ਵੈਨਕੂਵਰ ਵਿਖੇ ਕਤਲੇਆਮ ਕਰਨ ਵਾਲੇ ਵਿਰੁੱਧ 8 ਦੋਸ਼ ਆਇਦ
ਵੈਨਕੂਵਰ ਵਿਖੇ ਤਿਉਹਾਰ ਮਨਾਉਂਦੇ ਲੋਕਾਂ ਨੂੰ ਗੱਡੀ ਹੇਠ ਦਰੜਨ ਵਾਲੇ ਸ਼ੱਕੀ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ ਅੱਠ ਦੋਸ਼ ਆਇਦ ਕੀਤੇ ਗਏ ਹਨ ਅਤੇ ਵਾਰਦਾਤ ਦੀ ਪੜਤਾਲ ਅਤਿਵਾਦ ਦੇ ਨਜ਼ਰੀਏ ਤੋਂ ਨਹੀਂ ਕੀਤੀ ਜਾ ਰਹੀ।
ਵੈਨਕੂਵਰ : ਵੈਨਕੂਵਰ ਵਿਖੇ ਤਿਉਹਾਰ ਮਨਾਉਂਦੇ ਲੋਕਾਂ ਨੂੰ ਗੱਡੀ ਹੇਠ ਦਰੜਨ ਵਾਲੇ ਸ਼ੱਕੀ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ ਅੱਠ ਦੋਸ਼ ਆਇਦ ਕੀਤੇ ਗਏ ਹਨ ਅਤੇ ਵਾਰਦਾਤ ਦੀ ਪੜਤਾਲ ਅਤਿਵਾਦ ਦੇ ਨਜ਼ਰੀਏ ਤੋਂ ਨਹੀਂ ਕੀਤੀ ਜਾ ਰਹੀ। ਪੁਲਿਸ ਨੇ ਕਿਹਾ ਕਿ ਫਿਲੀਪੀਨੋ ਭਾਈਚਾਰੇ ਨਾਲ ਸਬੰਧਤ ਲਾਪੂ-ਲਾਪੂ ਡੇਅ ਫੈਸਟੀਵਲ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਾਜ਼ਿਸ਼ ਬਾਰੇ ਕੋਈ ਅਗਾਊਂ ਖੁਫੀਆ ਜਾਣਕਾਰੀ ਨਹੀਂ ਸੀ ਮਿਲੀ। ਇਥੇ ਦਸਣਾ ਬਣਦਾ ਹੈ ਕਿ ਵਾਰਦਾਤ ਦੌਰਾਨ ਕੁਲ 11 ਜਣਿਆਂ ਦੀ ਮੌਤ ਹੋਈ ਅਤੇ ਮਰਨ ਵਾਲਿਆਂ ਦੀ ਉਮਰ ਪੰਜ ਸਾਲ ਤੋਂ ਲੈ ਕੇ 65 ਸਾਲ ਦਰਮਿਆਨ ਸੀ। ਬੀ.ਸੀ. ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 17 ਜ਼ਖਮੀ ਹੁਣ ਵੀ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਹਨ ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਅਤਿਵਾਦ ਦੇ ਨਜ਼ਰੀਏ ਤੋਂ ਪੜਤਾਲ ਨਹੀਂ ਕਰ ਰਹੀ ਪੁਲਿਸ
ਕੈਨੇਡਾ ਵਿਚ ਦੂਜੇ ਦਰਜੇ ਦੀ ਹੱਤਿਆ ਦਾ ਦੋਸ਼ ਉਨ੍ਹਾਂ ਹਾਲਾਤ ਵਿਚ ਲਾਇਆ ਜਾਂਦਾ ਹੈ ਜਦੋਂ ਕਤਲ ਦੀ ਸਾਜ਼ਿਸ਼ ਅਗਾਊਂ ਤੌਰ ’ਤੇ ਨਾ ਘੜੀ ਗਈ ਹੋਵੇ। ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ 30 ਸਾਲ ਦੇ ਸ਼ੱਕੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਨੇ ਜ਼ਮਾਨਤ ਨਹੀਂ ਮੰਗੀ। ਵੈਨਕੂਵਰ ਪ੍ਰੋਵਿਨਸ਼ੀਅਲ ਕੋਰਟ ਵਿਚ ਉਸ ਦੀ ਅਗਲੀ ਪੇਸ਼ੀ 26 ਮਈ ਨੂੰ ਹੋਵੇਗੀ। ਵਾਰਦਾਤ ਨਾਲ ਸਬੰਧਤ ਕਈ ਵੇਰਵੇ ਪ੍ਰਕਾਸ਼ਤ ਕਰਨ ’ਤੇ ਅਦਾਲਤੀ ਰੋਕ ਲਾਗੂ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੈਨਕੂਵਰ ਪੁਲਿਸ ਦੇ ਮੁਖੀ ਸਟੀਵ ਰਾਏ ਨੇ ਕਿਹਾ ਕਿ ਭੀੜ ’ਤੇ ਹੋਇਆ ਹਮਲਾ ਸ਼ਹਿਰ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸਾਬਤ ਹੋਇਆ। ਅਜਿਹੀ ਘਿਨਾਉਣੀ ਹਰਕਤ ਬਾਰੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਪਰ ਸ਼ੱਕੀ ਨੇ ਮਾਸੂਮ ਲੋਕਾਂ ਨੂੰ ਗੱਡੀ ਹੇਠ ਦਰੜਿਆ। ਵੈਨਕੂਵਰ ਦੇ ਮੇਅਰ ਕੈਨ ਸਿਮ ਨਾਲ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਸਟੀਵ ਰਾਏ ਨੇ ਦਾਅਵਾ ਕੀਤਾ ਕਿ ਫਿਲੀਪੀਨੋ ਭਾਈਚਾਰੇ ਦੇ ਤਿਉਹਾਰ ਨੂੰ ਵੇਖਦਿਆਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪਿਛਲੇ ਸਾਲ ਦਾ ਤਜਰਬਾ ਪੁਲਿਸ ਦੇ ਸਾਹਮਣੇ ਮੌਜੂਦ ਹੈ ਜਦੋਂ ਇਕ ਵਾਰ ਵੀ ਪੁਲਿਸ ਅਫਸਰਾ ਨੂੰ ਦਖਲ ਨਹੀਂ ਦੇਣਾ ਪਿਆ। ਫਿਲੀਪੀਨੋ ਭਾਈਚਾਰੇ ਦੇ ਇਨ੍ਹਾਂ ਸਮਾਗਮਾਂ ਵਿਚ ਲੋਕ ਪਰਵਾ ਸਣੇ ਸ਼ਾਮਲ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ੱਕੀ ਦੀ ਮਾਨਸਿਕ ਸਿਹਤ ਵਿਚ ਵਿਗਾੜ ਦਾ ਲੰਮਾ ਰਿਕਾਰਡ ਮੌਜੂਦ ਹੈ। ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਗੱਡੀ ਹੇਠ ਦਰੜਨ ਦੀ ਵਾਰਦਾਤ ਮੁੱਖ ਸਮਾਗਮ ਵਾਲੀ ਥਾਂ ਤੋਂ ਬਿਲਕੁਲ ਹਟਵੀਂ ਥਾਂ ’ਤੇ ਵਾਪਰੀ ਜਿਥੇ ਫੂਡ ਟ੍ਰਕਸ ਕਤਾਰ ਵਿਚ ਖੜੇ ਸਨ ਅਤੇ ਸਮਾਗਮ ਸਮਾਪਤੀ ਵੱਲ ਵਧ ਰਿਹਾ ਸੀ।