Canada ਦਾ visitor visa ਹੁਣ ਸਿਰਫ਼ 71 ਦਿਨ ਵਿਚ

ਕੈਨੇਡਾ ਦਾ ਗੇੜਾ ਲਾਉਣ ਦੇ ਇੱਛਕ ਪੰਜਾਬੀਆਂ ਦੀ ਉਡੀਕ ਘਟਾਉਂਦਿਆਂ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ 71 ਦਿਨ ਵਿਚ ਕੀਤੀ ਜਾ ਰਹੀ ਹੈ

Update: 2026-03-02 13:59 GMT

ਔਟਵਾ : ਕੈਨੇਡਾ ਦਾ ਗੇੜਾ ਲਾਉਣ ਦੇ ਇੱਛਕ ਪੰਜਾਬੀਆਂ ਦੀ ਉਡੀਕ ਘਟਾਉਂਦਿਆਂ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ 71 ਦਿਨ ਵਿਚ ਕੀਤੀ ਜਾ ਰਹੀ ਹੈ ਜੋ ਦੋ ਹਫ਼ਤੇ ਪਹਿਲਾਂ ਤੱਕ 78 ਦਿਨ ਵਿਚ ਮੁਕੰਮਲ ਹੋ ਰਹੀ ਸੀ। ਲਹਿੰਦੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਸਿਰਫ਼ 53 ਦਿਨ ਲੱਗੇ ਰਹੇ ਹਨ। ਜੀ ਹਾਂ, ਤਾਜ਼ਾ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਸਿਰਫ਼ 19 ਦਿਨ ਵਿਚ ਵਿਜ਼ਟਰ ਵੀਜ਼ਾ ਮਿਲ ਰਿਹਾ ਹੈ ਜਦਕਿ ਸੁਪਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਲੱਗਣ ਵਾਲਾ ਸਮਾਂ ਵੀ ਘਟ ਕੇ 210 ਦਿਨ ਰਹਿ ਗਿਆ ਹੈ। ਇੰਮੀਗ੍ਰੇਸ਼ਨ ਵਿਭਾਗ ਦੇ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ 98,770 ਭਾਰਤੀਆਂ ਨੂੰ ਪਿਛਲੇ ਵਰ੍ਹੇ ਕੈਨੇਡਾ ਦੀ ਪੀ.ਆਰ. ਮਿਲੀ ਅਤੇ ਕੁਲ ਵਸੋਂ 29 ਲੱਖ ਦੇ ਨੇੜੇ ਪੁੱਜ ਚੁੱਕੀ ਹੈ।

98,770 ਭਾਰਤੀਆਂ ਨੂੰ ਮਿਲੀ ਕੈਨੇਡਾ ਦੀ ਪੀ.ਆਰ.

ਇਤਿਹਾਸ ਦਰਸਾਉਂਦਾ ਹੈ ਕਿ ਸਾਲ 1982 ਵਿਚ ਸਿਰਫ਼ 7,788 ਭਾਰਤੀ ਲੋਕਾਂ ਨੇ ਕੈਨੇਡਾ ਪ੍ਰਵਾਸ ਕੀਤਾ ਪਰ 2023 ਆਉਂਦੇ-ਆਉਂਦੇ ਇਕ ਸਾਲ ਦੌਰਾਨ ਕੈਨੇਡਾ ਵਿਚ ਪੱਕੇ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਇਕ ਲੱਖ 40 ਹਜ਼ਾਰ ਦੇ ਨੇੜੇ ਪੁੱਜ ਗਈ। ਇੰਮੀਗ੍ਰੇਸ਼ਨ ਨੀਤੀਆਂ ਸਖ਼ਤ ਹੋਣ ਕਰ ਕੇ 2024 ਦੌਰਾਨ ਗਿਣਤੀ ਘਟੀ ਅਤੇ 1 ਲੱਖ 27 ਹਜ਼ਾਰ 375 ਭਾਰਤੀ, ਕੈਨੇਡਾ ਵਿਚ ਪੱਕੇ ਹੋਏ ਅਤੇ ਪਿਛਲੇ ਵਰ੍ਹੇ ਅੰਕੜਾ ਇਕ ਲੱਖ ਤੋਂ ਹੇਠਾਂ ਚਲਾ ਗਿਆ। ਦੱਸ ਦੇਈਏ ਕਿ 2015 ਵਿਚ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਤੇਜ਼ ਵਾਧਾ ਸ਼ੁਰੂ ਹੋਇਆ। 2015 ਵਿਚ 39,340 ਭਾਰਤੀ ਲੋਕਾਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਮਿਲੀ ਅਤੇ 2021 ਵਿਚ ਅੰਕੜਾ ਇਕ ਲੱਖ 27 ਹਜ਼ਾਰ ਤੱਕ ਪੁੱਜ ਗਿਆ। ਸਭ ਤੋਂ ਜ਼ਿਆਦਾ ਭਾਰਤੀ ਖਾਸ ਤੌਰ ’ਤੇ ਪੰਜਾਬੀ ਨੌਜਵਾਨ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਅਤੇ ਇਸ ਮੁਲਕ ਨੂੰ ਪੱਕੇ ਤੌਰ ’ਤੇ ਆਪਣਾ ਘਰ ਬਣਾ ਲਿਆ। ਅਮਰੀਕਾ ਅਤੇ ਮਲੇਸ਼ੀਆ ਤੋਂ ਬਾਅਦ ਕਿਸੇ ਮੁਲਕ ਵਿਚ ਪੱਕੇ ਤੌਰ ’ਤੇ ਵਸੇ ਭਾਰਤੀ ਲੋਕਾਂ ਦੀ ਆਬਾਦੀ ਕੈਨੇਡਾ ਵਿਚ ਸਭ ਤੋਂ ਵੱਧ ਮੰਨੀ ਜਾ ਸਕਦੀ ਹੈ। ਦੂਜੇ ਪਾਸੇ ਕੈਨੇਡੀਅਨ ਵੀਜ਼ਾ ਦੀ ਉਡੀਕ ਕਰ ਰਹੇ ਲੋਕਾਂ ਵਾਸਤੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਇੰਮੀਗ੍ਰੇਸ਼ਨ ਮਹਿਕਮੇ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਵੱਲੋਂ ਦਾਖ਼ਲ ਅਰਜ਼ੀਆਂ ਦੀ ਪ੍ਰੋਸੈਸਿੰਗ 4 ਹਫ਼ਤੇ ਦੇ ਅੰਦਰ ਹੋ ਰਹੀ ਹੈ ਜਦਕਿ ਪਾਕਿਸਤਾਨ ਦੇ ਮਾਮਲੇ ਵਿਚ ਉਡੀਕ ਸਮਾਂ 15 ਹਫ਼ਤੇ ਤੱਕ ਪੁੱਜ ਗਿਆ ਹੈ। ਵਰਕ ਪਰਮਿਟ ਅਰਜ਼ੀਆਂ ਦੀ ਪ੍ਰੋਸੈਸਿੰਗ ਲਈ ਭਾਰਤੀ ਲੋਕਾਂਦਾ ਉਡੀਕ ਅੱਠ ਹਫ਼ਤੇ ਚੱਲ ਰਿਹਾ ਹੈ ਜਦਕਿ ਪਾਕਿਸਤਾਨ ਵਾਲਿਆਂ ਦਾ ਉਡੀਕ ਸਮਾਂ ਹੈਰਾਨਕੁੰਨ ਤਰੀਕੇ ਨਾਲ 20 ਹਫ਼ਤੇ ਤੋਂ ਵਧ ਕੇ 30 ਹਫ਼ਤੇ ਹੋ ਗਿਆ ਹੈ।

ਕੈਨੇਡਾ ਵਿਚ ਭਾਰਤੀਆਂ ਦੀ ਵਸੋਂ 28 ਲੱਖ 80 ਹਜ਼ਾਰ ਹੋਈ

ਚੇਤੇ ਰਹੇ ਕਿ ਭਾਰਤ ਤੋਂ ਦਾਖਲ ਹੋਣ ਵਾਲੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਉਡੀਕ ਸਮਾਂ ਦਸੰਬਰ ਮਹੀਨੇ ਦੌਰਾਨ 90 ਦਿਨ ਤੋਂ ਵੱਧ ਦਰਜ ਕੀਤਾ ਗਿਆ ਅਤੇ ਅਰਜ਼ੀਆਂ ਰੱਦ ਹੋਣ ਦੀ ਗਿਣਤੀ ਵਿਚ ਸਿਖਰ ’ਤੇ ਪੁੱਜ ਗਈ। ਸਿਟੀਜ਼ਨਸ਼ਿਪ ਅਰਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਪ੍ਰੋਸੈਸਿੰਗ ਵਿਚ ਔਸਤਨ 14 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਜੋ ਜਨਵਰੀ ਦੇ ਮੁਕਾਬਲੇ ਇਕ ਮਹੀਨਾ ਵੱਧ ਬਣਦਾ ਹੈ। ਇਸ ਵੇਲੇ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਕਤਾਰ ਵਿਚ ਲੱਗੇ ਪ੍ਰਵਾਸੀਆਂ ਦੀ ਗਿਣਤੀ 3 ਲੱਖ 13 ਹਜ਼ਾਰ ਬਣਦੀ ਹੈ ਅਤੇ ਇਸ ਅੰਕੜੇ ਵਿਚ ਜਨਵਰੀ ਦੇ ਮੁਕਾਬਲੇ ਮਾਮੂਲੀ ਵਾਧਾ ਹੋਇਆ ਹੈ। ਫੈਮਿਲੀ ਸਪੌਂਸਰਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਫ਼ਰਵਰੀ ਮਹੀਨੇ ਦੌਰਾਨ ਰਲੀ-ਮਿਲੀ ਤਸਵੀਰ ਨਜ਼ਰ ਆ ਰਹੀ ਹੈ। ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਨਾਲ ਸਬੰਧਤ ਸਪੌਂਸਰਸ਼ਿਪ ਅਰਜ਼ੀ ਦੀ ਪ੍ਰੋਸੈਸਿੰਗ ਵਿਚ ਔਸਤਨ 15 ਮਹੀਨੇ ਲੱਗ ਰਹੇ ਹਨ ਅਤੇ ਜਨਵਰੀ ਦੇ ਮੁਕਾਬਲੇ ਇਕ ਮਹੀਨਾ ਵੱਧ ਬਣਦਾ ਹੈ।

Tags:    

Similar News