12 ਅਗਸਤ, ਬਰੈਂਪਟਨ (ਗੁਰਜੀਤ ਕੌਰ)- ਬਰੈਂਪਟਨ ਵੈਸਟ ਤੋਂ ਐੱਮਪੀ ਕਮਲ ਖਹਿਰਾ ਵੱਲੋਂ 11 ਅਗਸਤ ਨੂੰ ਆਪਣੇ ਇਲਾਕੇ ਦੇ ਲੋਕਾਂ ਲਈ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ, ਜਿਸ 'ਚ ਲੋਕਾਂ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਪ੍ਰੋਗਰਾਮ ਦੁਪਹਿਰ ਦੇ 2 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ ਚਲਿਆ ਅਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਿਲਆ। ਵੱਖ-ਵੱਖ ਕਮਿਊਨਿਟੀ ਦੇ ਲੋਕ ਬਾਰਬੀਕਿਊ ਦਾ ਹਿੱਸਾ ਬਣੇ। ਇਸ ਪ੍ਰੋਗਰਾਮ 'ਚ ਲੋਕਾਂ ਲਈ ਫ੍ਰੀ ਫੂਡ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸਨ। ਬੱਚਿਆਂ ਲਈ ਫੇਸ ਪੇਂਟਿੰਗ ਦਾ ਵੀ ਸਟਾਲ ਲਗਾਇਆ ਗਿਆ ਸੀ ਜਿਸ 'ਚ ਬੱਚਿਆਂ ਦੇ ਚਿਹਰੇ 'ਤੇ ਵੱਖ-ਵੱਖ ਤਰ੍ਹਾਂ ਦੀ ਪੇਂਟਿੰਗ ਬਣਾਈ ਗਈ। ਇਸ ਮੌਕੇ 'ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਐੱਮਪੀ ਸੋਨੀਆ ਸਿੱਧੂ, ਐੱਮਪੀ ਰੂਬੀ ਸਹੋਤਾ ਵੀ ਪਹੁੰਚੇ। ਐੱਮਪੀ ਕਮਲ ਖਹਿਰਾ ਨੇ ਕਿਹਾ ਕਿ ਸਾਡੇ ਵੱਲੋਂ ਲੋਕਾਂ ਲਈ ਕਾਫੀ ਚੰਗੇ ਯਤਨ ਕੀਤੇ ਜਾਂਦੇ ਹਨ ਅਤੇ ਇਸੇ ਕਰਕੇ ਹੀ ਲੋਕਾਂ ਵੱਲੋਂ ਉਨ੍ਹਾਂ ਨੂੰ ਇੰਨਾ ਪਿਆਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਲਿਬਰਲ ਦੇ ਸਾਰੇ ਐੱਮਪੀ ਆਪਸ 'ਚ ਮਿਲ ਕੇ ਕੰਮ ਕਰਦੇ ਹਨ। ਆਪਸ 'ਚ ਕੋਈ ਭੇਦਭਾਵ ਨਹੀਂ ਹੈ, ਜਿਸ ਕਾਰਨ ਹਰ ਕੰਮ ਸਫ਼ਲਤਾਪੂਰਨ ਹੁੰਦਾ ਹੈ। ਐੱਮਪੀ ਕਮਲ ਖਹਿਰਾ ਨੇ ਕਮਿਊਨਿਟੀ ਬਾਰਬੀਕਿਊ 'ਚ ਪਹੁੰਚੇ ਲੋਕਾਂ ਦਾ ਧੰਨਵਾਦ ਵੀ ਕੀਤਾ।