ਕੈਨੇਡਾ ਅਤੇ ਭਾਰਤ ਵੱਲੋਂ ਦੁਵੱਲਾ ਵਪਾਰ 70 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ
ਕੈਨੇਡਾ ਅਤੇ ਭਾਰਤ ਵੱਲੋਂ ਦੁਵੱਲਾ ਵਪਾਰ 70 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ ਮਿੱਥਿਆ ਗਿਆ ਹੈ
ਟੋਰਾਂਟੋ : ਕੈਨੇਡਾ ਅਤੇ ਭਾਰਤ ਵੱਲੋਂ ਦੁਵੱਲਾ ਵਪਾਰ 70 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ ਮਿੱਥਿਆ ਗਿਆ ਹੈ। ਦੱਖਣੀ ਅਫ਼ਰੀਕਾ ਵਿਚ ਜੀ-20 ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਨੂੰ ਇਕ ਭਰੋਸੇਮੰਦ ਭਾਈਵਾਲ ਕਰਾਰ ਦਿਤਾ। ਮਾਰਕ ਕਾਰਨੀ ਨਵੇਂ ਵਰ੍ਹੇ ਦੇ ਆਰੰਭ ਵਿਚ ਭਾਰਤ ਫੇਰੀ ’ਤੇ ਜਾ ਰਹੇ ਹਨ ਅਤੇ ਇਸ ਦੌਰਾਨ ਦੋਹਾਂ ਮੁਲਕਾਂ ਵਿਚਾਲੇ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਹੋਰ ਅੱਗੇ ਵਧਣ ਦੇ ਆਸਾਰ ਹਨ। ਪੱਤਰਕਾਰਾਂ ਨੇ ਜਦੋਂ ਭਾਰਤ ਵੱਲੋਂ ਪੈਦਾ ਹੋ ਰਹੇ ਖ਼ਤਰੇ ਬਾਰੇ ਪੁੱਛਿਆ ਤਾਂ ਮਾਰਕ ਕਾਰਨੀ ਨੇ ਕਿਹਾ ਕਿ ਵਿਦੇਸ਼ ਦਖਲ ਦੇ ਮੁੱਦੇ ’ਤੇ ਕੈਨੇਡਾ ਨੂੰ ਸੁਚੇਤ ਰਹਿਣਾ ਹੋਵੇਗਾ ਅਤੇ ਇਸ ਪਾਸੇ ਕੋਈ ਕੋਤਾਹੀ ਨਹੀਂ ਵਰਤੀ ਜਾ ਸਕਦੀ।
ਜੀ-20 ਸੰਮੇਲਨ ਦੌਰਾਨ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਦੀਆਂ ਮੁਲਾਕਾਤ
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨਾਲ ਕੈਨੇਡਾ ਦਾ ਮਜ਼ਬੂਤ ਕਾਰੋਬਾਰੀ ਰਿਸ਼ਤਾ ਰਿਹਾ ਹੈ ਅਤੇ ਭਾਰਤ ਵਿਚ ਨਿਵੇਸ਼ ਕਰਨ ਵਾਲੇ ਮੋਹਰੀ ਮੁਲਕਾਂ ਵਿਚੋਂ ਕੈਨੇਡਾ ਇਕ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵੱਲੋਂ ਗੈਰਫੌਜੀ ਪ੍ਰਮਾਣੂ ਸਹਿਯੋਗ ਵਧਾਉਣ ’ਤੇ ਜ਼ੋਰ ਦਿਤਾ ਗਿਆ ਜਦਕਿ ਮਾਰਕ ਕਾਰਨੀ ਦੇ ਦਫ਼ਤਰ ਵੱਲੋਂ ਭਾਰਤ ਵਿਚ ਡਿਪਲੋਮੈਟਸ ਦੀ ਗਿਣਤੀ ਵਧਾਉਣ ਅਤੇ ਦੋਹਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਸੁਖਾਵੇਂ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰਨ ’ਤੇ ਜ਼ੋਰ ਦਿਤਾ। ਇਥੇ ਦਸਣਾ ਬਣਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਭਾਰਤ ਸਰਕਾਰ ਉਤੇ ਦੋਸ਼ ਲਾਏ ਜਾਣ ਮਗਰੋਂ ਦੋਹਾਂ ਮੁਲਕਾਂ ਵਿਚਾਲੇ ਕਾਰੋਬਾਰੀ ਗੱਲਬਾਤ ਠੱਪ ਹੋ ਗਈ। ਵਿਆਪਕ ਆਰਥਿਕ ਭਾਈਵਾਲ ਸੰਧੀ ਨਾਲ ਸਬੰਧਤ ਗੱਲਬਾਤ 2010 ਵਿਚ ਆਰੰਭੀ ਗਈ ਪਰ ਹੁਣ ਤੱਕ ਕੋਈ ਠੋਸ ਸਿੱਟਾ ਸਾਹਮਣੇ ਨਹੀਂ ਆ ਸਕਿਆ। ਹਾਲ ਹੀ ਵਿਚ ਕੈਨੇਡੀਅਨ ਖੁਫ਼ੀਆ ਏਜੰਸੀ ਦੇ ਮੁਖੀ ਡੈਨ ਰੌਜਰਜ਼ ਵੱਲੋਂ ਉਨ੍ਹਾਂ ਚਾਰ ਮੁਲਕਾਂ ਵਿਚ ਸ਼ਾਮਲ ਕੀਤਾ ਗਿਆ ਜੋ ਕੈਨੇਡਾ ਵਸਤੇ ਖਤਰਾ ਪੈਦਾ ਕਰ ਰਹੇ ਹਨ।