ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸਜਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ 'ਚ ਉਮੜਿਆ ਸੰਗਤਾਂ ਦਾ ਸੈਲਾਬ

Update: 2024-09-03 21:04 GMT

ਕੈਨੇਡਾ ਦੇ ਬਰੈਂਪਟਨ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਜੀ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਜੈਕਾਰਿਆ ਦੀ ਗੂੰਜ ਨਾਲ ਨਗਰ ਕੀਰਤਨ ਆਰੰਭ ਹੋਇਆ। ਇਸ ਨਗਰ ਕੀਰਤਨ ਦਾ ਰਸਤੇ 'ਚ ਸੰਗਤਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਸ਼ਾਮ ਨੂੰ ਤਕਰੀਬਨ ਪੰਜ ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਜੈਕਾਰਿਆ ਦੀ ਗੂੰਜ ਵਿੱਚ ਸਮਾਪਤ ਹੋਇਆ ਅਤੇ ਵੱਡੀ ਗਿਣਤੀ ਵਿੱਚ ਰਾਗੀ ਜੱਥਿਆਂ ਵੱਲੋ ਧਾਰਮਿਕ ਦੀਵਾਨ ਸਜਾਏ ਗਏ ਅਤੇ ਇਲਾਹੀ ਬਾਣੀ ਅਤੇ ਰਸਮੱਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਸਾਲ ਨਗਰ ਕੀਰਤਨ 'ਤੇ ਪਾਲਕੀ ਸਾਹਿਬ ਵੀ ਬਹੁਤ ਅਨੌਖੇ ਤਰੀਕੇ ਨਾਲ ਤਿਆਰ ਕੀਤੀ ਗਈ ਸੀ। ਪਾਲਕੀ ਸਾਹਿਬ ਦੇ ਸੰਗਤਾਂ ਵੱਲੋਂ ਬਹੁਤ ਹੀ ਸਦਭਾਵਨਾ ਨਾਲ ਦਰਸ਼ਨ ਕੀਤੇ ਗਏ। ਇਸ ਦੌਰਾਨ ਵਾਤਾਵਰਣ ਦਾ ਖਾਸ ਧਿਆਨ ਰੱਖਿਆ ਗਿਆ ਅਤੇ ਰਸਤੇ 'ਚ ਕਿਸੇ ਵੀ ਥਾਂ 'ਤੇ ਕੋਈ ਗੰਦਗੀ ਨਹੀਂ ਪਾਈ ਗਈ। ਰਸਤੇ 'ਚ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣ ਲਈ ਵਲੰਟੀਅਰ ਦੀ ਟੀਮ ਮੌਜੂਦ ਸੀ। ਕੈਨੇਡਾ ਪੁਲਿਸ ਵੱਲੋਂ ਨਗਰ ਕੀਰਤਨ ਲਈ ਟ੍ਰੈਫਿਕ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਦੇ ਰਸਤੇ ਵਿੱਚ ਵੱਖ-ਵੱਖ ਪਦਾਰਥਾਂ ਦੇ ਅਤੁੱਟ ਲੰਗਰ ਵੀ ਵਰਤਾਏ ਗਏ। ਮਹਾਨ ਨਗਰ ਕੀਰਤਨ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆਇਆ ਅਤੇ ਆਲੇ-ਦੁਆਲੇ ਪੀਲੀਆਂ ਪੱਗਾਂ ਬੰਨ੍ਹੀ ਵਿਅਕਤੀ ਅਤੇ ਪੀਲੀਆਂ ਚੁੰਨੀਆਂ ਲਈ ਬੀਬੀਆਂ ਨਜ਼ਰ ਆਈਆਂ। ਨਗਰ ਕੀਰਤਨ 'ਚ ਗੱਤਕਾ ਟੀਮਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ।

ਅੰਤ 'ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪੁੱਜੀਆਂ ਸਮੁੱਚੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿੰਘ ਮੈਨੇਜਰ, ਭਾਈ ਬਲਜਿੰਦਰ ਸਿੰਘ ਸੈਕਟਰੀ, ਅਵਤਾਰ ਸਿੰਘ ਵਣਵੈਤ, ਚਰਨਜੀਤ ਸਿੰਘ, ਗੁਰਮੇਲ ਸਿੰਘ ਨਿਰਮਲ, ਸੁਲੰਿਦਰ ਸਿੰਘ, ਪ੍ਰੇਮਪਾਲ ਸਿੰਘ ਹੈਮਿਲਟਨ, ਇੰਦਰਜੀਤ ਸਿੰਘ, ਹਰਵਿੰਦਰਪਾਲ ਸਿੰਘ ਰੂਬੀ, ਅਮਰਜੀਤ ਸਿੰਘ ਮਾਨ, ਲਖਵਿੰਦਰ ਸਿੰਘ ਧਾਲੀਵਾਲ, ਮਜੀਤ ਸਿੰਘ ਗਰੇਵਾਲ, ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ ਸਿੱਧੂ ਆਦਿ ਹਾਜ਼ਰ ਸਨ।

Similar News