ਕੈਨੇਡਾ ਨੇ ਡਿਪੋਰਟ ਕੀਤੇ 8 ਹਜ਼ਾਰ ਪ੍ਰਵਾਸੀ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਅਤੇ ਡਿਪੋਰਟੇਸ਼ਨ ਦੀਆਂ ਖਬਰਾਂ ਦਰਮਿਆਨ ਕੈਨੇਡਾ ਸਰਕਾਰ ਵੱਲੋਂ ਅੱਠ ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿਤਾ ਗਿਆ।;
ਟੋਰਾਂਟੋ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਅਤੇ ਡਿਪੋਰਟੇਸ਼ਨ ਦੀਆਂ ਖਬਰਾਂ ਦਰਮਿਆਨ ਕੈਨੇਡਾ ਸਰਕਾਰ ਵੱਲੋਂ ਅੱਠ ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿਤਾ ਗਿਆ। ਜੀ ਹਾਂ, 2024 ਦੌਰਾਨ ਡਿਪੋਰਟ ਕੀਤੇ ਜ਼ਿਆਦਾਤਰ ਪ੍ਰਵਾਸੀਆਂ ਨੇ ਕੈਨੇਡਾ ਵਿਚ ਅਸਾਇਲਮ ਦਾ ਦਾਅਵਾ ਪੇਸ਼ ਕੀਤਾ ਪਰ ਆਪਣੇ ਦਾਅਵੇ ਦੀ ਹਮਾਇਤ ਵਿਚ ਠੋਸ ਦਸਤਾਵੇਜ਼ ਪੇਸ਼ ਨਾ ਕਰ ਸਕੇ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਪੱਸ਼ਟ ਤੌਰ ’ਤੇ ਆਖ ਦਿਤਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਮੌਜੂਦ ਵਿਦੇਸ਼ੀ ਨਾਗਰਿਕ ਖੁਦ-ਬ-ਖੁਦ ਕੈਨੇਡਾ ਛੱਡ ਦੇਣ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਸਰਕਾਰ ਉਨ੍ਹਾਂ ਨੂੰ ਡਿਪੋਰਟ ਕਰੇਗੀ।
ਇੰਮੀਗ੍ਰੇਸ਼ਨ ਮੰਤਰੀ ਨੇ ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਸੁਚੇਤ
ਇੰਮੀਗ੍ਰੇਸ਼ਨ ਮਹਿਕਮਾ ਮੌਜੂਦਾ ਵਰ੍ਹੇ ਦੌਰਾਨ 10 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੱਢਣਾ ਚਾਹੁੰਦਾ ਹੈ ਅਤੇ ਅਗਲੇ ਸਾਲ ਵਾਸਤੇ ਵੀ ਤਕਰੀਬਨ ਐਨਾ ਹੀ ਅੰਕੜਾ ਤੈਅ ਕੀਤਾ ਗਿਆ ਹੈ। ਯੂਨੀਵਰਸਿਟੀ ਆਫ਼ ਟੋਰਾਂਟੋ ਵਿਚ ਕਾਨੂੰਨ ਦੀ ਪ੍ਰੋਫੈਸਰ ਅਤੇ ਮਨੁੱਖੀ ਅਧਿਕਾਰ ਮਾਮਲੇ ਵਿਭਾਗ ਦੀ ਮੁਖੀ ਔਡਰੀ ਮੈਕਲਿਨ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਅਸਾਇਲਮ ਕਲੇਮਜ਼ ਵਿਚ ਲਗਾਤਾਰ ਹੋ ਰਹੇ ਵਾਧੇ ਤੋਂ ਇੰਮੀਗ੍ਰੇਸ਼ਨ ਵਾਲੇ ਚਿੰਤਤ ਹਨ ਅਤੇ ਅਮਰੀਕਾ ਵਿਚ ਚੱਲ ਰਹੀ ਦੇਸ਼ ਨਿਕਾਲੇ ਦੀ ਮੁਹਿੰਮ ਦਰਮਿਆਨ ਕੈਨੇਡਾ ਵਿਚ ਵੀ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਲੋਕਾਂ ਨੂੰ ਖੌਫਜ਼ਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਮੈਕਲਿਨ ਮੁਤਾਬਕ ਆਮ ਤੌਰ ’ਤੇ ਉਹੀ ਲੋਕ ਡਿਪੋਰਟ ਕੀਤੇ ਜਾਂਦੇ ਹਨ ਜੋ ਸੌਖਿਆਂ ਕਾਬੂ ਆ ਜਾਣ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਅਸਾਇਲਮ ਕਲੇਮ ਵਾਲੇ ਹੁੰਦੇ ਹਨ। ਦੱਸ ਦੇਈਏ ਕਿ ਵੀਜ਼ਾ ਮਿਆਦ ਲੰਘਣ ਦੇ ਬਾਵਜੂਦ ਵਾਪਸੀ ਨਾ ਕਰਨ ਵਾਲਿਆਂ ਜਾਂ ਅਸਾਇਲਮ ਦਾਅਵਾ ਕਰਨ ਵਾਲਿਆਂ ਨੂੰ ਡਿਪੋਰਟ ਕਰਨ ’ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 2023-24 ਦੌਰਾਨ 65.8 ਮਿਲੀਅਨ ਡਾਲਰ ਖਰਚ ਕੀਤੇ ਗਏ ਜਦਕਿ ਇਸ ਤੋਂ ਪਿਛਲੇ ਸਾਲ 56 ਮਿਲੀਅਨ ਡਾਲਰ ਖਰਚ ਕੀਤੇ ਗਏ ਸਨ।
ਖੁਦ ਨਾ ਗਏ ਤਾਂ ਫੜ ਕੇ ਕੱਢਾਂਗੇ : ਮਾਰਕ ਮਿਲਰ
ਇੰਮੀਗ੍ਰੇਸ਼ਨ ਦੇ ਜਾਣਕਾਰਾਂ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਵਿਚੋਂ ਕੱਢੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਕਿਤੇ ਜ਼ਿਆਦਾ ਵਧ ਸਕਦੀ ਹੈ। ਦੂਜੇ ਪਾਸੇ ਇੰਮੀਗ੍ਰੇਸ਼ਨ ਅਤੇ ਰਫ਼ਿਊਜੀ ਬੋਰਡ ਦੇ ਅੰਕੜਿਆਂ ਮੁਤਾਬਕ ਅਸਾਇਲਮ ਦਾਅਵੇ ਕਰਨ ਵਾਲਿਆਂ ਦਾ ਅੰਕੜਾ 2 ਲੱਖ 78 ਹਜ਼ਾਰ ਤੋਂ ਟੱਪ ਗਿਆ ਹੈ। ਜਨਵਰੀ ਮਹੀਨੇ ਦੌਰਾਨ 11,840 ਵਿਦੇਸ਼ੀ ਨਾਗਰਿਕਾਂ ਵੱਲੋਂ ਕੈਨੇਡਾ ਵਿਚ ਪਨਾਹ ਮੰਗੀ ਗਈ ਜਦਕਿ ਜੁਲਾਈ 2024 ਦੌਰਾਨ ਇਹ ਅੰਕੜਾ 19,821 ਦਰਜ ਕੀਤਾ ਗਿਆ ਸੀ। ਸਤੰਬਰ 2023 ਮਗਰੋਂ ਇਕ ਮਹੀਨੇ ਵਿਚ ਆਏ ਅਸਾਇਲਮ ਦੇ ਦਾਅਵਿਆਂ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ ਅਤੇ ਇਸ ਵਿਚ ਹੋਰ ਕਮੀ ਆਉਣ ਦੇ ਆਸਾਰ ਹਨ। ਦੂਜੇ ਪਾਸੇ ਇੰਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਊਥ ਏਸ਼ੀਅਨ ਅਤੇ ਅਫ਼ਰੀਕੀ ਲੋਕਾਂ ਨੂੰ ਦਿਤੇ ਜਾ ਰਹੇ ਵਿਜ਼ਟਰ ਵੀਜ਼ਿਆਂ ਵਿਚ ਸਭ ਤੋਂ ਵੱਡੀ ਕਟੌਤੀ ਕੀਤੀ ਗਈ ਹੈ। 2023 ਵਿਚ ਕੈਨੇਡਾ ਵੱਲੋਂ 18 ਲੱਖ ਵਿਜ਼ਟਰ ਵੀਜ਼ੇ ਜਾਰੀ ਕੀਤੇ ਗਏ ਜਦਕਿ 2024 ਵਿਚ ਇਹ ਅੰਕੜਾ ਘਟਾ ਕੇ 15 ਲੱਖ ਕਰ ਦਿਤਾ ਗਿਆ। ਦੱਸ ਦੇਈਏ ਕਿ ਕੈਨੇਡਾ ਵਿਚ ਹਾਊਸਿੰਗ ਸੰਕਟ ਅਤੇ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਲਈ ਮੁਲਕ ਵਿਚ ਆਰਜ਼ੀ ਤੌਰ ’ਤੇ ਮੌਜੂਦ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣ ਲੱਗਾ ਜਿਸ ਮਗਰੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਸੀਮਤ ਕਰ ਦਿਤੀ ਗਈ ਅਤੇ ਵਿਜ਼ਟਰ ਵੀ ਘਟਾਏ ਜਾ ਰਹੇ ਹਨ।