਲਾ ਲਿਆ ਅਤੇ ਇਹ ਧੰਦਾ ਵੱਡੇ ਪੱਧਰ ’ਤੇ ਚੱਲਣ ਲੱਗਾ। ਭਾਰਤ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਕੈਨੇਡੀਅਨ ਕਾਲਜਾਂ ਦੇ ਮਨੁੱਖੀ ਤਸਕਰੀ ਵਿਚ ਸ਼ਾਮਲ ਹੋਣ ਦਾ ਸ਼ੱਕ
ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਾਇਆ ਕਿ ਕਈ ਮਾਮਲਿਆਂ ਵਿਚ ਸਟੱਡੀ ਵੀਜ਼ਾ ਮਿਲਣ ਮਗਰੋਂ ਟਿਊਸ਼ਨ ਫੀਸ ਸਬੰਧਤ ਲੋਕਾਂ ਦੇ ਖਾਤੇ ਵਿਚ ਵਾਪਸ ਕਰ ਦਿਤੀ ਗਈ ਜਿਸ ਨਾਲ ਸ਼ੱਕ ਹੋਰ ਡੂੰਘਾ ਹੋ ਜਾਂਦਾ ਹੈ। ਈ.ਡੀ. ਮੁਤਬਕ ਅਮਰੀਕਾ ਪਹੁੰਚਾਉਣ ਲਈ ਏਜੰਟਾਂ ਵੱਲੋਂ 55 ਲੱਖ ਤੋਂ 60 ਲੱਖ ਰੁਪਏ ਦਰਮਿਆਨ ਸੌਦੇਬਾਜ਼ੀ ਕੀਤੀ ਜਾਂਦੀ ਹੈ ਅਤੇ ਸਾਢੇ ਤਿੰਨ ਹਜ਼ਾਰ ਤੋਂ ਵੱਧ ਏਜੰਟ ਇਸ ਧੰਦੇ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ ਜਿਨ੍ਹਾਂ ਵਿਚੋਂ ਤਕਰੀਬਨ 800 ਸਰਗਰਮੀ ਨਾਲ ਕੰਮ ਕਰ ਰਹੇ ਹਨ। ਦੂਜੇ ਪਾਸੇ 262 ਕੈਨੇਡੀਅਨ ਕਾਲਜ ਵੀ ਪੜਤਾਲ ਦੇ ਘੇਰੇ ਵਿਚ ਹਨ ਜਿਨ੍ਹਾਂ ਵਿਚੋਂ ਕਈਆਂ ਦਾ ਕੈਂਪਸ ਅਮਰੀਕਾ ਦੇ ਨਾਲ ਲਗਦੇ ਇਲਾਕਿਆਂ ਵਿਚ ਹੈ। ਈ.ਡੀ. ਵੱਲੋਂ 10 ਦਸੰਬਰ ਅਤੇ 19 ਦਸੰਬਰ ਨੂੰ ਮੁੰਬਈ, ਨਾਗਪੁਰ, ਗਾਂਧੀਨਗਰ ਅਤੇ ਵਡੋਦਰਾ ਵਿਖੇ ਅੱਠ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਅਤੇ ਜਾਂਚ ਏਜੰਸੀ ਦਾ ਮੰਨਣਾ ਹੈ ਕਿ 25 ਹਜ਼ਾਰ ਵਿਦਿਆਰਥੀ ਨੂੰ ਇਕ ਧਿਰ ਵਜੋਂ ਰੈਫ਼ਰ ਕੀਤਾ ਗਿਆ ਹੈ ਜਿਸ ਦਾ ਕੈਨੇਡਾ ਦੇ 112 ਕਾਲਜਾਂ ਨਾਲ ਸਮਝੌਤਾ ਦੱਸਿਆ ਜਾ ਰਿਹਾ ਹੈ ਜਦਕਿ 10 ਹਜ਼ਾਰ ਵਿਦਿਆਰਥੀਆਂ ਨੂੰ ਦੂਜੀ ਧਿਰ ਨੇ ਰੈਫ਼ਰ ਕੀਤਾ ਜਿਸ ਦਾ 150 ਤੋਂ ਵੱਧ ਕੈਨੇਡੀਅਨ ਕਾਲਜਾਂ ਨਾਲ ਸਮਝੌਤਾ ਦੱਸਿਆ ਜਾ ਰਿਹਾ ਹੈ।
ਭਾਰਤ ਦੇ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਆਰੰਭੀ ਪੜਤਾਲ
ਐਨਫੋਰਸਮੈਂਟ ਡਾਇਰੈਕਟੋਰੇਟ ਦੀ ਤਾਜ਼ਾ ਪੜਤਾਲ ਭਾਰਤੀ ਪਰਵਾਰ ਦੇ ਚਾਰ ਜੀਆਂ ਦੀ ਮੌਤ ਨਾਲ ਸਬੰਧਤ ਦੱਸੀ ਜਾ ਰਹੀ ਹੈ ਜੋ 19 ਜਨਵਰੀ 2022 ਨੂੰ ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਮਨਫ਼ੀ 40 ਡਿਗਰੀ ਸੈਲਸੀਅਸ ਦੀ ਠੰਢ ਵਿਚ ਸਦਾ ਦੀ ਨੀਂਦ ਸੌਂ ਗਏ। ਈ.ਡੀ. ਵੱਲੋਂ ਅਹਿਮਦਾਬਾਦ ਪੁਲਿਸ ਦੀ ਐਫ.ਆਈ.ਆਰ. ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ ਜਿਸ ਵਿਚ ਭਾਵੇਸ਼ ਅਸ਼ੋਕ ਭਾਈ ਪਟੇਲ ਨੂੰ ਮੁੱਖ ਮੁਲਜ਼ਮ ਮੰਨਿਆ ਗਿਆ ਹੈ। ਇਹ ਪਰਵਾਰ ਗੁਜਰਾਤ ਦੇ ਡਿੰਗੁਚਾ ਪਿੰਡ ਨਾਲ ਸਬੰਧਤ ਸੀ ਅਤੇ ਏਜੰਟਾਂ ਦੀ ਲਾਪ੍ਰਵਾਹੀ ਕਾਰਨ ਜਗਦੀਸ਼ ਪਟੇਲ, ਵੈਸ਼ਾਲੀ, ਵਿਹਾਂਗੀ ਅਤੇ ਧਾਰਮਿਕ ਦੀ ਜਾਨ ਗਈ। ਹੁਣ ਤੱਕ ਐਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੈਂਕ ਖਾਤਿਆਂ ਵਿਚ ਜਮ੍ਹਾਂ 19 ਲੱਖ ਰੁਪਏ ਅਤੇ ਕਈ ਦਸਤਾਵੇਜ਼ ਜ਼ਬਤ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਧਰ ਅਮਰੀਕਾ ਵਿਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੂੰ ਇਸ ਮਾਮਲੇ ਵਿਚ ਸਜ਼ਾ ਸੁਣਾਈ ਜਾ ਚੁੱਕੀ ਹੈ। ਅਮਰੀਕਾ ਦੇ ਮਿਨੇਸੋਟਾ ਸੂਬੇ ਦੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਜਗਦੀਸ਼ ਪਟੇਲ ਅਤੇ ਉਸ ਦੇ ਪਰਵਾਰ ਨੂੰ ਕੈਨੇਡਾ ਦੀ ਠੰਢ ਬਾਰੇ ਸਹੀ ਜਾਣਕਾਰੀ ਨਹੀਂ ਦਿਤੀ ਗਈ। ਇਸ ਤੋਂ ਇਲਾਵਾ ਬਰਫ਼ੀਲੀ ਰਾਤ ਵਿਚ ਭਾਰਤੀ ਪਰਵਾਰ ਰਾਹ ਭਟਕ ਗਿਆ ਅਤੇ ਅਮਰੀਕਾ ਵਾਲੇ ਪਾਸੇ ਖੜ੍ਹੀ ਵੈਨ ਤੱਕ ਨਾ ਪੁੱਜ ਸਕਿਆ। ਉਸ ਦਿਨ 11 ਭਾਰਤੀਆਂ ਨੂੰ ਅਮਰੀਕਾ ਵਿਚ ਦਾਖਲ ਕਰਵਾਇਆ ਜਾਣਾ ਸੀ ਜਿਨ੍ਹਾਂ ਵਿਚੋਂ ਚਾਰ ਵੈਨ ਤੱਕ ਪਹੁੰਚ ਹੀ ਨਾ ਸਕੇ ਅਤੇ ਇਕ ਅਧਮਰੀ ਹਾਲਤ ਵਿਚ ਵੈਨ ਤੱਕ ਪੁੱਜਾ।