ਕੈਨੇਡਾ : 6 ਕਤਲ ਕਬੂਲ ਕਰਨ ਵਾਲੇ ਨੇ ਕਾਨੂੰਨੀ ਮਾਹਰ ਕੀਤੇ ਹੈਰਾਨ
ਕੈਨੇਡਾ ਦੀ ਰਾਜਧਾਨੀ ਵਿਚ ਚਾਰ ਬੱਚਿਆਂ ਸਣੇ ਛੇ ਜਣਿਆਂ ਦਾ ਕਤਲ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟ ਵੱਲੋਂ ਗੁਨਾਹ ਕਬੂਲ ਕੀਤੇ ਜਾਣ ਦੀ ਘਟਨਾ ਤੋਂ ਕਾਨੂੰਨੀ ਮਾਹਰ ਬੇਹੱਦ ਹੈਰਾਨ ਹਨ ਜਿਸ ਨੂੰ ਪਿਛਲੇ ਹਫ਼ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ
ਔਟਵਾ : ਕੈਨੇਡਾ ਦੀ ਰਾਜਧਾਨੀ ਵਿਚ ਚਾਰ ਬੱਚਿਆਂ ਸਣੇ ਛੇ ਜਣਿਆਂ ਦਾ ਕਤਲ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟ ਵੱਲੋਂ ਗੁਨਾਹ ਕਬੂਲ ਕੀਤੇ ਜਾਣ ਦੀ ਘਟਨਾ ਤੋਂ ਕਾਨੂੰਨੀ ਮਾਹਰ ਬੇਹੱਦ ਹੈਰਾਨ ਹਨ ਜਿਸ ਨੂੰ ਪਿਛਲੇ ਹਫ਼ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸ੍ਰੀਲੰਕਾ ਦੇ ਫੈਬਰੀਓ ਦਾ ਜ਼ੌਇਸਾ ਨੇ ਪਿਛਲੇ ਸਾਲ ਮਾਰਚ ਵਿਚ 7 ਸਾਲ ਦੀ ਇਨੂਕਾ ਵਿਕਰਮਸਿੰਘੇ, 4 ਸਾਲ ਦੇ ਅਸ਼ਵਨੀ ਵਿਕਰਮਸਿੰਘਘੇ, 3 ਸਾਲ ਦੀ ਰਨਾਇਆ ਵਿਕਰਮਸਿੰਘੇ, ਦੋ ਮਹੀਨੇ ਬੱਚੇ ਅਤੇ ਬੱਚਿਆਂ ਦੀ ਮਾਂ ਦਰਸ਼ਨੀ ਏਕਾਨਾਇਕੇ ਤੋਂ ਇਲਾਵਾ 40 ਸਾਲ ਦੀ ਗਾਮਿਨੀ ਅਮਾਰਾਕੂਨ ਦੀ ਛੁਰੇ ਮਾਰ ਕੇ ਹੱਤਿਆ ਕਰ ਦਿਤੀ ਸੀ। ਫੈਬਰੀਓ ਨੇ ਪਹਿਲੇ ਦਰਜੇ ਦੀ ਹੱਤਿਆ ਦੇ ਚਾਰ ਅਤੇ ਦੂਜੇ ਦਰਜੇ ਦੀ ਹੱਤਿਆ ਦੇ ਦੋ ਗੁਨਾਹ ਕਬੂਲ ਕੀਤੇ। ਕ੍ਰਿਮੀਨਲ ਲਾਅਇਰ ਮਾਰਕ ਐਰਟਲ ਦਾ ਕਹਿਣਾ ਸੀ ਕਿ ਆਮ ਤੌਰ ’ਤੇ ਅਜਿਹਾ ਨਹੀਂ ਹੁੰਦਾ।
ਔਟਵਾ ਵਿਖੇ ਮਾਰਚ 2024 ਵਿਚ ਤਿੰਨ ਬੱਚਿਆਂ ਸਣੇ 6 ਦੀ ਕੀਤੀ ਸੀ ਹੱਤਿਆ
ਯੂਨੀਵਰਸਿਟੀ ਆਫ਼ ਔਟਵਾ ਦੀ ਪ੍ਰੋਫ਼ੈਸਰ ਜੈਨੀਫ਼ਰ ਕੁਐਡ ਦਾ ਕਹਿਣਾ ਸੀ ਕਿ 90 ਫ਼ੀ ਸਦੀ ਅਪਰਾਧਕ ਮਾਮਲਿਆਂ ਵਿਚ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਸਮਝੌਤਾ ਹੋ ਜਾਂਦਾ ਹੈ ਪਰ ਮੁਲਜ਼ਮ ਵੱਲੋਂ ਗੰਭੀਰ ਦੋਸ਼ਾਂ ਨੂੰ ਕਬੂਲ ਕਰਨਾ ਗੈਰਸਾਧਾਰਣ ਹੈ। ਫੈਬਰੀਓ ਨੇ ਅਦਾਲਤ ਨੂੰ ਦੱਸਿਆ ਕਿ ਉਹ ਘਰ ਵਿਚ ਮੌਜੂਦ ਹਰ ਜੀਅ ਦਾ ਕਤਲ ਕਰਨਾ ਚਾਹੁੰਦਾ ਸੀ ਕਿਉਂਕਿ ਉਸ ਦੇ ਪੈਸੇ ਖ਼ਤਮ ਹੋ ਚੁੱਕੇ ਸਨ ਅਤੇ ਉਹ ਸ੍ਰੀਲੰਕਾ ਪਰਤਣਾ ਨਹੀਂ ਸੀ ਚਾਹੁੰਦਾ। ਫੈਬਰੀਓ ਨੇ ਇਹ ਵੀ ਮੰਨਿਆ ਕਿ ਵਿਕਰਮਸਿੰਘੇ ਪਰਵਾਰ ਉਸ ਨਾਲ ਬਹੁਤ ਪਿਆਰ ਕਰਦਾ ਸੀ। ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰੀ ਵਕੀਲ ਡੈਲਸ ਮੈਕ ਨੇ ਕਿਹਾ ਕਿ ਜੇ ਫੈਬਰੀਓ ਗੁਨਾਹ ਕਬੂਲ ਨਾ ਕਰਦਾ ਤਾਂ ਉਨ੍ਹਾਂ ਵੱਲੋਂ ਮਜ਼ਬੂਤ ਕੇਸ ਤਿਆਰ ਕੀਤਾ ਗਿਆ ਸੀ ਜਿਸ ਰਾਹੀਂ ਦੋਸ਼ੀ ਠਹਿਰਾਇਆ ਜਾਂਦਾ।
ਫ਼ੈਬਰੀਓ ਨੂੰ ਪਿਛਲੇ ਹਫ਼ਤੇ ਸੁਣਾਈ ਗਈ ਉਮਰ ਕੈਦ
ਬਚਾਅ ਪੱਖ ਦੇ ਵਕੀਲ ਈਵਾਨ ਲਿਟਲ ਨੇ ਅਦਾਲਤ ਵਿਚ ਕਬੂਲ ਕੀਤਾ ਕਿ ਉਸ ਦੇ ਮੁਵੱਕਲ ਨੇ ਅਣਕਿਆਸੀ ਕਰਤੂਤ ਕੀਤੀ ਪਰ ਅੱਜ ਆਪਣਾ ਗੁਨਾਹ ਕਬੂਲ ਕਰਦਿਆਂ ਉਹ ਬਿਲਕੁਲ ਸਹੀ ਰਾਹ ਅਖਤਿਆਰ ਕਰ ਰਿਹਾ ਹੈ। ਲਿਟਲ ਨੇ ਕਿਹਾ ਕਿ ਉਹ ਆਪਣੇ ਮੁਵੱਕਲ ਨੂੰ ਮਾਨਸਿਕ ਤੌਰ ’ਤੇ ਬਿਮਾਰ ਦਿਖਾਉਣ ਦਾ ਯਤਨ ਨਹੀਂ ਕਰਨਗੇ ਅਤੇ ਮੁਕੱਦਮੇ ਦਾ ਨਤੀਜਾ ਆਪਸੀ ਗੱਲਬਾਤ ਰਾਹੀਂ ਸਾਹਮਣੇ ਆਇਆ। ਦੱਸ ਦੇਈਏ ਕਿ ਵਾਰਦਾਤ ਦੌਰਾਨ ਪਰਵਾਰ ਦਾ ਮੁਖੀ ਗੰਭੀਰ ਜ਼ਖਮੀ ਹੋ ਗਿਆ ਅਤੇ ਹੁਣ ਸਿਹਤਯਾਬ ਹੋਣ ਮਗਰੋਂ ਇੰਮੀਗ੍ਰੇਸ਼ਨ ਚੁਣੌਤੀਆਂ ਦਾ ਟਾਕਰਾ ਕਰ ਰਿਹਾ ਹੈ। ਧਨੁਸ਼ਕਾ ਵਿਕਰਮਸਿੰਘੇ ਦੇ ਪਿਤਾ ਅਤੇ ਭਰਾ ਨੇ ਇੰਮੀਗ੍ਰੇਸ਼ਨ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਸ ਨਾਲ ਰਿਆਇਤ ਵਰਤਦਿਆਂ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਦਿਤੀ ਜਾਵੇ।