Canada : ਡਾਕੇ ਅਤੇ ਫ਼ਰੌਡ ਦੇ ਮਾਮਲਿਆਂ ਵਿਚ 5 Indians ਕਾਬੂ
ਕੈਨੇਡਾ ਦੇ ਲੋਕਾਂ ਤੋਂ 5 ਲੱਖ ਡਾਲਰ ਠੱਗਣ ਵਾਲੇ ਤਿੰਨ ਭਾਰਤੀ ਨੌਜਵਾਨਾਂ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਭੰਗ ਦੇ ਸਟੋਰ ’ਤੇ ਡਾਕਾ ਮਾਰਨ ਦੇ ਦੋਸ਼ ਹੇਠ ਸਤਨਾਮ ਸਿੰਘ ਅਤੇ ਗੁਰਕੀਰਤ ਧਾਲੀਵਾਲ ਨੂੰ ਕਾਬੂ ਕੀਤਾ ਗਿਆ ਹੈ
ਟੋਰਾਂਟੋ : ਕੈਨੇਡਾ ਦੇ ਲੋਕਾਂ ਤੋਂ 5 ਲੱਖ ਡਾਲਰ ਠੱਗਣ ਵਾਲੇ ਤਿੰਨ ਭਾਰਤੀ ਨੌਜਵਾਨਾਂ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਭੰਗ ਦੇ ਸਟੋਰ ’ਤੇ ਡਾਕਾ ਮਾਰਨ ਦੇ ਦੋਸ਼ ਹੇਠ ਸਤਨਾਮ ਸਿੰਘ ਅਤੇ ਗੁਰਕੀਰਤ ਧਾਲੀਵਾਲ ਨੂੰ ਕਾਬੂ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਦੀ ਵਿੱਤੀ ਅਪਰਾਧ ਇਕਾਈ ਨੇ ਦੱਸਿਆ ਕਿ 23 ਸਾਲ ਦੇ ਜਸ਼ਨਬੀਰ ਜੱਬਲ, 25 ਸਾਲ ਦੇ ਗੁਰਬੀਰ ਜੱਬਲ ਅਤੇ 23 ਸਾਲ ਦੇ ਆਰਿਅਨ ਗੁਪਤਾ ਨੇ ਕਥਿਤ ਤੌਰ ’ਤੇ ਪੂਰੇ ਕੈਨੇਡਾ ਵਿਚ ਫਰੌਡ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ। ਇਸ ਗਿਰੋਹ ਵੱਲੋਂ ਜਾਅਲੀ ਚੈੱਕ ਬੈਂਕ ਵਿਚ ਜਮ੍ਹਾਂ ਕਰਵਾਏ ਜਾਂਦੇ ਅਤੇ ਇਸ ਤੋਂ ਪਹਿਲਾਂ ਕਿ ਫ਼ਰਜ਼ੀ ਚੈੱਕ ਬਾਰੇ ਪਤਾ ਲੱਗਣ ’ਤੇ ਖਾਤੇ ਵਿਚੋਂ ਰਕਮ ਵਾਪਸ ਜਾਵੇ, ਇਕ ਮੈਂਬਰ ਏ.ਟੀ.ਐਮ. ਰਾਹੀਂ ਰਕਮ ਕਢਵਾਉਣ ਵਾਸਤੇ ਤਿਆਰ ਬਰ ਤਿਆਰ ਰਹਿੰਦਾ।
ਜਸ਼ਨਬੀਰ, ਗੁਰਬੀਰ ਅਤੇ ਆਰਿਅਨ ਗੁਪਤਾ ’ਤੇ ਲੱਗੇ ਫ਼ਰੌਡ ਦੇ ਦੋਸ਼
ਪੁਲਿਸ ਮੁਤਾਬਕ ਜਾਅਲੀ ਚੈੱਕਸ ਦੇ ਆਧਾਰ ’ਤੇ ਲੋਕਾਂ ਦੇ ਖਾਤਿਆਂ ਵਿਚੋਂ 5 ਲੱਖ ਡਾਲਰ ਕਢਵਾਏ ਗਏ। ਪ੍ਰੌਜੈਕਟ ਕਾਰਬਨ ਕੌਪੀ ਅਧੀਨ ਫਰੌਡ ਦੇ ਇਨ੍ਹਾਂ ਮਾਮਲਿਆਂ ਦੀ ਪੜਤਾਲ ਫ਼ਰਵਰੀ 2025 ਵਿਚ ਆਰੰਭੀ ਗਈ ਅਤੇ ਦੰਸਬਰ ਵਿਚ ਤਲਾਸ਼ੀ ਵਾਰੰਟਾਂ ਦੇ ਤਾਮੀਲ ਕਰਦਿਆਂ ਸ਼ੱਕੀਆਂ ਦੀ ਪੈੜ ਨੱਪੀ ਜਾ ਸਕੀ। ਬਰੈਂਪਟਨ ਦੇ ਇਕ ਘਰ ਵਿਚ ਮਾਰੇ ਛਾਪੇ ਦੌਰਾਨ 70 ਹਜ਼ਾਰ ਡਾਲਰ ਨਕਦ, ਸੋਨਾ, ਚੈੱਕ, ਬੈਂਕ ਦਸਤਾਵੇਜ਼, ਮਹਿੰਗੇ ਕੱਪੜੇ, ਸੈੱਲ ਫੋਨ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ। ਬਰੈਂਪਟਨ ਦੇ ਜਸ਼ਨਬੀਰ ਜੱਬਲ, ਗੁਰੀਬਰ ਜੱਬਲ ਅਤੇ ਆਰਿਅਨ ਗੁਪਤਾ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਫ਼ਰੌਡ ਕਰਨ ਦੇ ਦੋ-ਦੋ ਦੋਸ਼ ਆਇਦ ਕੀਤੇ ਗਏ ਹਨ ਅਤੇ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਤਿੰਨਾਂ ਦੀ ਪੇਸ਼ੀ 28 ਜਨਵਰੀ ਨੂੰ ਹੋਵੇਗੀ। ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਫਰੌਡ ਦੇ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 416 808 7300 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਉਨਟਾਰੀਓ ਦੇ ਸੇਂਟ ਕੈਥਰੀਨਜ਼ ਵਿਖੇ ਭੰਗ ਦਾ ਇਕ ਸਟੋਰ ਲੁੱਟਣ ਵਾਲਿਆਂ ਦੀ ਭਾਲ ਕਰ ਰਹੀ ਨਿਆਗਰਾ ਰੀਜਨਲ ਪੁਲਿਸ ਵੱਲੋਂ 31 ਸਾਲ ਦੇ ਸਤਨਾਮ ਸਿੰਘ ਅਤੇ 30 ਸਾਲ ਦੇ ਗੁਰਕੀਰਤ ਧਾਲੀਵਾਲ ਵਿਰੁੱਧ ਬਰੇਕ ਐਂਡ ਐਂਟo, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਅਤੇ ਭੇਖ ਬਦਲਣ ਦੇ ਦੋਸ਼ ਆਇਦ ਕੀਤੇ ਗਏ ਹਨ।
ਸਤਨਾਮ ਸਿੰਘ ਅਤੇ ਗੁਰਕੀਰਤ ਧਾਲੀਵਾਲ ਵਿਰੁੱਧ ਡਾਕਾ ਮਾਰਨ ਦੇ ਦੋਸ਼
ਦੋਵੇਂ ਸ਼ੱਕੀ ਬਰੈਂਪਟਨ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਿਨ੍ਹਾਂ ਕੋਲੋਂ 40 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੇ ਵੇਪਰ ਪ੍ਰੋਡਕਟ ਬਰਾਮਦ ਕੀਤੇ ਗਏ। ਦੱਸ ਦੇਈਏ ਕਿ ਨਿਆਗਰਾ ਰੀਜਨਲ ਪੁਲਿਸ ਦੀ ਕਾਰਵਾਈ ਬੀਤੀ 15 ਨਵੰਬਰ ਨੂੰ ਸਵੇਰੇ ਤਕਰੀਬਨ ਸਾਢੇ ਚਾਰ ਵਜੇ ਹੋਈ ਲੁੱਟ ਦੀ ਵਾਰਦਾਤ ਨਾਲ ਸਬੰਧਤ ਹੈ ਜਦੋਂ ਲੇਕ ਸਟ੍ਰੀਟ ਦੇ ਵੇਪ ਸਟੋਰ ’ਤੇ ਡਾਕਾ ਵੱਜਾ। ਵਾਟਰਲੂ ਰੀਜਨਲ ਪੁਲਿਸ ਵੱਲੋਂ ਵੀ ਪੜਤਾਲ ਵਿਚ ਸਹਿਯੋਗ ਦਿਤਾ ਗਿਆ ਅਤੇ ਬਰੈਂਪਟਨ ਵਿਖੇ ਵੀ ਇਕ ਸਟੋਰ ਲੁੱਟਣ ਦੀ ਵਾਰਦਾਤ ਸਾਹਮਣੇ ਆਈ। ਅਦਾਲਤ ਵਿਚ ਪੇਸ਼ੀ ਤੱਕ ਦੋਹਾਂ ਨੂੰ ਜੇਲ ਵਿਚ ਰੱਖਿਆ ਗਿਆ ਹੈ ਅਤੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ ਨਿਆਗਰਾ ਰੀਜਨਲ ਪੁਲਿਸ ਨਾਲ 905 688 4111 ਔਪਸ਼ਨ 3 ਐਕਸਟੈਨਸ਼ਨ 1009 009 ’ਤੇ ਕਾਲ ਕੀਤੀ ਜਾ ਸਕਦੀ ਹੈ।