ਕੈਨੇਡਾ ਵਿਚ ਭਾਰਤੀ ’ਤੇ ਲੱਗੇ ਕਤਲ ਦੇ ਦੋਸ਼
ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿਚ ਹੋਏ ਕਤਲ ਦੀ ਪੜਤਾਲ ਕਰ ਰਹੀ ਪੁਲਿਸ ਨੇ 40 ਸਾਲ ਦੇ ਹੇਮਰਾਜ ਲੱਖਨ ਨੂੰ ਗ੍ਰਿਫ਼ਤਾਰ ਕਰਦਿਆਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ।;
ਹੈਮਿਲਟਨ : ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿਚ ਹੋਏ ਕਤਲ ਦੀ ਪੜਤਾਲ ਕਰ ਰਹੀ ਪੁਲਿਸ ਨੇ 40 ਸਾਲ ਦੇ ਹੇਮਰਾਜ ਲੱਖਨ ਨੂੰ ਗ੍ਰਿਫ਼ਤਾਰ ਕਰਦਿਆਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ। ਪੁਲਿਸ ਨੇ ਦੱਸਿਆ ਕਿ ਕਤਲ ਦੀ ਵਾਰਦਾਤ 3 ਅਗਸਤ ਨੂੰ ਹੈਮਿਲਟਨ ਦੇ ਕੁਈਨ ਸਟ੍ਰੀਟ ਸਾਊਥ ਇਲਾਕੇ ਵਿਚ ਵਾਪਰੀ ਅਤੇ ਮਰਨ ਵਾਲੇ ਦੀ ਸ਼ਨਾਖਤ 46 ਸਾਲ ਦੇ ਡੇਵਿਡ ਫਿਊਗਲਰ ਵਜੋਂ ਕੀਤੀ ਗਈ ਹੈ। ਹੈਮਿਲਟਨ ਪੁਲਿਸ ਮੁਤਾਬਕ 3 ਅਗਸਤ ਨੂੰ ਰਾਤ ਤਕਰੀਬਨ 9.30 ਵਜੇ ਇਕ ਲੋਕਲ ਕੇਅਰ ਹੋਮ ਵਿਚ ਮੈਡੀਕਲ ਐਮਰਜੰਸੀ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫਸੋਰਾਂ ਇਕ ਸ਼ਖਸ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਕੁਝ ਦੇਰ ਬਾਅਦ ਉਹ ਦਮ ਤੋੜ ਗਿਆ।
ਹੇਮਰਾਜ ਲੱਖਨ ਨੂੰ ਹੈਮਿਲਟਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪੋਸਟ ਮਾਰਟਮ ਤੋਂ ਬਾਅਦ ਮਾਮਲਾ ਕਤਲ ਦਾ ਰੂਪ ਅਖਤਿਆਰ ਕਰ ਗਿਆ ਅਤੇ ਡੇਵਿਡ ਫਿਊਗਲਰ ਦੇ ਰੂਮਮੇਟ ਹੇਮਰਾਜ ਲੱਖਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੈਮਿਲਟਨ ਪੁਲਿਸ ਦੀ ਸਾਰਜੈਂਟ ਸਾਰਾ ਬੈਕ ਨੇ ਦੱਸਿਆ ਕਿ ਕਤਲ ਦੌਰਾਨ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਕਿਸੇ ਗੱਲ ’ਤੇ ਦੋਹਾਂ ਜਣਿਆਂ ਵਿਚਾਲੇ ਝਗੜਾ ਹੋਇਆ ਅਤੇ ਨੌਬਤ ਕਤਲ ਤੱਕ ਪੁੱਜ ਗਈ। ਇਸ ਮਾਮਲੇ ਵਿਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ ਅਤੇ ਸੰਭਾਵਤ ਤੌਰ ’ਤੇ ਮਾਨਸਿਕ ਸਿਹਤ ਦੀ ਇਸ ਕਤਲ ਵਿਚ ਵੱਡੀ ਭੂਮਿਕਾ ਰਹੀ। ਸਾਰਜੈਂਟ ਸਾਰਾ ਬੈਕ ਨੇ ਅੱਗੇ ਕਿਹਾ ਕਿ ਇਕ ਰਿਹਾਇਸ਼ ਵਿਚ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਜੂਝ ਰਹੇ ਅੱਠ ਜਣੇ ਰਹਿ ਰਹੇ ਸਨ ਅਤੇ ਹੇਮਰਾਜ ਲੱਖਨ ਇਥੇ ਕਈ ਸਾਲ ਤੋਂ ਰਿਹਾ ਰਿਹਾ ਹੈ। ਹੇਮਰਾਜ ਲੱਖਨ ਵਿਰੁੱਧ ਪਹਿਲਾਂ ਵੀ ਪੁਲਿਸ ਕਾਰਵਾਈ ਹੋ ਚੁੱਕੀ ਹੈ। ਦੂਜੇ ਪਾਸੇ ਡੇਵਿਡ ਫਿਊਗਲਰ ਦੇ ਪਰਵਾਰ ਵੱਲੋਂ ਪ੍ਰਾਈਵੇਸੀ ਦਾ ਜ਼ਿਕਰ ਕਰਦਿਆਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿਤੀ।