ਬਰੈਂਪਟਨ ਵਿਖੇ ਅੱਜ ਤੋਂ ਚੱਲਣਗੀਆਂ ਬੱਸਾਂ
ਬਰੈਂਪਟਨ ਵਿਖੇ ਹੜਤਾਲੀ ਕਾਮਿਆਂ ਵੱਲੋਂ ਟ੍ਰਾਂਜ਼ਿਟ ਫੈਸਿਲੀਟੀਜ਼ ਦੁਆਲੇ ਘੇਰਾਬੰਦੀ ਖ਼ਤਮ ਕਰਨ ਦੀ ਸਹਿਮਤੀ ਦੇਣ ਮਗਰੋਂ ਅੱਜ ਤੋਂ ਬੱਸ ਸੇਵਾ ਆਮ ਵਾਂਗ ਸ਼ੁਰੂ ਹੋ ਸਕਦੀ ਹੈ।;
ਬਰੈਂਪਟਨ : ਬਰੈਂਪਟਨ ਵਿਖੇ ਹੜਤਾਲੀ ਕਾਮਿਆਂ ਵੱਲੋਂ ਟ੍ਰਾਂਜ਼ਿਟ ਫੈਸਿਲੀਟੀਜ਼ ਦੁਆਲੇ ਘੇਰਾਬੰਦੀ ਖ਼ਤਮ ਕਰਨ ਦੀ ਸਹਿਮਤੀ ਦੇਣ ਮਗਰੋਂ ਅੱਜ ਤੋਂ ਬੱਸ ਸੇਵਾ ਆਮ ਵਾਂਗ ਸ਼ੁਰੂ ਹੋ ਸਕਦੀ ਹੈ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਦੀ ਲੋਕਲ 831 ਜਥੇਬੰਦੀ ਦੇ ਤਕਰੀਬਨ 1200 ਮੈਂਬਰ ਵੀਰਵਾਰ ਤੋਂ ਹੜਤਾਲ ’ਤੇ ਹਨ। ਇਸੇ ਦੌਰਾਨ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਉਹ ਯੂਨੀਅਨ ਦੇ ਹੜਤਾਲ ਦੇ ਹੱਕ ਦਾ ਸਤਿਕਾਰ ਕਰਦੇ ਹਨ ਪਰ ਬੱਸਾਂ ਨੂੰ ਰੋਕਣਾ ਸ਼ਹਿਰ ਦੇ ਬਾਸ਼ਿੰਦਿਆਂ ਨਾਲ ਧੱਕੇਸ਼ਾਹੀ ਹੈ। ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਫੈਬੀਓ ਗਾਜ਼ੋਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਬਾਰੇ ਪਤਾ ਲੱਗਾ ਤਾਂ ਹੜਤਾਲੀ ਮੁਲਾਜ਼ਮਾਂ ਦੀ ਘੇਰਾਬੰਦੀ ਘਟਾਉਣ ਦਾ ਫੈਸਲਾ ਲਿਆ ਗਿਆ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਹੜਤਾਲੀ ਮੁਲਾਜ਼ਮਾਂ ਨੂੰ ਚਿਤਾਵਨੀ ਦਿਤੀ ਗਈ ਸੀ ਕਿ ਜੇ ਬੱਸ ਵਿਚ ਅੜਿੱਕੇ ਡਾਹੇ ਗਏ ਤਾਂ ਕਾਨੂੰਨੀ ਚਾਰਾਜੋਈ ਕਰਨ ਵਾਸਤੇ ਮਜਬੂਰ ਹੋਣਗੇ। ਮੇਅਰ ਨੇ ਕਿਹਾ ਕਿ ਹੜਤਾਲੀ ਮੁਲਾਜ਼ਮ ਸਾਡੇ ਟ੍ਰਾਂਜ਼ਿਟ ਆਪ੍ਰੇਟਰਾਂ ਨੂੰ ਕੰਮ ’ਤੇ ਜਾਣ ਤੋਂ ਰੋਕ ਰਹੇ ਹਨ।
ਹੜਤਾਲੀ ਮੁਲਾਜ਼ਮਾਂ ਵੱਲੋਂ ਘੇਰਾਬੰਦੀ ਖਤਮ ਕਰਨ ਦੀ ਸਹਿਮਤੀ
ਟ੍ਰਾਂਜ਼ਿਟ ਸੇਵਾ ਸ਼ਹਿਰ ਵਾਸਤੇ ਬੇਹੱਦ ਲਾਜ਼ਮੀ ਹੈ ਅਤੇ ਹੜਤਾਲੀ ਮੁਲਾਜ਼ਮਾਂ ਨੂੰ ਅਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਇਸੇ ਦੌਰਾਨ ਗਾਜ਼ੋਲਾ ਨੇ ਕਿਹਾ ਕਿ ਸਿਟੀ ਵੱਲੋਂ ਮੁਲਾਜ਼ਮ ਮੰਗਾਂ ਦੇ ਇਵਜ਼ ਵਿਚ ਕੀਤੀ ਗਈ ਪੇਸ਼ਕਸ਼ ਢੁਕਵੀਂ ਨਹੀਂ। ਮੁਲਾਜ਼ਮਾਂ ਦੀਆਂ ਤਨਖਾਹਾਂ ਮੌਜੂਦਾ ਸਮੇਂ ਦੇ ਹਿਸਾਬ ਨਾਲ ਬਹੁਤ ਪਿੱਛੇ ਚੱਲ ਰਹੀਆਂ ਹਨ। ਯੂਨੀਅਨ ਆਗੂ ਦੀ ਇਸ ਟਿੱਪਣੀ ਦੇ ਜਵਾਬ ਵਿਚ ਮੇਅਰ ਨੇ ਦਾਅਵਾ ਕੀਤਾ ਕਿ ਸਿਟੀ ਵੱਲੋਂ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਇਵਜ਼ ਵਿਚ ਵਾਜਬ ਪੇਸ਼ਕਸ਼ ਕੀਤੀ ਗਈ ਹੈ ਜੋ ਮਿਸੀਸਾਗਾ ਦੇ ਮੁਲਾਜ਼ਮਾਂ ਨੂੰ ਮਿਲੀ ਸਹੂਲਤ ਦੇ ਬਿਲਕੁਲ ਬਰਾਬਰ ਹੈ।