ਉਨਟਾਰੀਓ ਦੇ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਵੇਚਣ ਦੇ ਫੈਸਲੇ ਦੀ ਪੜਤਾਲ

ਡਗ ਫੋਰਡ ਸਰਕਾਰ ਵੱਲੋਂ ਕਨਵੀਨੀਐਂਸ ਸਟੋਰਾਂ ਵਿਚ ਬੀਅਰ ਵੇਚਣ ਦਾ ਫੈਸਲਾ ਜਾਂਚ ਦੇ ਘੇਰੇ ਵਿਚ ਆ ਗਿਆ ਹੈ ਅਤੇ ਫਾਇਨੈਂਸ਼ੀਅਲ ਅਕਾਊਂਟੇਬੀਲਿਟੀ ਆਫਿਸ ਆਫ ਉਨਟਾਰੀਓ ਵੱਲੋਂ ਇਸ ਦੀ ਘੋਖ ਕੀਤੀ ਜਾ ਰਹੀ ਹੈ।;

Update: 2024-09-16 12:26 GMT

ਟੋਰਾਂਟੋ : ਡਗ ਫੋਰਡ ਸਰਕਾਰ ਵੱਲੋਂ ਕਨਵੀਨੀਐਂਸ ਸਟੋਰਾਂ ਵਿਚ ਬੀਅਰ ਵੇਚਣ ਦਾ ਫੈਸਲਾ ਜਾਂਚ ਦੇ ਘੇਰੇ ਵਿਚ ਆ ਗਿਆ ਹੈ ਅਤੇ ਫਾਇਨੈਂਸ਼ੀਅਲ ਅਕਾਊਂਟੇਬੀਲਿਟੀ ਆਫਿਸ ਆਫ ਉਨਟਾਰੀਓ ਵੱਲੋਂ ਇਸ ਦੀ ਘੋਖ ਕੀਤੀ ਜਾ ਰਹੀ ਹੈ। ਮੁੱਖ ਮਸਲਾ ਐਲ.ਸੀ.ਬੀ.ਓ. ਦੀ ਆਮਦਨ ਵਿਚ ਹੋਣ ਵਾਲੀ ਕਮੀ ਦੱਸਿਆ ਜਾ ਰਿਹਾ ਹੈ ਜਦਕਿ ਹੋਰ ਕਈ ਪਹਿਲੂਆਂ ਦੀ ਪੜਤਾਲ ਵੀ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ 2015 ਵਿਚ ਉਸ ਵੇਲੇ ਦੀ ਲਿਬਰਲ ਸਰਕਾਰ ਵੱਲੋਂ ਬੀਅਰ ਸਟੋਰ ਨੂੰ 12 ਅਤੇ 24 ਕੈਨ ਵਾਲੇ ਪੈਕ ਵੇਚਣ ਦਾ ਅਧਿਕਾਰ ਦਿਤਾ ਗਿਆ ਜਿਸ ਦੀ ਮਿਆਦ 2026 ਵਿਚ ਖਤਮ ਹੋਣੀ ਸੀ ਪਰ ਡਗ ਫੋਰਡ ਸਰਕਾਰ ਵੱਲੋਂ ਆਪਣੀ ਯੋਜਨਾ ਨੂੰ ਅਗਾਊਂ ਤੌਰ ’ਤੇ ਲਾਗੂ ਕਰਨ ਲਈ ਬੀਅਰ ਸਟੋਰ ਨੂੰ ਕਥਿਤ ਤੌਰ ’ਤੇ 225 ਮਿਲੀਅਨ ਡਾਲਰ ਦੀ ਰਕਮ ਅਦਾ ਕੀਤੀ ਗਈ।

ਫਾਇਨੈਂਸ਼ੀਅਲ ਅਕਾਊਂਟੇਬੀਲਿਟੀ ਆਫਿਸ ਲਾਵੇਗਾ ਘਾਟੇ-ਵਾਧੇ ਦਾ ਹਿਸਾਬ

ਫਾਇਨੈਂਸ਼ੀਅਲ ਅਕਾਊਂਟੇਬੀਲਿਟੀ ਆਫਿਸ ਦੀ ਰਿਪੋਰਟ ਵਿਚ ਵਿੱਤੀ ਖਰਚਿਆਂ ਅਤੇ ਇਸ ਤਰੀਕੇ ਨਾਲ ਹੋਣ ਵਾਲੇ ਫਾਇਦਿਆਂ ਦਾ ਅੰਦਾਜ਼ਾ ਲਾਇਆ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਥਲਨਫੌਲਵੀ ਪ੍ਰਵਾਨ ਕਰ ਚੁੱਕੇ ਹਨ ਕਿ ਹਰ ਚੀਜ਼ ਦੀ ਕੋਈ ਨਾ ਕੋਈ ਲਾਗਤ ਹੁੰਦੀ ਹੈ ਪਰ ਸੂਬਾ ਸਰਕਾਰ ਹਰ ਡਾਲਰ ਦਾ ਪੂਰਾ ਮੁੱਲ ਮਿਲਣਾ ਯਕੀਨੀ ਬਣਾਵੇਗੀ। ਆਰਥਿਕ ਮਾਹਰਾਂ ਮੁਤਾਬਕ ਕਨਵੀਨੀਐਂਸ ਸਟੋਰਾਂ ਰਾਹੀਂ ਬੀਅਰ ਵੇਚਣ ਨਾਲ ਐਲ.ਸੀ.ਬੀ.ਓ. ਦਾ ਨੁਕਸਾਨ ਹੋਵੇਗਾ ਜੋ ਹਰ ਸਾਲ ਸੂਬਾ ਸਰਕਾਰ ਦੇ ਖਜ਼ਾਨੇ ਵਿਚ ਢਾਈ ਅਰਬ ਡਾਲਰ ਦਾ ਯੋਗਦਾਨ ਪਾਉਂਦੇ ਹਨ। ਉਨਟਾਰੀਓ ਦੀ ਲਿਬਰਲ ਪਾਰਟੀ ਦਾ ਮੰਨਣਾ ਹੈ ਕਿ ਕਨਵੀਨੀਐਂਸ ਸਟੋਰਾਂ ਰਾਹੀਂ ਬੀਅਰ ਵੇਚਣ ਨਾਲ ਹੋਣ ਵਾਲਾ ਨੁਕਸਾਨ ਇਕ ਅਰਬ ਡਾਲਰ ਤੋਂ ਟੱਪ ਸਕਦਾ ਹੈ। ਲਿਬਰਲ ਆਗੂ ਬੌਨੀ ਕਰੌਂਬੀ ਨੇ ਕਿਹਾ ਕਿ ਵਿੱਤ ਮੰਤਰੀ ਮੰਨ ਚੁੱਕੇ ਹਨ ਕਿ ਅਸਲ ਖਰਚਾ ਦੱਸਣਾ ਮੁਸ਼ਕਲ ਹੈ ਜਿਸ ਨੂੰ ਵੇਖਦਿਆਂ ਫ਼ਾਇਨੈਂਸ਼ੀਅਲ ਅਕਾਊਂਟੇਬੀਲਿਟੀ ਦਫ਼ਤਰ ਹੀ ਅਸਲ ਅੰਕੜਾ ਕੱਢ ਕੇ ਲਿਆ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਜਾਂਚ ਪ੍ਰਕਿਰਿਆ 2025 ਦੇ ਆਰੰਭ ਵਿਚ ਪੂਰੀ ਹੋ ਸਕਦੀ ਹੈ ਪਰ ਅਸਲ ਰਿਪੋਰਟ ਸਾਹਮਣੇ ਆਉਣ ਦੀ ਸਮਾਂ ਹੱਦ ਬਾਰੇ ਦੱਸਣਾ ਮੁਸ਼ਕਲ ਹੈ। ਬੌਨੀ ਕਰੌਂਬੀ ਵੱਲੋਂ ਡਗ ਫੋਰਡ ਸਰਕਾਰ ਨੂੰ ਪੜਤਾਲ ਵਿਚ ਪੂਰਨ ਸਹਿਯੋਗ ਦੇਣ ਦਾ ਸੱਦਾ ਦਿਤਾ ਗਿਆ ਹੈ।

Tags:    

Similar News