Canada : 3 Punjabis ਦੀ ਰੂਹ ਕੰਬਾਊ ਵਾਰਦਾਤ

ਕੈਨੇਡਾ ਵਿਚ ਤਿੰਨ ਪੰਜਾਬੀਆਂ ਵੱਲੋਂ ਕੀਤੀ ਦਿਲ ਕੰਬਾਊ ਵਾਰਦਾਤ ਮੁੜ ਚਰਚਾ ਵਿਚ ਹੈ ਜਿਨ੍ਹਾਂ ਵਿਚੋਂ ਇਕ ਨੌਜਵਾਨ ਸਿਰਫ਼ ਤਿੰਨ ਹਫ਼ਤੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ

Update: 2026-01-14 13:27 GMT

ਐਬਸਟਫ਼ੋਰਡ : ਕੈਨੇਡਾ ਵਿਚ ਤਿੰਨ ਪੰਜਾਬੀਆਂ ਵੱਲੋਂ ਕੀਤੀ ਦਿਲ ਕੰਬਾਊ ਵਾਰਦਾਤ ਮੁੜ ਚਰਚਾ ਵਿਚ ਹੈ ਜਿਨ੍ਹਾਂ ਵਿਚੋਂ ਇਕ ਨੌਜਵਾਨ ਸਿਰਫ਼ ਤਿੰਨ ਹਫ਼ਤੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ। ਦੂਜੇ ਪਾਸੇ ਪੁੱਤ ਨੂੰ ਚਾਵਾਂ ਤੇ ਮਲਾਰਾਂ ਨਾਲ ਜਹਾਜ਼ ਚੜ੍ਹਾਉਣ ਵੇਲੇ ਮਾਪਿਆਂ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਪੂਰੀ ਜਵਾਨੀ ਜੇਲ ਵਿਚ ਲੰਘਾਉਣ ਮਗਰੋਂ ਬਾਹਰ ਆਵੇਗਾ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲੇ ਡਿਪੋਰਟ ਕਰ ਦੇਣਗੇ। ਜੀ ਹਾਂ, ਕੁਝ ਇਸੇ ਕਿਸਮ ਦੇ ਹਾਲਾਤ ਬੀ.ਸੀ. ਦੀ ਅਦਾਲਤ ਵਿਚ ਸ਼ੁਰੂ ਹੋਏ ਦੂਹਰੇ ਕਤਲਕਾਂਡ ਦੇ ਮੁਕੱਦਮੇ ਵਿਚ ਨਜ਼ਰ ਆ ਰਹੇ ਹਨ ਜਿਥੇ ਗੁਰਕਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ਾਂ ਤਹਿਤ ਸੁਣਵਾਈ ਹੋ ਰਹੀ ਹੈ।

ਦੂਹਰੇ ਕ.ਤਲਕਾਂਡ ਦਾ ਮੁਕੱਦਮਾ ਸ਼ੁਰੂ

ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਅਭਿਜੀਤ ਸਿੰਘ ਇਕ ਕਲੀਨਿੰਗ ਕੰਪਨੀ ਦਾ ਮਾਲਕ ਹੈ ਜਦਕਿ ਗੁਰਕਰਨ ਅਤੇ ਖੁਸ਼ਵੀਰ ਉਸ ਕੋਲ ਕੰਮ ਕਰਦੇ ਸਨ। ਸਰਕਾਰੀ ਵਕੀਲ ਦੀ ਕਹਾਣੀ ਕਹਿੰਦੀ ਹੈ ਕਿ ਅਭਿਜੀਤ ਨੇ ਵਾਰਦਾਤ ਤੋਂ ਤਕਰੀਬਨ ਇਕ ਮਹੀਨਾ ਪਹਿਲਾਂ ਬਜ਼ੁਰਗ ਜੋੜੇ ਦੇ ਘਰ ਵਿਚ ਸਾਫ਼-ਸਫ਼ਾਈ ਦਾ ਕੰਮ ਕੀਤਾ ਅਤੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਆਰਨੌਲਡ ਅਤੇ ਉਸ ਦੀ ਪਤਨੀ ਜੋਆਨ ਇਕੱਲੇ ਰਹਿੰਦੇ ਹਨ। ਫ਼ਿਲਹਾਲ ਦੂਹਰੇ ਕਤਲਕਾਂਡ ਦੇ ਮਕਸਦ ਬਾਰੇ ਸਪੱਸ਼ਟ ਤੌਰ ’ਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਬਜ਼ੁਰਗ ਜੋੜੇ ਦੇ ਕਰੈਡਿਟ ਕਾਰਡ, ਚੈਕਬੁੱਕ ਅਤੇ ਪ੍ਰੈਸ਼ਰ ਵਾਸ਼ਰ ਚੋਰੀ ਹੋਣ ਦੇ ਦੋਸ਼ ਲੱਗੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਐਬਸਫ਼ੋਰਡ ਸ਼ਹਿਰ ਦੇ ਇਕ ਘਰ ਵਿਚ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਵੱਖ ਵੱਖ ਕਮਰਿਆਂ ਵਿਚੋਂ ਮਿਲੀਆਂ। ਦੋਹਾਂ ਦੇ ਹੱਥ ਪੈਰ ਬੰਨ੍ਹੇ ਹੋਏ ਸਨ ਅਤੇ ਆਰਨੌਲਡ ਦੀਆਂ ਅੱਖਾਂ ਅਤੇ ਮੂੰਹ ’ਤੇ ਟੇਪ ਲਪੇਟੀ ਹੋਈ ਸੀ। ਸਰਕਾਰੀ ਵਕੀਲ ਨੇ ਪੂਰੇ ਯਕੀਨ ਨਾਲ ਕਿਹਾ ਕਿ ਮੌਕਾ-ਏ-ਵਾਰਦਾਤ ਤੋਂ ਮਿਲੇ ਡੀ.ਐਨ.ਏ. ਅਤੇ ਸੈਲਫ਼ੋਨ ਦੇ ਵੇਰਵਿਆਂ ਰਾਹੀਂ ਦੋਸ਼ ਸਾਬਤ ਕਰਨ ਵਿਚ ਮਦਦ ਮਿਲੇਗੀ। ਗੁਰਕਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਵਿਰੁੱਧ ਮੁਕੱਦਮੇ ਦੀ ਸੁਣਵਾਈ ਮੁਕੰਮਲ ਹੋਣ ਵਿਚ ਅੱਠ ਹਫ਼ਤੇ ਲੱਗ ਸਕਦੇ ਹਨ।

ਸਿਰਫ਼ 3 ਹਫ਼ਤੇ ਪਹਿਲਾਂ ਕੈਨੇਡਾ ਪੁੱਜਾ ਸੀ ਗੁਰਕਰਨ ਸਿੰਘ

ਇਸੇ ਦੌਰਾਨ ਇਹ ਰਿਪੋਰਟ ਵੀ ਉਭਰ ਕੇ ਸਾਹਮਣੇ ਆ ਰਹੀ ਹੈ ਗੁਰਕਰਨ ਸਿੰਘ ਨੂੰ ਕਤਲ ਦੀ ਸਾਜ਼ਿਸ਼ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਮੌਕਾ ਏ ਵਾਰਦਾਤ ’ਤੇ ਉਸ ਦੀ ਮੌਜੂਦਗੀ ਸਿਰਫ਼ ਦਿਹਾੜੀ ਦੇ ਹਿੱਸੇ ਵਜੋਂ ਰਹੀ। ਦੱਸ ਦੇਈਏ ਕਿ ਵਾਰਦਾਤ ਵੇਲੇ ਗੁਰਕਰਨ ਦੀ ਉਮਰ 20 ਸਾਲ, ਅਭਿਜੀਤ ਦੀ 22 ਸਾਲ ਅਤੇ ਖੁਸ਼ਵੀਰ ਦੀ ਉਮਰ 22 ਸਾਲ ਦਰਜ ਕੀਤੀ ਗਈ। ਉਧਰ ਬਜ਼ੁਰਗ ਜੋੜੇ ਦੀ ਧੀ ਸੈਂਡਰਾ ਬਾਰਥਲ ਨੇ ਅਦਾਲਤੀ ਸੁਣਵਾਈ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 9 ਮਈ 2022 ਨੂੰ ਘਰ ਵਿਚ ਦਾਖਲ ਹੋਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਦੇ ਮਾਪੇ ਮਰ ਚੁੱਕੇ ਸਨ ਅਤੇ ਉਨ੍ਹਾਂ ਦੇ ਵਿਛੋੜੇ ਦਾ ਦਰਦ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਸੈਂਡਰਾ ਦਾ ਦਿਮਾਗ ਮਾਪਿਆਂ ਦੀ ਮੌਤ ਪ੍ਰਵਾਨ ਕਰ ਰਿਹਾ ਸੀ ਪਰ ਦਿਲ ਇਹ ਗੱਲ ਮੰਨਣ ਨੂੰ ਬਿਲਕੁਲ ਵੀ ਰਾਜ਼ੀ ਨਹੀਂ ਸੀ। ਅਰਨੌਲਡ ਅਤੇ ਜੋਆਨ ਦੀ ਦੂਜੀ ਬੇਟੀ ਕਿੰਬਰਲੀ ਕੌਲਮੈਨ ਦਾ ਕਹਿਣਾ ਸੀ ਕਿ ਉਸ ਦੇ ਮਾਪਿਆਂ ਨੇ ਕਦੇ ਕਿਸੇ ਦਾ ਬੁਰਾ ਨਹੀਂ ਸੀ ਕੀਤਾ ਅਤੇ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਵਿਚ ਰੁੱਝੇ ਰਹਿੰਦੇ। ਆਂਢ ਗੁਆਂਢ ਦੇ ਲੋਕਾਂ ਨਾਲ ਦੋਹਾਂ ਦੀ ਬੇਹੱਦ ਮੋਹ-ਪਿਆਰ ਸੀ ਅਤੇ ਜਦੋਂ ਲੋਕਾਂ ਨੂੰ ਕਤਲਕਾਂਡ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਯਕੀਨ ਹੀ ਨਾ ਹੋਇਆ।

Tags:    

Similar News