ਕੈਨੇਡਾ ਵਿਚ ਘਰ ਕਰਜ਼ਾ ਮੋੜਨ ਲਈ 1 ਅਗਸਤ ਤੋਂ ਮਿਲਣਗੇ 30 ਸਾਲ

ਕੈਨੇਡਾ ਵਿਚ 1 ਅਗਸਤ ਤੋਂ ਘਰ ਖਰੀਦਣ ਲਈ ਕਰਜ਼ਾ ਲੈਣ ਵਾਲੇ 30 ਸਾਲ ਦੀਆਂ ਕਿਸ਼ਤਾਂ ਕਰ ਸਕਣਗੇ। ਜੀ ਹਾਂ, ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਆਪਣਾ ਕਰਜ਼ਾ ਉਤਾਰਨ ਲਈ ਪੰਜ ਸਾਲ ਦਾ ਵਾਧੂ ਸਮਾਂ ਮਿਲੇਗਾ

Update: 2024-07-30 11:56 GMT

ਔਟਵਾ : ਕੈਨੇਡਾ ਵਿਚ 1 ਅਗਸਤ ਤੋਂ ਘਰ ਖਰੀਦਣ ਲਈ ਕਰਜ਼ਾ ਲੈਣ ਵਾਲੇ 30 ਸਾਲ ਦੀਆਂ ਕਿਸ਼ਤਾਂ ਕਰ ਸਕਣਗੇ। ਜੀ ਹਾਂ, ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਆਪਣਾ ਕਰਜ਼ਾ ਉਤਾਰਨ ਲਈ ਪੰਜ ਸਾਲ ਦਾ ਵਾਧੂ ਸਮਾਂ ਮਿਲੇਗਾ ਅਤੇ ਆਰਥਿਕ ਬੋਝ ਵੀ ਘਟੇਗਾ। ਉਨ੍ਹਾਂ ਅੱਗੇ ਕਿਹਾ ਕਿ ਕਰਜ਼ਾ ਮੋੜਨ ਲਈ ਵੱਧ ਸਮਾਂ ਮਿਲਣ ਨਾਲ ਵਧੇਰੇ ਕੈਨੇਡੀਅਨ ਮਕਾਨ ਖਰੀਦਣ ਬਾਰੇ ਸੋਚ ਸਕਦੇ ਹਨ ਅਤੇ ਅਸਮਾਨ ਛੂੰਹਦੇ ਕਿਰਾਏ ਤੋਂ ਮੁਕਤੀ ਹਾਸਲ ਕੀਤੀ ਜਾ ਸਕਦੀ ਹੈ।

ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਹੋਵੇਗਾ ਫਾਇਦਾ : ਫਰੀਲੈਂਡ

ਅਜੋਕੇ ਦੌਰ ਵਿਚ ਹਰ ਨੌਜਵਾਨ ਆਪਣਾ ਘਰ ਖਰੀਦਣਾ ਚਹੁੰਦਾ ਹੈ ਅਤੇ ਅਜਿਹੇ ਵਿਚ ਕਰਜ਼ਾ ਵਾਪਸੀ ਲਈ 30 ਸਾਲ ਦਾ ਸਮਾਂ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਵਿਚ ਸਹਾਈ ਸਾਬਤ ਹੋਵੇਗਾ। ਕ੍ਰਿਸਟੀਆ ਫਰੀਲੈਂਡ ਨੇ ਦਾਅਵਾ ਕੀਤਾ ਕਿ ਨੌਜਵਾਨ ਕੈਨੇਡੀਅਨਜ਼ ਨੂੰ ਘਰ ਦਾ ਮਾਲਕ ਬਣਾਉਣ ਲਈ ਲਿਬਰਲ ਸਰਕਾਰ ਵੱਲੋਂ ਇਹ ਯੋਜਨਾ ਆਰੰਭੀ ਗਈ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਟੈਕਸ ਮੁਕਤ ਸੇਵਿੰਗਜ਼ ਅਕਾਊਂਟ ਬੇਹੱਦ ਲਾਹੇਵੰਦ ਸਾਬਤ ਹੋ ਰਹੇ ਹਨ ਅਤੇ ਹੁਣ ਤੱਕ ਸਾਢੇ ਸੱਤ ਲੱਖ ਤੋਂ ਕੈਨੇਡੀਅਨ ਡਾਊਨ ਪੇਮੈਂਟ ਵਾਸਤੇ ਬੱਚਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਭਾਵੇਂ ਦੋ ਕਿਸ਼ਤਾਂ ਵਿਚ ਵਿਆਜ ਦਰ ਅੱਧਾ ਫੀ ਸਦੀ ਘਟਾਈ ਜਾ ਚੁੱਕੀ ਹੈ ਪਰ ਮੌਜੂਦਾ ਵਿਆਜ ਦੇ ਹਿਸਾਬ ਨਾਲ ਵੀ ਹਜ਼ਾਰਾਂ ਲੋਕਾਂ ਵਾਸਤੇ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਕਰਨੀਆਂ ਮੁਸ਼ਕਲ ਹੋ ਰਹੀਆਂ ਹਨ।

ਟੈਕਸ ਮੁਕਤ ਬੱਚਤ ਖਾਤੇ ਦਾ ਹਿੱਸਾ ਬਣੇ 7.5 ਲੱਖ ਕੈਨੇਡੀਅਨ

ਪਹਿਲੀ ਅਗਸਤ ਤੋਂ ਸ਼ੁਰੂ ਹੋਣ ਵਾਲੀ ਯੋਜਨਾ ਸਿਰਫ ਨਵੇਂ ਖਰੀਦਦਾਰਾਂ ’ਤੇ ਲਾਗੂ ਹੋਵੇਗੀ ਅਤੇ ਇਸ ਵੇਲੇ ਮੋਟੀਆਂ ਕਿਸ਼ਤਾਂ ਅਦਾ ਕਰਨ ਲਈ ਜੂਝ ਰਹੇ ਲੋਕਾਂ ਨੂੰ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ। ਲਿਬਰਲ ਸਰਕਾਰ ਵੱਲੋਂ ਅਪ੍ਰੈਲ ਵਿਚ ਪੇਸ਼ ਬਜਟ ਦੌਰਾਨ ਕੈਨੇਡੀਅਨ ਮੌਰਗੇਜ ਚਾਰਟਰ ਮਜ਼ਬੂਤ ਕਰਨ ਦਾ ਐਲਾਨ ਕੀਤਾ ਗਿਆ ਅਤੇ 40 ਲੱਖ ਨਵੇਂ ਮਕਾਨਾਂ ਦਾ ਉਸਾਰੀ ਖਰਚਾ ਘਟਾਉਣ ਦਾ ਟੀਚਾ ਵੀ ਮਿੱਥਿਆ। 

Tags:    

Similar News