ਏਅਰ ਕੈਨੇਡਾ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਨੋਟਿਸ
ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਹੜਤਾਲ ਅਟੱਲ ਨਜ਼ਰ ਆ ਰਹੀ ਹੈ
ਟੋਰਾਂਟੋ : ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਹੜਤਾਲ ਅਟੱਲ ਨਜ਼ਰ ਆ ਰਹੀ ਹੈ। ਜੀ ਹਾਂ, ਮੈਨੇਜਮੈਂਟ ਨਾਲ ਗੱਲਬਾਤ ਵਿਚ ਖੜੋਤ ਆਉਣ ਮਗਰੋਂ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਨੇ ਹੜਤਾਲ ਦਾ ਨੋਟਿਸ ਜਾਰੀ ਕਰ ਦਿਤਾ ਹੈ ਅਤੇ ਸ਼ਨਿੱਚਰਵਾਰ ਵੱਡੇ ਤੜਕੇ ਤੋਂ ਏਅਰ ਕੈਨੇਡਾ ਦੇ ਜਹਾਜ਼ ਸੰਭਾਵਤ ਤੌਰ ’ਤੇ ਉਡਾਣ ਨਹੀਂ ਭਰਨਗੇ। ਮੁਲਾਜ਼ਮ ਯੂਨੀਅਨ ਦੀ ਏਅਰ ਕੈਨੇਡਾ ਕੰਪੋਨੈਂਟ ਇਕਾਈ ਦੇ ਪ੍ਰਧਾਨ ਵੈਸਲੀ ਲੈਸੌਸਕੀ ਨੇ ਉਮੀਦ ਜ਼ਾਹਰ ਕੀਤੀ ਕਿ 72 ਘੰਟੇ ਦੀ ਮਿਆਦ ਦੌਰਾਨ ਏਅਰ ਕੈਨੇਡਾ ਦੀ ਮੈਨੇਜਮੈਂਟ ਮੁੜ ਗੱਲਬਾਤ ਦੇ ਮੇਜ਼ ’ਤੇ ਆਵੇਗੀ।
ਸ਼ਨਿੱਚਰਵਾਰ ਵੱਡੇ ਤੜਕੇ ਰੁਕ ਜਾਣਗੀਆਂ ਫਲਾਈਟਸ!
ਉਧਰ ਏਅਰ ਕੈਨੇਡਾ ਦੇ ਕਾਰਪੋਰੇਟ ਕਮਿਊਨੀਕੇਸ਼ਨ ਮਾਮਲਿਆਂ ਦੇ ਵਾਇਸ ਪ੍ਰੈਜ਼ੀਡੈਂਟ ਕ੍ਰਿਸਟੌਫ ਹੈਨੇਬਲ ਦਾ ਕਹਿਣਾ ਸੀ ਕਿ ਯੂਨੀਅਨ ਦੀਆਂ ਮੰਗਾਂ ਅਤੇ ਸਾਡੀ ਪੇਸ਼ਕਸ਼ ਦਰਮਿਆਨ ਵੱਡੇ ਖੱਪਾ ਮੌਜੂਦ ਹੈ। ਕੌਮਾਂਤਰੀ ਪੱਧਰ ਦੀਆਂ ਉਜਰਤ ਦਰਾਂ ਤੋਂ 38 ਫੀ ਸਦੀ ਵੱਧ ਤਨਖਾਹ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ ਪਰ ਯੂਨੀਅਨ ਮੰਨਣ ਨੂੰ ਤਿਆਰ ਨਹੀਂ। ਇਸ ਦੇ ਉਲਟ ਯੂਨੀਅਨ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਵੱਲੋਂ ਉਨ੍ਹਾਂ ਦੇ ਪੇਸ਼ਕਸ਼ ਰੱਦ ਕਰ ਦਿਤੀ ਗਈ। ਇਸੇ ਦੌਰਾਨ ਕੈਨੇਡਾ ਦੀ ਰੁਜ਼ਗਾਰ ਅਤੇ ਪਰਵਾਰ ਭਲਾਈ ਮੰਤਰੀ ਪੈਟੀ ਹੈਦੂ ਨੇ ਮੰਗਲਵਾਰ ਸ਼ਾਮ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਮੁਲਾਜ਼ਮ ਯੂਨੀਅਨ ਅਤੇ ਮੈਨੇਜਮੈਂਟ ਦਰਮਿਆਨ ਗੱਲਬਾਤ ’ਚ ਆਈ ਖੜੋਤ
ਹਾਲਾਤ ਦੇ ਮੱਦੇਨਜ਼ਰ ਏਅਰ ਕੈਨੇਡਾ ਵੱਲੋਂ ਮੁਸਫ਼ਾਰਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਜਿਨ੍ਹਾਂ ਦੀ ਫਲਾਈਟ 15 ਅਗਸਤ ਤੋਂ 18 ਅਗਸਤ ਦਰਮਿਆਨ ਆਉਂਦੀ ਹੈ, ਉਹ ਆਪਣੀ ਇੱਛਾ ਮੁਤਾਬਕ ਤਰੀਕ ਬਦਲ ਸਕਦੇ ਹਨ। 13 ਅਗਸਤ ਤੋਂ ਬਾਅਦ ਖਰੀਦੀਆਂ ਟਿਕਟਾਂ ’ਤੇ ਇਹ ਪੇਸ਼ਕਸ਼ ਲਾਗੂ ਨਹੀਂ ਹੋਵੇਗੀ। ਕੌਮੀ ਏਅਰਲਾਈਨ ਨੇ ਕਿਹਾ ਹੈ ਕਿ ਜੇ ਕੋਈ ਫਲਾਈਟ ਰੱਦ ਹੁੰਦੀ ਹੈ ਤਾਂ ਇਸ ਦੇ ਇਵਜ਼ ਵਿਚ ਨਵੀਂ ਫਲਾਈਟ ਦੀ ਬੁਕਿੰਗ ਕਰਨ ਦੇ ਯਤਨ ਕੀਤੇ ਜਾਣਗੇ। 120 ਕੌਮਾਂਤਰੀ ਅਤੇ ਘਰੇਲੂ ਏਅਰਲਾਈਨਜ਼ ਨਾਲ ਇਸ ਮਸਲੇ ’ਤੇ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਏਅਰ ਕੈਨੇਡਾ ਵੱਲੋਂ ਮੁਸਾਫਰਾਂ ਨੂੰ ਰਿਫ਼ੰਡ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ।