ਕੈਨੇਡਾ : ਪੰਜਾਬੀ ਟਰੱਕ ਡਰਾਈਵਰ ਨਾਲ ਦਿਲ ਕੰਬਾਊ ਹਾਦਸਾ
ਕੈਨੇਡਾ ਦੇ ਸਸਕੈਚਵਨ ਸੂਬੇ ਵਿਚ ਤਿੰਨ ਟਰੱਕਾਂ ਦੀ ਟੱਕਰ ਦੌਰਾਨ 33 ਸਾਲ ਦਾ ਇੰਦਰਜੀਤ ਸਿੰਘ ਦਮ ਤੋੜ ਗਿਆ ਜੋ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ 5 ਸਾਲ ਤੇ 3 ਸਾਲ ਦੀਆਂ ਧੀਆਂ ਛੱਡ ਗਿਆ ਹੈ
ਵਿੰਨੀਪੈਗ : ਕੈਨੇਡਾ ਦੇ ਸਸਕੈਚਵਨ ਸੂਬੇ ਵਿਚ ਤਿੰਨ ਟਰੱਕਾਂ ਦੀ ਟੱਕਰ ਦੌਰਾਨ 33 ਸਾਲ ਦਾ ਇੰਦਰਜੀਤ ਸਿੰਘ ਦਮ ਤੋੜ ਗਿਆ ਜੋ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ 5 ਸਾਲ ਤੇ 3 ਸਾਲ ਦੀਆਂ ਧੀਆਂ ਛੱਡ ਗਿਆ ਹੈ। ਹਾਦਸਾ ਬਰੌਡਵਿਊ ਸ਼ਹਿਰ ਤੋਂ ਦੋ ਕਿਲੋਮੀਟਰ ਪੂਰਬ ਵੱਲ ਹਾਈਵੇਅ 1 ਅਤੇ ਹਾਈਵੇਅ 201 ਦੇ ਇੰਟਰਸੈਕਸ਼ਨ ਨੇੜੇ ਵਾਪਰਿਆ। ਐਮਰਜੰਸੀ ਕਾਮਿਆਂ ਵੱਲੋਂ ਇੰਦਰਜੀਤ ਸਿੰਘ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਦੋ ਹੋਰਨਾਂ ਟਰੱਕਾਂ ਵਿਚ ਸਵਾਰ ਤਿੰਨ ਜਣਿਆਂ ਵਿਚੋਂ 2 ਨੂੰ ਹਸਪਤਾਲ ਦਾਖਲ ਕਰਵਾਏ ਜਾਣ ਦੀ ਰਿਪੋਰਟ ਹੈ। ਪੁਲਿਸ ਮੁਤਾਬਕ ਤੀਜੇ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ। ਬਰੌਡਵਿਊ ਆਰ.ਸੀ.ਐਮ.ਪੀ. ਮੁਤਾਬਕ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋ ਟ੍ਰਾਂਸਪੋਰਟ ਟਰੱਕਾਂ ਦੀ ਟੱਕਰ ਤੀਜੇ ਟਰੱਕ ਨਾਲ ਹੋਈ ਜੋ ਹਾਈਵੇਅ ਤੋਂ ਖਤਾਨਾਂ ਵਿਚ ਉਤਰ ਗਿਆ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਤੀਜਾ ਟਰੱਕ ਹਾਦਸੇ ਮਗਰੋਂ ਹਾਈਵੇਅ ਤੋਂ ਉਤਰਿਆ ਜਾਂ ਟੱਕਰ ਤੋਂ ਬਚਣ ਲਈ ਡਰਾਈਵਰ ਨੇ ਕੱਟ ਮਾਰਿਆ।
ਇੰਦਰਜੀਤ ਸਿੰਘ ਪਿੱਛੇ ਛੱਡ ਗਿਆ ਰੋਂਦਾ-ਕੁਰਲਾਉਂਦਾ ਪਰਵਾਰ
ਆਰ.ਸੀ.ਐਮ.ਪੀ. ਵੱਲੋਂ ਜਾਨ ਗਵਾਉਣ ਵਾਲੇ ਡਰਾਈਵਰ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ਼ ਐਨਾ ਦੱਸਿਆ ਕਿ ਉਸ ਦੀ ਉਮਰ 33 ਸਾਲ ਅਤੇ ਵਿੰਨੀਪੈਗ ਵਿਖੇ ਰਹਿੰਦਾ ਸੀ ਜਿਸ ਦੇ ਪਰਵਾਰ ਨੂੰ ਹਾਦਸੇ ਬਾਰੇ ਇਤਲਾਹ ਦੇ ਦਿਤੀ ਗਈ। ਦੂਜੇ ਪਾਸੇ ਮਨਪ੍ਰੀਤ ਕੌਰ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਹਾਦਸੇ ਦੌਰਾਨ ਜਾਨ ਗਵਾਉਣ ਵਾਲਾ ਇੰਦਰਜੀਤ ਸਿੰਘ ਵਿੰਨੀਪੈਗ ਨਾਲ ਸਬੰਧਤ ਸੀ। ਇੰਦਰਜੀਤ ਸਿੰਘ ਦੀ ਬਜ਼ੁਰਗ ਮਾਂ, ਪਤਨੀ ਅਤੇ ਧੀਆਂ ਪੰਜਾਬ ਵਿਚ ਰਹਿੰਦੇ ਹਨ ਜਿਸ ਦੇ ਮੱਦੇਨਜ਼ਰ ਉਸ ਦੀ ਦੇਹ ਇੰਡੀਆ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਅਚਨਚੇਤ ਵਾਪਰੀ ਇਸ ਤਰਾਸਦੀ ਨੇ ਪਰਵਾਰ ਨੂੰ ਝੰਜੋੜ ਕੇ ਰੱਖ ਦਿਤਾ ਹੈ। ਦੂਜੇ ਪਾਸੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਫਲੌਂਡ ਕਲਾਂ ਨਾਲ ਸਬੰਧਤ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮਾਪੇ ਅਗਸਤ ਦੇ ਅੰਤ ਵਿਚ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੇ ਜਿਨ੍ਹਾਂ ਨੇ ਅਗਲੇ ਸਾਲ 15 ਫ਼ਰਵਰੀ ਨੂੰ ਪੰਜਾਬ ਪਰਤਣਾ ਸੀ ਪਰ ਬਦਕਿਸਮਤੀ ਨਾਲ ਹਰਵਿੰਦਰ ਸਿੰਘ ਦੇ ਮਾਤਾ ਗੁਰਮੀਤ ਕੌਰ ਨੂੰ ਦਿਲ ਦਾ ਦੌਰਾ ਪੈ ਗਿਆ ਜਿਨ੍ਹਾਂ ਨੂੰ ਇਟੋਬੀਕੋ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਸਪਤਾਲ ਦਾਖਲ ਹੋਣ ਤੋਂ ਦੂਜੇ ਦਿਨ ਮਾਤਾ ਗੁਰਮੀਤ ਕੌਰ ਅਕਾਲ ਚਲਾਣਾ ਕਰ ਗਏ।
ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੀ ਗੁਰਮੀਤ ਕੌਰ ਦੀ ਅਚਨਚੇਤ ਮੌਤ
ਹਰਵਿੰਦਰ ਸਿੰਘ ਮੁਤਾਬਕ ਉਸ ਦੇ ਮਾਪਿਆਂ ਕੋਲ ਟਰੈਵਲ ਇੰਸ਼ੋਰੈਂਸ ਨਹੀਂ ਸੀ ਅਤੇ ਹਸਪਤਾਲ ਦਾ ਬਿਲ ਅਦਾ ਕਰਨਾ ਮੁਸ਼ਕਲ ਹੋ ਗਿਆ ਹੈ। ਹਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਵਰਕ ਪਰਮਿਟ ’ਤੇ ਕੈਨੇਡਾ ਵਿਚ ਮੌਜੂਦ ਹਨ ਅਤੇ ਆਰਥਿਕ ਹਾਲਤ ਐਨੀ ਮਜ਼ਬੂਤ ਨਹੀਂ ਕਿ ਹਸਪਤਾਲ ਦਾ ਬਿਲ ਉਤਾਰ ਸਕਣ ਅਤੇ ਮਾਤਾ ਗੁਰਮੀਤ ਕੌਰ ਦਾ ਅੰਤਮ ਸਸਕਾਰ ਕੀਤਾ ਜਾ ਸਕੇ। ਹਰਵਿੰਦਰ ਸਿੰਘ ਵੱਲੋਂ ਗੋਫੰਡਮੀ ਪੇਜ ਰਾਹੀਂ 22 ਹਜ਼ਾਰ ਡਾਲਰ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਅਕਾਲ ਚਲਾਣਾ ਕਰਨ ਵਾਲੇ ਅਮਰਜੀਤ ਸਿੰਘ ਦੇ ਪਰਵਾਰ ਵੱਲੋਂ ਅੰਤਮ ਰਸਮਾਂ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਨਿਊ ਜਰਸੀ ਦੇ ਪਲੇਨਜ਼ ਬੋਰੋ ਨਾਲ ਸਬੰਧਤ ਆਸ਼ੀ ਸਿੰਘ ਮੁਤਬਕ ਦੁੱਖ ਦੀ ਇਸ ਘੜੀ ਵਿਚ ਮਾਮੂਲੀ ਤੋਂ ਮਾਮੂਲੀ ਸਹਾਇਤਾ ਪਰਵਾਰ ਦਾ ਆਰਥਿਕ ਬੋਝ ਘਟਾ ਸਕਦੀ ਹੈ।