ਕੈਨੇਡਾ : ਪੰਜਾਬੀ ਨੌਜਵਾਨਾਂ ਦੇ ਹੱਕ ’ਚ ਨਿੱਤਰੇ ਗੁਰਦਵਾਰਾ ਸਾਹਿਬਾਨ
ਕੈਨੇਡਾ ਛੱਡ ਕੇ ਜਾਣ ਲਈ ਮਜਬੂਰ ਕੀਤੇ ਜਾ ਰਹੇ ਸੈਂਕੜੇ ਪੰਜਾਬੀ ਨੌਜਵਾਨਾਂ ਦੀ ਬਾਂਹ ਉਨਟਾਰੀਓ ਗੁਰਦਵਾਰਾਜ਼ ਕਮੇਟੀ ਨੇ ਫੜੀ ਹੈ ਅਤੇ ਡਗ ਫ਼ੋਰਡ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਿੱਧੇ ਤੌਰ ’ਤੇ ਅਰਜ਼ੀਆਂ ਰੱਦ ਕਰਨ ਦੇ ਫੈਸਲੇ ਉਤੇ ਮੁੜ ਗੌਰ ਕੀਤਾ ਜਾਵੇ
ਟੋਰਾਂਟੋ : ਕੈਨੇਡਾ ਛੱਡ ਕੇ ਜਾਣ ਲਈ ਮਜਬੂਰ ਕੀਤੇ ਜਾ ਰਹੇ ਸੈਂਕੜੇ ਪੰਜਾਬੀ ਨੌਜਵਾਨਾਂ ਦੀ ਬਾਂਹ ਉਨਟਾਰੀਓ ਗੁਰਦਵਾਰਾਜ਼ ਕਮੇਟੀ ਨੇ ਫੜੀ ਹੈ ਅਤੇ ਡਗ ਫ਼ੋਰਡ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਿੱਧੇ ਤੌਰ ’ਤੇ ਅਰਜ਼ੀਆਂ ਰੱਦ ਕਰਨ ਦੇ ਫੈਸਲੇ ਉਤੇ ਮੁੜ ਗੌਰ ਕੀਤਾ ਜਾਵੇ। ਕਮੇਟੀ ਦੇ ਚੇਅਰਪਰਸਨ ਮਨਜੀਤ ਸਿੰਘ ਗਰੇਵਾਲ ਅਤੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬਗੈਰ ਕਿਸੇ ਪੜਤਾਲ ਤੋਂ ਹਜ਼ਾਰਾਂ ਅਰਜ਼ੀਆਂ ਰੱਦ ਕੀਤੇ ਜਾਣ ਕਰ ਕੇ ਇਮਾਨਦਾਰ ਅਤੇ ਮਿਹਨਤੀ ਕਾਮਿਆਂ ਦੇ ਭਵਿੱਖ ਉਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਜਿਨ੍ਹਾਂ ਦੇ ਵਰਕ ਪਰਮਿਟ ਪਹਿਲਾਂ ਹੀ ਖ਼ਤਮ ਹੋ ਚੁੱਕੇ ਹਨ ਜਾਂ ਖ਼ਤਮ ਹੋਣ ਵਾਲੇ ਹਨ। ਧੋਖਾਧੜੀ ਦਾ ਦੋਸ਼ ਲੱਗਣ ਕਰ ਕੇ ਇਹ ਨੌਜਵਾਨ ਕਿਸੇ ਹੋਰ ਸੂਬੇ ਵਿਚ ਵੀ ਇੰਮੀਗ੍ਰੇਸ਼ਨ ਅਰਜ਼ੀਆਂ ਦਾਖਲ ਕਰਨ ਦੇ ਯੋਗ ਨਹੀਂ ਰਹਿ ਗਏ। ਮਨਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਨਟਾਰੀਓ ਗੁਰਦਵਾਰਾਜ਼ ਕਮੇਟੀ ਇਨਸਾਫ਼ ਦੇ ਸਿੱਖੀ ਸਿਧਾਂਤ ਉਤੇ ਡਟ ਕੇ ਪਹਿਰਾ ਦੇ ਰਹੀ ਹੈ ਅਤੇ ਹਰ ਕੈਨੇਡੀਅਨ ਨੂੰ ਸੱਦਾ ਦਿਤਾ ਜਾਂਦਾ ਹੈ ਕਿ ਉਹ ਨਾਇਨਸਾਫ਼ੀ ਵਾਲੀਆਂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ।
ਉਨਟਾਰੀਓ ਗੁਰਦਵਾਰਾਜ਼ ਕਮੇਟੀ ਦਾ ਵੱਡਾ ਐਲਾਨ
ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਪਣਾ ਸ਼ੱਕ ਦੂਰ ਕਰਨ ਲਈ ਉਮੀਦਵਾਰਾਂ ਵੱਲੋਂ ਦਾਇਰ ਦਸਤਾਵੇਜ਼ਾਂ ਦੀ ਪੜਤਾਲ ਕਰਵਾ ਸਕਦੀ ਹੈ ਜਿਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਇੰਮੀਗ੍ਰੇਸ਼ਨ ਨੌਮਿਨੀ ਪ੍ਰੋਗਰਾਮ ਅਧੀਨ ਆਈਆਂ 2,680 ਅਰਜ਼ੀਆਂ ਡਗ ਫ਼ੋਰਡ ਸਰਕਾਰ ਨੇ ਪਿਛਲੇ ਦਿਨੀਂ ਰੱਦ ਕਰ ਦਿਤੀਆਂ ਅਤੇ ਉਮੀਦਵਾਰਾਂ ਉਤੇ ਧੋਖਾਧੜੀ ਕਰਨ ਜਾਂ ਗੁੰਮਰਾਹਕੁਨ ਜਾਣਕਾਰੀ ਪੇਸ਼ ਕਰਨ ਦੇ ਦੋਸ਼ ਲਾਏ ਗਏ। ਇਸੇ ਦੌਰਾਨ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੁਝ ਨੌਜਵਾਨ ਕੈਨੇਡਾ ਵਿਚ ਪੱਕੇ ਹੋਣ ਲਈ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲੈਂਦੇ ਹਨ ਪਰ ਖਮਿਆਜ਼ਾ ਸਭਨਾਂ ਨੂੰ ਭੁਗਤਣਾ ਪੈਂਦਾ ਹੈ। ਫੈਡਰਲ ਸਰਕਾਰ ਵੱਲੋਂ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਪ੍ਰਵਾਨ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਘਟਾ ਕੇ ਅੱਧੀ ਕੀਤੇ ਜਾਣ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਅਤੇ ਪੂਰੇ ਕੈਨੇਡਾ ਵਿਚ ਵਰਕ ਪਰਮਿਟ ’ਤੇ ਮੌਜੂਦ ਨੌਜਵਾਨਾਂ ਵਾਸਤੇ ਹਾਲਾਤ ਚੁਣੌਤੀਆਂ ਭਰੇ ਬਣ ਚੁੱਕੇ ਹਨ। ਅੰਕਿਤ ਪਟੇਲ ਵਰਗੇ ਕੁਝ ਨੌਜਵਾਨਾਂ ਨੇ ਭਾਰਤ ਵਾਪਸੀ ਕਰਨ ਦੀ ਤਿਆਰੀ ਵੀ ਆਰੰਭ ਦਿਤੀ ਹੈ।
ਕੁਝ ਨੌਜਵਾਨਾਂ ਨੇ ਖਰੀਦੀਆਂ ਭਾਰਤ ਵਾਪਸੀ ਦੀਆਂ ਟਿਕਟਾਂ
28 ਸਾਲ ਦਾ ਅੰਕਿਤ ਪੈਅਲ 2019 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਲੰਡਨ ਦੇ ਫੈਨਸ਼ਾਅ ਕਾਲਜ ਤੋਂ ਸਪਲਾਈ ਚੇਨ ਮੈਨੇਜਮੈਂਟ ਦੀ ਡਿਗਰੀ ਹਾਸਲ ਕੀਤੀ। ਤਿੰਨ ਸਾਲ ਦਾ ਵਰਕ ਪਰਮਿਟ ਹਾਸਲ ਹੋਣ ’ਤੇ ਉਹ ਨਾਮੀ ਕੰਪਨੀ ਵਿਚ ਕੰਪਿਊਟਰ ਨਿਊਮੈਰਿਕਲ ਕੰਟਰੋਲ ਅਪ੍ਰੇਟਰ ਵਜੋਂ ਕੰਮ ਕਰਨ ਲੱਗਾ। ਅਕਤੂਬਰ 2024 ਵਿਚ ਉਸ ਦੇ ਵਰਕ ਪਰਮਿਟ ਦੀ ਮਿਆਦ ਸਿਰਫ਼ ਤਿੰਨ ਮਹੀਨੇ ਬਚੀ ਸੀ ਅਤੇ ਉਸ ਵੇਲੇ ਅੰਕਿਤ ਨੇ ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਅਧੀਨ ਪੀ.ਆਰ. ਦੀ ਅਰਜ਼ੀ ਦਾਖਲ ਕਰ ਦਿਤੀ। ਭਾਵੇਂ ਇਹ ਪ੍ਰੋਗਰਾਮ ਫਾਸਟ ਟ੍ਰੈਕ ਮੰਨਿਆ ਜਾਂਦਾ ਹੈ ਪਰ ਪਿਛਲੇ ਦਿਨੀਂ ਅਰਜ਼ੀਆਂ ਰੱਦ ਕੀਤੇ ਜਾਣ ਮਗਰੋਂ ਉਸ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਹੁਣ ਅੰਕਿਤ ਨੇ ਭਾਰਤੀ ਵਾਪਸੀ ਕਰਨ ਦਾ ਫੈਸਲਾ ਲਿਆ ਕਿਉਂਕਿ ਉਸ ਦਾ ਵਰਕ ਪਰਮਿਟ ਜਨਵਰੀ 2025 ਵਿਚ ਹੀ ਖ਼ਤਮ ਹੋ ਗਿਆ ਸੀ।