ਬਰੈਂਪਟਨ: ਐੱਮਪੀਪੀ ਅਮਰਜੋਤ ਸੰਧੂ ਦੀ ਬਾਰਬੀਕਿਊ 'ਚ ਪਹੁੰਚੇ ਪ੍ਰੀਮੀਅਰ ਡੱਗ ਫੋਰਡ

Update: 2024-08-13 17:09 GMT


12 ਅਗਸਤ, ਬਰੈਂਪਟਨ (ਗੁਰਜੀਤ ਕੌਰ)- ਓਨਟਾਰੀਓ ਦੇ ਬਰੈਂਪਟਨ ਵੈਸਟ ਤੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਮਿਸਟਰ ਅਮਰਜੋਤ ਸੰਧੂ ਵੱਲੋਂ ਲੰਘੀ 11 ਅਗਸਤ ਨੂੰ ਬਰੈਂਪਟਨ 'ਚ ਸਲਾਨਾ ਕਮਿਊਨਿਟੀ ਬਾਰਬਿਕਯੂ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਾਰਿਆਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ ਸੀ। ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਸਮਾਗਮ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਅਤੇ ਇਸ ਮੌਕੇ ਵੱਡੀ ਗਿਣਤੀ 'ਚ ਲੋਕ ਪਹੁੰਚੇ। ਪ੍ਰੋਗਰਾਮ 'ਚ ਬੱਚਿਆਂ ਲਈ ਮਜ਼ੇਦਾਰ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਸਾਰਿਆਂ ਲਈ ਫ੍ਰੀ ਖਾਣਾ ਸੀ ਅਤੇ ਧੀਮੀ ਆਵਾਜ਼ 'ਚ ਮਿਊਜ਼ਿਕ ਚੱਲ ਰਿਹਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰਗਾਨ ਨਾਲ ਕੀਤੀ ਗਈ। ਲੋਕਾਂ ਵੱਲੋਂ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਗਿਆ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਐੱਮਪੀਪੀ ਅਮਰਜੋਤ ਸੰਧੂ ਦੀ ਕਮਿਊਨਿਟੀ ਬਾਰਬਿਕਯੂ 'ਚ ਸ਼ਾਮਲ ਹੋਏ, ਉਨ੍ਹਾਂ ਦੇ ਨਾਲ-ਨਾਲ ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ, ਬਰੈਂਪਟਨ ਈਸਟ ਤੋਂ ਐੱਮਪੀਪੀ ਹਰਦੀਪ ਗਰੇਵਾਲ, ਸਿਟੀ ਕਾਊਂਸਲਰ ਵਾਡਰ 7-8 ਰੋਡ ਪਾਵਰ ਅਤੇ ਮੇਅਰ ਪੈਟਰਿਕ ਬਰਾਊਨ ਵੀ ਸ਼ਾਮਲ ਹੋਏ। ਇਸ ਮੌਕੇ ਐੱਮਪੀਪੀ ਅਮਰਜੋਤ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬਾਰਿਸ਼ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਲੋਕ ਇੱਥੇ ਪਹੁੰਚੇ ਹੋਏ ਹਨ। ਉਨ੍ਹਾਂ ਲੋਕਾਂ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਫੀਡਬੈਕ ਵੀ ਦਿੱਤੀ ਜਾ ਰਹੀ ਹੈ ਅਤੇ ਜੋ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ, ਉਸ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਐੱਮਪੀਪੀ ਅਮਰਜੋਤ ਸੰਧੂ ਬਹੁਤ ਹੀ ਚੰਗੇ ਨੇਤਾ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਹਨ। ਉਨ੍ਹਾਂ ਕਿਹਾ ਕਿ ਬਰੈਂਪਟਨ ਵਾਸੀਆਂ ਨੂੰ ਅਮਰਜੋਤ ਸੰਧੂ ਦੀ ਬਹੁਤ ਵੱਡੀ ਦੇਣ ਹੈ। ਕਮਿਊਨਿਟੀ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਇਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ। ਪ੍ਰੀਮੀਅਰ ਡੱਗ ਫੋਰਡ ਨੇ ਇਹ ਵੀ ਕਿਹਾ ਕਿ ਅਮਰਜੋਤ ਸੰਧੂ ਦੀ ਮਿਹਨਤ ਸਦਕਾ ਕੀਤੇ ਗਏ ਯਤਨਾਂ ਕਾਰਨ ਹੀ ਬਰੈਂਪਟਨ ਵਾਸੀਆਂ ਵੱਲੋਂ ਇਨ੍ਹਾਂ ਪਿਆਰ ਮਿਲ ਰਿਹਾ ਹੈ।

ਓਨਟਾਰੀਓ ਦੇ ਟ੍ਰਾਂਸਪੋਰਟ ਮੰਤਰੀ ਮਿਸਟਰ ਪ੍ਰਬਮੀਤ ਸਰਕਾਰੀਆ ਅਤੇ ਬਰੈਂਪਟਨ ਈਸਟ ਤੋਂ ਐੱਮਪੀਪੀ ਹਰਦੀਪ ਗਰੇਵਾਲ ਵੀ ਅਮਰਜੋਤ ਸੰਧੂ ਦਾ ਸਾਥ ਦੇਣ ਲਈ ਬਾਰਬੀਕਿਊ 'ਚ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਅਮਰਜੋਤ ਸੰਧੂ ਜੀ ਕੁੱਝ ਸਾਲ ਪਹਿਲਾਂ ਸਟੂਡੈਂਟ ਵਜੋਂ ਕੈਨੇਡਾ ਆਏ ਸਨ ਅਤੇ ਉਨ੍ਹਾਂ ਨੇ ਇੰਨੀ ਮਿਹਨਤ ਕੀਤੀ ਕਿ ਅੱਜ ਉਹ ਸਾਰਿਆਂ ਵਿਚਕਾਰ ਮਿਨੀਸਟਰ ਵਜੋਂ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਅਮਰਜੋਤ ਹੋਰ ਵਿਿਦਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੀ ਕਮਿਊਨਿਟੀ ਬਾਰਬੀਕਿਊ ਦਾ ਹਿੱਸਾ ਬਣੇ ਅਤੇ ਉਨ੍ਹਾਂ ਵੀ ਅਮਰਜੋਤ ਸੰਧੂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਐੱਮਪੀਪੀ ਵਜੋਂ ਅਮਰਜੋਤ ਸੰਧੂ ਸਾਰਿਆਂ ਨਾਲ ਰਲ-ਮਿਲ ਕੇ ਬਹੁਤ ਚੰਗਾ ਕੰਮ ਕਰ ਰਹੇ ਹਨ।

ਵੱਖ-ਵੱਖ ਭਾਈਚਾਰਿਆਂ ਦੇ ਲੋਕ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ ਖੂਬ ਮਸਤੀ ਕਰਕੇ ਗਏ। ਲੋਕਾਂ ਨੇ ਕਿਹਾ ਕਿ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਸਨ। ਪ੍ਰੀਮੀਅਰ ਡੱਗ ਫੋਰਡ ਨਾਲ ਲੋਕਾਂ ਵੱਲੋਂ ਫੋਟੋਆਂ ਵੀ ਖਿੱਚਵਾਈਆਂ ਗਈਆਂ। ਇਸ ਮੌਕੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਵੀ ਮੌਜੂਦ ਸਨ ਅਤੇ ਉਨ੍ਹਾਂ ਕਿਹਾ ਕਿ ਅਮਰਜੋਤ ਸੰਧੂ ਜੀ ਦੇ ਵੱਲੋਂ ਲੋਕਾਂ ਲਈ ਬਹੁਤ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ। ਟਰੱਕਿੰਗ ਇੰਡਸਟ੍ਰੀ 'ਚ ਵੀ ਬਹੁਤ ਨਵੇਂ ਬਦਲਾਅ ਲਿਆਂਦੇ ਗਏ ਹਨ ਅਤੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਉਨ੍ਹਾਂ ਵੱਲੋਂ ਚੰਗੇ ਕੰਮ ਕੀਤੇ ਜਾਂਦੇ ਰਹਿਣਗੇ। ਅਖੀਰ 'ਚ ਐੱਮਪੀਪੀ ਅਮਰਜੋਤ ਸੰਧੂ ਵੱਲੋਂ ਪ੍ਰੀਮੀਅਰ ਡੱਗ ਫੋਰਡ ਅਤੇ ਸਾਰੇ ਲੋਕਾਂ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਤਹਿ-ਦਿਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਤੁਹਾਡੇ ਸਾਰਿਆਂ ਕਰਕੇ ਹੀ ਇਹ ਪ੍ਰੋਗਰਾਮ ਸਫਲਤਾਪੂਰਨ ਸੰਪੰਨ ਹੋਇਆ।

Tags:    

Similar News