ਕੈਨੇਡਾ : 2 ਭਾਰਤੀ ਠੱਗੀ ਦੇ ਮਾਮਲੇ ਵਿਚ ਗ੍ਰਿਫ਼ਤਾਰ
ਬਰੈਂਪਟਨ ਦੇ ਰਜਤ ਕੁਮਾਰ ਅਤੇ ਅਰਸ਼ਪ੍ਰੀਤ ਕੌਲ ਨੂੰ ਠੱਗੀ-ਠੋਰੀ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੈਲੇਡਨ : ਬਰੈਂਪਟਨ ਦੇ ਰਜਤ ਕੁਮਾਰ ਅਤੇ ਅਰਸ਼ਪ੍ਰੀਤ ਕੌਲ ਨੂੰ ਠੱਗੀ-ਠੋਰੀ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀ ਕੈਲੇਡਨ ਡਿਟੈਚਮੈਂਟ ਦੇ ਅਫਸਰਾਂ ਨੇ ਦੱਸਿਆ ਕਿ ਮਾਮਲੇ ਦੀ ਸ਼ੁਰੂਆਤ 29 ਜਨਵਰੀ ਦੀ ਰਾਤ ਹੋਈ ਜਦੋਂ ਕੈਲੇਡਨ ਦੇ ਪੂਰਬੀ ਹਿੱਸੇ ਵਿਚ ਓਲਡ ਚਰਚ ਰੋਡ ’ਤੇ ਇਕ ਗੱਡੀ ਚੋਰੀ ਹੋਣ ਦੀ ਰਿਪੋਰਟ ਮਿਲੀ। 30 ਜਨਵਰੀ ਨੂੰ ਸਵੇਰੇ 9 ਵਜੇ ਤੋਂ ਬਾਅਦ ਸੈਂਟਰਵਿਲ ਕ੍ਰੀਕ ਰੋਡ ’ਤੇ ਇਕ ਰਿਹਾਇਸ਼ੀ ਡਰਾਈਵ ਵੇਅ ਤੋਂ ਦੂਜੀ ਗੱਡੀ ਚੋਰੀ ਹੋਣ ਦੀ ਸ਼ਿਕਾਇਤ ਪੁੱਜੀ।
ਪੁਲਿਸ ਨੂੰ ਗੁੰਮਰਾਹ ਕਰਨ ਦੇ ਦੋਸ਼ ਵੀ ਲੱਗੇ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਕਮਿਊਨਿਟੀ ਸਟ੍ਰੀਟ ਕ੍ਰਾਈਮ ਯੂਨਿਟ ਵੱਲੋਂ ਪੜਤਾਲ ਆਰੰਭੀ ਗਈ ਅਤੇ ਗੱਡੀਆਂ ਚੋਰੀ ਹੋਣ ਦਾ ਕੋਈ ਸਬੂਤ ਸਾਹਮਣੇ ਨਾ ਆਇਆ ਜਿਸ ਮਗਰੋਂ 31 ਸਾਲ ਦੇ ਰਜਤ ਕੁਮਾਰ ਅਤੇ 27 ਸਾਲ ਦੇ ਅਰਸ਼ਪ੍ਰੀਤ ਕੌਲ ਨੂੰ ਗ੍ਰਿਫ਼ਤਾਰ ਕਰਦਿਆਂ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਠੱਗੀ ਅਤੇ ਪਬਲਿਕ ਮਿਸਚਫ਼ ਦੇ ਦੋਸ਼ ਆਇਦ ਕੀਤੇ ਗਏ। ਪੁਲਿਸ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦੇਣ ਲਈ ਦੋਹਾਂ ਦੀ ਪੇਸ਼ੀ ਔਰੇਂਜਵਿਲ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ 10 ਅਪ੍ਰੈਲ ਨੂੰ ਹੋਵੇਗੀ।
ਰਜਤ ਕੁਮਾਰ ਅਤੇ ਅਰਸ਼ਪ੍ਰੀਤ ਕੌਲ ਵਜੋਂ ਹੋਈ ਸ਼ਨਾਖ਼ਤ
ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1888 310 112 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।