ਕੈਨੇਡਾ : 2 ਪੰਜਾਬੀ ਪੁੱਠੇ ਕੰਮ ਕਰਦੇ ਫੜੇ

ਕੈਨੇਡਾ ਵਿਚ ਪੁੱਠੇ ਕੰਮ ਕਰਦੇ 2 ਪੰਜਾਬੀ ਨੌਜਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

Update: 2024-09-21 11:27 GMT

ਟੋਰਾਂਟੋ : ਕੈਨੇਡਾ ਵਿਚ ਪੁੱਠੇ ਕੰਮ ਕਰਦੇ 2 ਪੰਜਾਬੀ ਨੌਜਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ। 26 ਸਾਲ ਦੇ ਜਗਦੀਪ ਸਿੰਘ ’ਤੇ ਨਸ਼ਾ ਕਰ ਕੇ ਟਰੱਕ ਦੇ ਲਹਿਰੀਏ ਪਵਾਉਣ ਦੇ ਦੋਸ਼ ਲੱਗੇ ਹਨ ਜਿਸ ਨੇ ਕਥਿਤ ਤੌਰ ’ਤੇ ਹੋਰਨਾਂ ਦੀ ਜਾਨ ਵੀ ਖਤਰੇ ਵਿਚ ਪਾ ਦਿਤੀ। ਦੂਜੇ ਪਾਸੇ ਡਰਹਮ ਰੀਜਨਲ ਪੁਲਿਸ 25-26 ਸਾਲ ਦੇ ਪੰਜਾਬੀ ਨੌਜਵਾਨ ਦੀ ਭਾਲ ਕਰ ਰਹੀ ਹੈ ਜਿਸ ਨੇ ਬੱਸ ਵਿਚ ਬੈਠੀ ਕੁੜੀ ਨੂੰ ਜ਼ਬਰਦਸਤੀ ਕਲਾਵੇ ਵਿਚ ਲੈ ਲਿਆ ਅਤੇ ਰੌਲਾ ਪੈਣ ਮਗਰੋਂ ਫਰਾਰ ਹੋ ਗਿਆ। ਉਨਟਾਰੀਓ ਦੇ ਸਡਬਰੀ ਸ਼ਹਿਰ ਨੇੜੇ ਹਾਈਵੇਅ 17 ’ਤੇ ਇਕ ਤੇਜ਼ ਰਫ਼ਤਾਰ ਟਰੱਕ ਲੋਕਾਂ ਦੀ ਜਾਨ ਦਾ ਖੌਅ ਬਣ ਗਿਆ।

ਨਸ਼ਾ ਕਰ ਕੇ ਟਰੱਕ ਨਾਲ ਸੜਕ ’ਤੇ ਪਾਏ ਲਹਿਰੀਏ

ਡਰਾਈਵਰ ਨੇ ਕਥਿਤ ਤੌਰ ’ਤੇ ਐਨਾ ਨਸ਼ਾ ਕੀਤਾ ਹੋਇਆ ਸੀ ਕਿ ਟਰੱਕ ਕਦੇ ਸੜਕ ਦੇ ਇਕ ਪਾਸੇ ਅਤੇ ਕਦੇ ਦੂਜੇ ਪਾਸੇ ਜਾਂਦਾ। ਰਾਹਗੀਰਾਂ ਨੇ ਇਸ ਬਾਰੇ ਪੁਲਿਸ ਨੂੰ ਇਤਲਾਹ ਦਿਤੀ ਤਾਂ ਟਰੱਕ ਦਾ ਪਿੱਛਾ ਕਰਦਿਆਂ ਪੁਲਿਸ ਅਫਸਰਾਂ ਨੇ ਇਕ ਥਾਂ ’ਤੇ ਉਸ ਨੂੰ ਘੇਰ ਲਿਆ। ਟਰੱਕ ਵਿਚੋਂ ਮਾਮੂਲੀ ਮਾਤਰਾ ਵਿਚ ਮੈਥਾਡੋਨ ਅਤੇ ਕੋਕੀਨ ਬਰਾਮਦ ਕਰਦਿਆਂ ਪੁਲਿਸ ਨੇ ਨੋਵਾ ਸਕੋਸ਼ੀਆ ਦੇ ਲੋਅਰ ਸੈਕਵਿਲ ਨਾਲ ਸਬੰਧਤ 26 ਸਾਲ ਦੇ ਜਗਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਗਦੀਪ ਸਿੰਘ ਵਿਰੁੱਧ ਖਤਰਨਾਕ ਤਰੀਕੇ ਨਾਲ ਟਰੱਕ ਚਲਾਉਣ, ਨਸ਼ੀਲਾ ਪਦਾਰਥ ਰੱਖਣ, ਆਪਣੇ ਰਿਕਾਰਡ ਵਿਚ ਗਲਤ ਜਾਣਕਾਰੀ ਦਰਜ ਕਰਨ ਅਤੇ ਅੱਠ ਘੰਟੇ ਆਰਾਮ ਕੀਤੇ ਬਗੈਰ ਲਗਾਤਾਰ 16 ਘੰਟੇ ਟਰੱਕ ਚਲਾਉਣ ਦੇ ਦੋਸ਼ ਲੱਗੇ ਹਨ। ਜਗਦੀਪ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਅਤੇ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਅਗਲੀ ਪੇਸ਼ੀ 16 ਅਕਤੂਬਰ ਨੂੰ ਹੋਵੇਗੀ। ਦੂਜੇ ਪਾਸੇ ਡਰਹਮ ਰੀਜਨਲ ਪੁਲਿਸ ਇਕ ਪੰਜਾਬੀ ਨੌਜਵਾਨ ਦੀ ਭਾਲ ਕਰ ਰਹੀ ਹੈ ਜੋ ਸੰਭਾਵਤ ਤੌਰ ’ਤੇ ਡਰਹਮ ਕਾਲਜ ਵਿਚ ਪੜ੍ਹਦਾ ਹੈ।

ਬੱਸ ਵਿਚ ਬੈਠੀ ਕੁੜੀ ਨਾਲ ਕੀਤੀ ਛੇੜਖਾਨੀ

12 ਸਤੰਬਰ ਨੂੰ ਵਾਪਰੀ ਘਟਨਾ ਦੌਰਾਨ ਇਕ ਕੁੜੀ ਕਾਲਜ ਵਿਚੋਂ ਬਾਹਰ ਆਈ ਅਤੇ ਔਸ਼ਵਾ ਕੈਂਪਸ ਬੱਸ ਲੂਪ ਵਿਚ ਖੜ੍ਹੀ ਇਕ ਬੱਸ ਵਿਚ ਬੈਠ ਗਈ। ਇਸੇ ਦੌਰਾਨ ਇਕ ਮੁੰਡਾ ਕਾਲਜ ਵਿਚੋਂ ਬਾਹਰ ਆਇਆ ਅਤੇ ਉਸੇ ਬੱਸ ਵਿਚ ਚੜ੍ਹ ਗਿਆ। ਬੱਸ ਖਾਲੀ ਹੋਣ ਦੇ ਬਾਵਜੂਦ ਉਹ ਕੁੜੀ ਦੇ ਬਿਲਕੁਲ ਨਾਲ ਵਾਲੀ ਸੀਟ ’ਤੇ ਬੈਠਾ ਅਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਇਸੇ ਦੌਰਾਨ ਕੁਝ ਹੋਰ ਸਵਾਰੀਆਂ ਬੱਸ ਵਿਚ ਆਈਆਂ ਅਤੇ ਬੱਸ ਆਪਣੀ ਮੰਜ਼ਿਲ ਵੱਲ ਵਧ ਗਈ। ਜਦੋਂ ਕੁੜੀ ਨੇ ਆਪਣੇ ਸਟੌਪ ’ਤੇ ਉਤਰਨ ਲਈ ਸੀਟ ਤੋਂ ਖੜ੍ਹੀ ਹੋਈ ਤਾਂ ਸ਼ੱਕੀ ਨੇ ਉਸ ਨੂੰ ਜੱਫੀ ਪਾ ਲਈ। ਕੁੜੀ ਨੇ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਛੁਡਵਾਇਆ ਅਤੇ ਹੇਠਾਂ ਉਤਰ ਗਈ ਅਤੇ ਪੁਲਿਸ ਨੂੰ ਫੋਨ ਕਰ ਦਿਤਾ। ਸੀ.ਸੀ.ਟੀ.ਵੀ. ਫੁਟੇਜ ਜਾਰੀ ਕਰਦਿਆਂ ਪੁਲਿਸ ਨੇ ਸ਼ੱਕੀ ਦੀ ਉਮਰ 20-25 ਸਾਲ ਦੱਸੀ ਅਤੇ ਕੱਦ ਤਕਰੀਬਨ 5 ਫੁੱਟ 8 ਇੰਚ ਹੈ। ਉਸ ਦਾ ਸਰੀਰ ਦਰਮਿਆਨਾ ਅਤੇ ਵਾਰਦਾਤ ਵਾਲੇ ਦਿਨ ਉਸ ਨੇ ਕਾਲੀ ਪੱਗ ਬੰਨ੍ਹੀ ਹੋਈ ਸੀ ਜਦਕਿ ਚਿੱਟੀ ਟੀ-ਸ਼ਰਟ ਅਤੇ ਗੂੜ੍ਹੇ ਰੰਗ ਦੀ ਜੀਨਜ਼ ਪਾਈ ਹੋਈ ਸੀ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇ ਕਿਸੇ ਨਾਲ ਪਬਲਿਕ ਟ੍ਰਾਂਜ਼ਿਟ ਵਿਚ ਅਜਿਹੀ ਘਟਨਾ ਵਾਪਰੇ ਤਾਂ ਤੁਰਤ ਪੁਲਿਸ ਕਾਲ ਕੀਤੀ ਜਾਵੇ ਅਤੇ ਮਾਮਲਾ ਡਰਾਈਵਰ ਦੇ ਧਿਆਨ ਵਿਚ ਵੀ ਲਿਆਂਦ ਜਾਵੇ। ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਕਿ ਟ੍ਰਾਂਜ਼ਿਟ ਵਿਚ ਨਿਸ਼ਾਨਾ ਬਣਨ ਵਾਲੀਆਂ ਕੁੜੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ।

Tags:    

Similar News