Canada ਸਰਕਾਰ ਨੇ ਕੱਢੀ 'FIFA visa' ਦੀ ਫੂਕ
ਕੈਨੇਡਾ ਦੇ ਇੰਮੀਗ੍ਰੇਸ਼ਨ ਮਾਹਰਾਂ ਨੇ ਫ਼ੀਫ਼ਾ ਵੀਜ਼ਾ ਦੇ ਨਾਂ ’ਤੇ ਸੋਸ਼ਲ ਮੀਡੀਆ ਰਾਹੀਂ ਫੈਲਾਈ ਜਾ ਰਹੀ ਗੁੰਮਰਾਹਕੁਨ ਜਾਣਕਾਰੀ ਤੋਂ ਭਾਰਤੀ, ਖ਼ਾਸ ਤੌਰ ’ਤੇ ਪੰਜਾਬੀ ਨੌਜਵਾਨਾਂ ਨੂੰ ਸੁਚੇਤ ਕੀਤਾ ਹੈ
ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਮਾਹਰਾਂ ਨੇ ਫ਼ੀਫ਼ਾ ਵੀਜ਼ਾ ਦੇ ਨਾਂ ’ਤੇ ਸੋਸ਼ਲ ਮੀਡੀਆ ਰਾਹੀਂ ਫੈਲਾਈ ਜਾ ਰਹੀ ਗੁੰਮਰਾਹਕੁਨ ਜਾਣਕਾਰੀ ਤੋਂ ਭਾਰਤੀ, ਖ਼ਾਸ ਤੌਰ ’ਤੇ ਪੰਜਾਬੀ ਨੌਜਵਾਨਾਂ ਨੂੰ ਸੁਚੇਤ ਕੀਤਾ ਹੈ। ਭਾਰਤ ਵਿਚ ਮੌਜੂਦ ਗੈਰਲਾਇਸੰਸਸ਼ੁਦਾ ਟਰੈਵਲ ਏਜੰਟਾਂ ਵੱਲੋਂ ਲੱਖਾਂ ਰੁਪਏ ਠੱਗਣ ਦੇ ਮਕਸਦ ਤਹਿਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਨਵੇਂ ਵਰ੍ਹੇ ਦੌਰਾਨ ਵਿਜ਼ਟਰ ਵੀਜ਼ਾ ਦੀ ਕੋਈ ਅਰਜ਼ੀ ਰੱਦ ਨਹੀਂ ਕਰੇਗੀ ਕਿਉਂਕਿ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ’ਤੇ ਫ਼ੀਫ਼ਾ ਵਰਲਡ ਕੱਪ ਕਰਵਾਇਆ ਜਾ ਰਿਹਾ ਹੈ। ਠੱਗਾਂ ਵੱਲੋਂ ਨੌਜਵਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ ਕਿ ਜੇ ਉਹ ਫੁੱਟਬਾਲ ਦਾ ਵੱਡਾ ਫੈਨ ਹੋਣ ਦੀ ਜਜ਼ਬਾਤੀ ਚਿੱਠੀ ਦੇ ਆਧਾਰ ’ਤੇ ਕੈਨੇਡਾ ਦਾ ਵੀਜ਼ਾ ਮੰਗਣਗੇ ਤਾਂ ਰਫ਼ਿਊਜ਼ਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਪੰਜਾਬੀਆਂ ਨੂੰ ਸੁਚੇਤ ਕੀਤਾ, ਅਜਿਹਾ ਕੋਈ ਵੀਜ਼ਾ ਨਹੀਂ
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਵਿਚ ਇੰਮੀਗ੍ਰੇਸ਼ਨ ਸਲਾਹਕਾਰ ਮਨਦੀਪ ਲਿੱਧੜ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਵਾਸਤੇ ਕੋਈ ਫ਼ੀਫਾ ਵੀਜ਼ਾ ਜਾਂ ਕਿਸੇ ਖੇਡ ਈਵੈਂਟ ਨਾਲ ਸਬੰਧਤ ਵਿਜ਼ਟਰ ਵੀਜ਼ਾ ਨਹੀਂ ਆਰੰਭਿਆ ਗਿਆ। ਮਨਦੀਪ ਲਿੱਧੜ ਮੁਤਾਬਕ ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਏ.ਆਈ. ਰਾਹੀਂ ਵੱਡੀ ਗਿਣਤੀ ਵਿਚ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਕਿਸੇ ਜਜ਼ਬਾਤੀ ਚਿੱਠੀ ਨੇ ਕੋਈ ਕੰਮ ਨਹੀਂ ਕਰਨਾ ਬਲਕਿ ਆਰਥਿਕ ਤੌਰ ’ਤੇ ਬੇਹੱਦ ਮਜ਼ਬੂਤ ਹੋਣ ਦੇ ਸਬੂਤ ਜਾਂ ਪੁਰਾਣੀ ਟਰੈਵਲ ਹਿਸਟਰੀ ਹੀ ਵੀਜ਼ਾ ਦਿਵਾ ਸਕਦੀ ਹੈ। ਕੈਨੇਡਾ ਸਰਕਾਰ ਵੱਲੋਂ ਵੀ ਆਪਣੀ ਵੈਬਸਾਈਟ ਰਾਹੀਂ ਸਪੱਸ਼ਟ ਕਰ ਦਿਤਾ ਗਿਆ ਹੈ ਕਿ ਫ਼ੀਫ਼ਾ ਵਰਲਡ ਕੱਪ ਦੇ ਮੈਚ ਦੇਖਣ ਆਉਣ ਵਾਲੇ ਲੋਕਾਂ ਨੂੰ ਟੂਰਿਸਟ ਹੀ ਮੰਨਿਆ ਜਾਵੇਗਾ।
ਭਾਰਤੀ ਏਜੰਟ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਰੌਂਅ ਵਿਚ
ਸਿਰਫ਼ ਅਮਰੀਕਾ ਦੇ ਗਰੀਨ ਕਾਰਡ ਹੋਲਡਰ ਹੀ ਬਗੈਰ ਵਿਜ਼ਟਰ ਵੀਜ਼ਾ ਜਾਂ ਇਲੈਕਟ੍ਰਾਨਿਕ ਟਰੈਵਲ ਆਥੋਰਾਈਜ਼ੇਸ਼ਨ ਤੋਂ ਬਗੈਰ ਕੈਨੇਡਾ ਦਾਖਲ ਹੋ ਸਕਣਗੇ ਪਰ ਉਨ੍ਹਾਂ ਨੂੰ ਮੈਚ ਦੀਆਂ ਟਿਕਟਾਂ ਅਤੇ ਠਹਿਰਾਅ ਦੇ ਬੰਦੋਬਸਤ ਬਾਰੇ ਸਬੂਤ ਪੇਸ਼ ਕਰਨੇ ਹੋਣਗੇ। ਬਾਕੀ ਮੁਲਕਾਂ ਦੇ ਲੋਕਾਂ ਨੂੰ ਖਾਸ ਤਾਕੀਦ ਕੀਤੀ ਗਈ ਕਿ ਵਿਸ਼ਵ ਕੱਪ ਦੇ ਮੈਚ ਦੀ ਟਿਕਟ ਵੀਜ਼ਾ ਦੀ ਗਾਰੰਟੀ ਨਹੀਂ ਹੋ ਸਕਦੀ। ਵੀਜ਼ਾ ਐਪਲੀਕੇਸ਼ਨ ਵਿਚ ਗੁੰਮਰਾਹਕੁਨ ਜਾਣਕਾਰੀ ਮੁਹੱਈਆ ਕਰਵਾਏ ਜਾਣ ’ਤੇ ਪੰਜ ਸਾਲ ਦੀ ਪਾਬੰਦੀ ਆਇਦ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ 11 ਜੂਨ ਤੋਂ 19 ਜੂਨ ਦਰਮਿਆਨ ਹੋਣ ਵਾਲੀ ਫ਼ੀਫਾ ਵਰਲਡ ਕੱਪ ਦੇ 13 ਮੈਚ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਸ਼ਹਿਰਾਂ ਵਿਚ ਹੋਣਗੇ।