ਕੈਨੇਡਾ ਦੇ ਸਿਆਸਤਦਾਨ ਵੀ ਗੈਂਗਸਟਰਾਂ ਦੇ ਨਿਸ਼ਾਨੇ ’ਤੇ!

ਕੈਨੇਡਾ ਵਿਚ ਭਾਰਤੀ ਪਰਵਾਰਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਸਿਆਸਤਦਾਨ ਵੀ ਨਿਸ਼ਾਨਾ ’ਤੇ ਆ ਚੁੱਕੇ ਹਨ

Update: 2025-07-16 12:22 GMT

ਬਰੈਂਪਟਨ : ਕੈਨੇਡਾ ਵਿਚ ਭਾਰਤੀ ਪਰਵਾਰਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਸਿਆਸਤਦਾਨ ਵੀ ਨਿਸ਼ਾਨਾ ’ਤੇ ਆ ਚੁੱਕੇ ਹਨ ਅਤੇ ਧਮਕੀਆਂ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜੀ ਹਾਂ, ਲਾਰੈਂਸ ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨੇ ਜਾਣ ਦੀ ਮੰਗ ਕਰਨ ਵਾਲੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੀ ਜਾਨ ਵੀ ਖਤਰੇ ਵਿਚ ਨਜ਼ਰ ਆ ਰਹੀ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਜਾਣ ਦੀ ਰਿਪੋਰਟ ਹੈ। ਮੀਡੀਆ ਰਿਪੋਰਟ ਮੁਤਾਬਕ ਜਾਨੋ ਮਾਰਨ ਦੀ ਧਮਕੀ ਤਕਰੀਬਨ ਦੋ-ਤਿੰਨ ਹਫ਼ਤੇ ਪਹਿਲਾਂ ਮੇਅਰ ਦੇ ਦਫ਼ਤਰ ਵਿਚ ਈਮੇਲ ਰਾਹੀਂ ਪੁੱਜੀ ਜਿਸ ਵਿਚ ਪੈਟ੍ਰਿਕ ਬ੍ਰਾਊਨ ਦੀ ਪਤਨੀ ਅਤੇ ਬੇਟੇ ਦਾ ਵੀ ਜ਼ਿਕਰ ਕੀਤਾ ਗਿਆ ਸੀ।

ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਜਾਨੋ ਮਾਰਨ ਦੀ ਧਮਕੀ

ਇਕ ਸਮਾਗਮ ਦੌਰਾਨ ਜਦੋਂ ਪੈਟ੍ਰਿਕ ਬ੍ਰਾਊਨ ਨੂੰ ਧਮਕੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦੇਣ ਦੀ ਜ਼ਿੰਮੇਵਾਰੀ ਪੀਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲੀਨੋਵਿਚ ’ਤੇ ਸੁੱਟ ਦਿਤੀ। ਮਿਲੀਨੋਵਿਚ ਨੇ ਦੱਸਿਆ ਕਿ ਧਮਕੀ ਸਿਰਫ਼ ਮੇਅਰ ਨੂੰ ਨਹੀਂ ਦਿਤੀ ਗਈ ਸਗੋਂ ਉਨ੍ਹਾਂ ਦੇ ਪਰਵਾਰ ਨੂੰ ਵੀ ਧਮਕਾਇਆ ਗਿਆ ਜਿਸ ਨੂੰ ਵੇਖਦਿਆਂ ਮੁਕੰਮਲ ਚੌਕਸੀ ਵਰਤੀ ਜਾ ਰਹੀ ਹੈ ਅਤੇ ਮੇਅਰ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੈਟ੍ਰਿਕ ਬ੍ਰਾਊਨ ਦੀ ਆਵਾਜਾਈ ਦੌਰਾਨ ਅਤੇ ਉਨ੍ਹਾਂ ਦੇ ਘਰ ਦੁਆਲੇ ਦੋ ਹਫ਼ਤੇ ਤੱਕ ਪੁਲਿਸ ਮੁਲਾਜ਼ਮ ਤੈਨਾਤ ਰਹੇ। ਦੂਜੇ ਪਾਸੇ ਧਮਕੀ ਭਰੀ ਈਮੇਲ ਬਾਰੇ ਪੁਣ-ਛਾਣ ਕਰਨ ਮਗਰੋਂ ਸੁਰੱਖਿਆ ਵਾਪਸ ਲਈ ਜਾ ਚੁੱਕੀ ਹੈ। ਮਿਲੀਨੋਵਿਚ ਨੇ ਇਹ ਨਹੀਂ ਦੱਸਿਆ ਕਿ ਕੀ ਮਾਮਲੇ ਦੀ ਪੜਤਾਲ ਹੁਣ ਵੀ ਚੱਲ ਰਹੀ ਹੈ ਪਰ ਇਸ ਗੱਲ ਦੀ ਤਸਦੀਕ ਕਰ ਦਿਤੀ ਕਿ ਧਮਕੀ ਕੈਨੇਡਾ ਵਿਚੋਂ ਹੀ ਆਈ ਸੀ।

ਧਮਕੀ ਵਿਚ ਪਤਨੀ ਅਤੇ ਬੇਟੇ ਦਾ ਜ਼ਿਕਰ ਵੀ ਕੀਤਾ

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਜਲਦ ਹੀ ਵਿਸਤਾਤਰ ਮੁਹੱਈਆ ਕਰਵਾਉਣ ਦੇ ਸਮਰੱਥ ਹੋ ਜਾਵੇਗੀ ਪਰ ਇਸ ਵੇਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਇਸੇ ਦੌਰਾਨ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਉਹ ਪੜਤਾਲ ਵਿਚ ਦਖਲ ਨਹੀਂ ਦੇਣਾ ਚਾਹੁੰਦੇ ਅਤੇ ਪੀਲ ਪੁਲਿਸ ਉਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ। ਮੇਅਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਵਰ੍ਹੇ ਪਹਿਲਾਂ ਵੀ ਜਾਨੋ ਮਾਰਨ ਦੀ ਧਮਕੀ ਮਿਲ ਚੁੱਕੀ ਹੈ ਅਤੇ ਇਹ ਸਭ ਤੁਹਾਡੀ ਜ਼ਿੰਦਗੀ ’ਤੇ ਲੰਮਾ ਸਮਾਂ ਅਸਰ-ਅੰਦਾਜ਼ ਨਹੀਂ ਰਹਿੰਦਾ। ਇਥੇ ਦਸਣਾ ਬਣਦਾ ਹੈ ਕਿ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸਣੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੀ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨਣ ਦੀ ਮੰਗ ਕਰ ਚੁੱਕੇ ਹਨ ਜਦਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਤਾਮਿਲ ਭਾਈਚਾਰੇ ਦੇ ਹੱਕ ਵਿਚ ਵੀ ਹਾਅ ਦਾ ਨਾਹਰਾ ਮਾਰਿਆ ਗਿਆ। ਪੁਲਿਸ ਸੂਤਰਾਂ ਮੁਤਾਬਕ ਜਾਨੋ ਮਾਰਨ ਦੀ ਧਮਕੀ ਤਾਮਿਲ ਭਾਈਚਾਰੇ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੇ ਜਾਣ ਦਾ ਸਿੱਟਾ ਨਹੀਂ। ਦੂਜੇ ਪਾਸੇ ਭਾਰਤੀ ਪਰਵਾਰਾਂ ਦੇ ਘਰਾਂ ’ਤੇ ਪਿਛਲੇ ਦਿਨੀਂ ਗੋਲੀਆਂ ਚਲਾਉਣ ਵਾਲਿਆਂ ਦੀ ਹੁਣ ਤੱਕ ਕੋਈ ਉਘ-ਸੁਘ ਨਹੀਂ ਲੱਗ ਸਕੀ ਜਦਕਿ ਸੋਸ਼ਲ ਮੀਡੀਆ ’ਤੇ ਹੋ ਰਹੀਆਂ ਟਿੱਪਣੀਆਂ ਵਿਚ ਇਹ ਵੀ ਆਖਿਆ ਜਾ ਰਿਹਾ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਪੀੜਤ ਦਰਸਾਉਣ ਲਈ ਖੁਦ ਹੀ ਗੋਲੀਬਾਰੀ ਦੀਆਂ ਵਾਰਦਾਤਾਂ ਕਰਵਾ ਰਹੇ ਹਨ। ਇਸ ਮੁੱਦੇ ’ਤੇ ਪੀਲ ਰੀਜਨਲ ਪੁਲਿਸ ਦੀ ਟਿੱਪਣੀ ਹਾਸਲ ਨਹੀਂ ਹੋ ਸਕੀ।

Tags:    

Similar News