ਕੈਨੇਡਾ ’ਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ 6 ਭਾਰਤੀ ਕਾਬੂ
ਕੈਨੇਡਾ ਵਿਚੋਂ ਮਹਿੰਗੀਆਂ ਗੱਡੀਆਂ ਚੋਰੀ ਕਰ ਕੇ ਵਿਦੇਸ਼ ਭੇਜਣ ਵਾਲੇ 6 ਭਾਰਤੀਆਂ ਸਣੇ ਘੱਟੋ ਘੱਟ 20 ਜਣਿਆਂ ਦੇ ਗਿਰੋਹ ਦਾ ਪਰਦਾ ਫ਼ਾਸ਼ ਕੀਤਾ ਗਿਆ ਹੈ
ਟੋਰਾਂਟੋ : ਕੈਨੇਡਾ ਵਿਚੋਂ ਮਹਿੰਗੀਆਂ ਗੱਡੀਆਂ ਚੋਰੀ ਕਰ ਕੇ ਵਿਦੇਸ਼ ਭੇਜਣ ਵਾਲੇ 6 ਭਾਰਤੀਆਂ ਸਣੇ ਘੱਟੋ ਘੱਟ 20 ਜਣਿਆਂ ਦੇ ਗਿਰੋਹ ਦਾ ਪਰਦਾ ਫ਼ਾਸ਼ ਕੀਤਾ ਗਿਆ ਹੈ। ਜੀ ਹਾਂ, 306 ਗੱਡੀਆਂ ਬਰਾਮਦ ਕਰਦਿਆਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ 40 ਸਾਲ ਅਮਨਦੀਪ ਸਿੰਘ, ਬੋਲਟਨ ਦੇ 53 ਸਾਲਾ ਸੁਖਵਿੰਦਰ ਕਲੋਇਆ, ਬਰੈਂਪਟਨ ਦੇ 57 ਸਾਲਾ ਰਘਬੀਰ ਵਾਲੀਆ, ਮਿਲਟਨ ਦੀ 45 ਸਾਲਾ ਸਮੀਨਾ ਕਾਮਰਾਨ, ਬਰੈਂਪਟਨ ਦੇ 33 ਸਾਲਾ ਸੰਦੀਪ ਕੁਮਾਰ ਅਤੇ 26 ਸਾਲਾ ਜਿਗਰਦੀਪ ਸਿੰਘ, ਮਿਲਟਨ ਦੇ 52 ਸਾਲਾ ਮੁਹੰਮਦ ਮਿਰਜ਼ਾ, ਔਸ਼ਵਾ ਦੇ 29 ਸਾਲਾ ਮੁਹੰਮਦ ਮਲਿਕ ਅਤੇ ਸੁਲਤਾਨ ਅਬੂ ਸ਼ਬਾਬ, ਓਕਵਿਲ ਦੇ 37 ਸਾਲ ਜ਼ੀਆ ਕਾਜ਼ੀ, ਨੌਰਥ ਯਾਰਕ ਦੇ 20 ਸਾਲਾ ਉਸਮਾਨ ਇਸ਼ਫ਼ਾਕ ਅਤੇ ਮਿਸੀਸਾਗਾ ਦੇ 23 ਸਾਲਾ ਯਾਹਯਾ ਖਾਨ ਨੂੰ ਕਾਬੂ ਕਰਦਿਆਂ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ।
20 ਜਣਿਆਂ ਦੇ ਗਿਰੋਹ ਦਾ ਪਰਦਾ ਫ਼ਾਸ਼, 306 ਗੱਡੀਆਂ ਬਰਾਮਦ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਦੌਰਾਨ ਨਾ ਸਿਰਫ਼ ਗੱਡੀ ਚੋਰੀ ਦੀਆਂ ਵਾਰਦਾਤਾਂ ਵੱਲ ਧਿਆਨ ਕੇਂਦਰਤ ਕੀਤਾ ਗਿਆ ਸਗੋਂ ਚੋਰੀਸ਼ੁਦਾ ਮਾਲ ਦੀ ਵਿਦੇਸ਼ੀ ਬਾਜ਼ਾਰਾਂ ਤੱਕ ਢੋਆ-ਢੁਆਈ ਕਰਨ ਵਾਲੀਆਂ ਕੰਪਨੀਆਂ ਵੀ ਨਿਸ਼ਾਨੇ ’ਤੇ ਰਹੀਆਂ। ਪ੍ਰੌਜੈਕਟ ਚਿਕਾਡੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਆਟੋ ਥੈਫ਼ਟ ਰਾਹੀਂ ਅਪਰਾਧਕ ਗਿਰੋਹਾਂ ਨੂੰ ਮੋਟੀਆਂ ਰਕਮਾਂ ਹਾਸਲ ਹੁੰਦੀਆਂ ਹਨ ਅਤੇ ਸਾਡੀਆਂ ਕਮਿਊਨਿਟੀਜ਼ ਵਾਸਤੇ ਖ਼ਤਰਾ ਪੈਦਾ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਨਾ ਸਿਰਫ਼ ਪਰਵਾਰ ਪ੍ਰਭਾਵਤ ਹੁੰਦੇ ਹਨ ਸਗੋਂ ਕਾਰੋਬਾਰਾਂ ਉਤੇ ਵੀ ਮਾੜਾ ਅਸਰ ਪੈਂਦਾ ਹੈ। ਜਾਂਚਕਰਤਾਵਾਂ ਮੁਤਾਬਕ ਗੱਡੀ ਚੋਰ ਗਿਰੋਹ ਵੱਲੋਂ ਕੌਮਾਂਤਰੀ ਨੈਟਵਰਕ ਕਾਇਮ ਕਰਦਿਆਂ ਵਿਦੇਸ਼ੀ ਧਰਤੀ ’ਤੇ ਮੌਜੂਦ ਗਿਰੋਹਾਂ ਨਾਲ ਸੰਪਰਕ ਬਣਾਏ ਹੋਏ ਸਨ। ਪ੍ਰੌਜੈਕਟ ਚਿਕਾਡੀ ਦੀ ਸ਼ੁਰੂਆਤ ਅਗਸਤ 2023 ਵਿਚ ਕੀਤੀ ਗਈ ਜਦੋਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਖਾਸ ਦਸਤੇ ਨੇ ਗਰੇਟਰ ਟੋਰਾਂਟੋ ਏਰੀਆ ਵਿਚੋਂ ਚਾਰ ਚੋਰੀਸ਼ੁਦਾ ਗੱਡੀਆਂ ਬਰਾਮਦ ਕੀਤੀਆਂ। ਬਰਾਮਦਗੀ ਦੌਰਾਨ ਕਈ ਅਜਿਹੇ ਸਬੂਤ ਵੀ ਮਿਲੇ ਜਿਨ੍ਹਾਂ ਰਾਹੀਂ ਚੋਰੀਸ਼ੁਦਾ ਮਾਲ ਕੈਨੇਡਾ ਤੋਂ ਬਾਹਰ ਭੇਜਣ ਵਿਚ ਮਦਦ ਕਰਨ ਵਾਲੀਆਂ ਕੰਪਨੀਆਂ ਵੀ ਬੇਨਕਾਬ ਹੋਈਆਂ। ਇਨ੍ਹਾਂ ਕੰਪਨੀਆਂ ਵੱਲੋਂ ਜਾਅਲੀ ਸ਼ਿਪਿੰਗ ਦਸਤਾਵੇਜ਼ਾਂ ਦੇ ਆਧਾਰ ’ਤੇ ਮੱਧ ਪੂਰਬ ਦੇ ਮੁਲਕਾਂ ਜਾਂ ਪੱਛਮੀ ਅਫ਼ਰੀਕਾ ਵੱਲ ਗੱਡੀਆਂ ਭੇਜੀਆਂ ਜਾਂਦੀਆਂ।
ਓ.ਪੀ.ਪੀ. ਅਤੇ ਸੀ.ਬੀ.ਐਸ.ਏ. ਨੇ ਸਾਂਝੇ ਤੌਰ ’ਤੇ ਕੀਤੀ ਕਾਰਵਾਈ
ਡਿਟੈਕਟਿਵ ਇੰਸਪੈਕਟਰ ਸਕੌਟ ਵੇਡ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਂਟਰੀਅਲ ਬੰਦਰਗਾਹ, ਵੈਨਕੂਵਰ ਬੰਦਰਗਾਹ ਅਤੇ ਹੈਲੀਫ਼ੈਕਸ ਬੰਦਰਗਾਹ ’ਤੇ ਸ਼ਿਪਿੰਗ ਕੰਟੇਨਰਾਂ ਦੀ ਪੜਤਾਲ ਕੀਤੀ ਗਈ ਅਤੇ ਕੈਨੇਡਾ ਤੋਂ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਹੀ ਚੋਰੀਸ਼ੁਦਾ ਗੱਡੀਆਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਹੋਈ। ਆਰ.ਸੀ.ਐਮ.ਪੀ. ਤੋਂ ਇਲਾਵਾ ਇਕ ਕੌਮਾਂਤਰੀ ਸਹਾਇਕ ਨੇ ਇਸ ਕੰਮ ਵਿਚ ਕਾਫ਼ੀ ਮਦਦ ਕੀਤੀ। ਪੁਲਿਸ ਨੇ ਅੱਗੇ ਕਿਹਾ ਕਿ ਗੱਡੀ ਚੋਰ ਗਿਰੋਹ ਵੱਲੋਂ ਆਪਣੇ ਕੌਮਾਂਤਰੀ ਸਾਥੀਆਂ ਨਾਲ ਰਲ ਕੇ ਗੱਡੀਆਂ ਨੂੰ ਦੁੱਗਣੀ ਕੀਮਤ ’ਤੇ ਵੇਚਿਆ ਜਾ ਰਿਹਾ ਸੀ। ਇਸੇ ਦੌਰਾਨ ਉਨਟਾਰੀਓ ਅਤੇ ਕਿਊਬੈਕ ਵਿਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰਦਿਆਂ 30 ਹਜ਼ਾਰ ਡਾਲਰ ਨਕਦ ਅਤੇ ਜਾਅਲੀ ਲਾਇਸੰਸ ਪਲੇਟ ਵਾਲੀ ਗੱਡੀ ਸਣੇ ਦੋ ਹੋਰ ਗੱਡੀਆਂ ਜ਼ਬਤ ਕੀਤੀਆਂ। ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਦੋ ਹੋਰ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਏ। ਸ਼ੱਕੀਆਂ ਵਿਚ ਫਰੇਟ ਫ਼ੌਰਵਰਡਿੰਗ ਬਿਜ਼ਨਸ ਦੇ ਰਜਿਸਟਰਡ ਮਾਲਕ ਅਤੇ ਅਪ੍ਰੇਟਰ ਸ਼ਾਮਲ ਹਨ ਜਦਕਿ ਸਿੱਧੇ ਤੌਰ ’ਤੇ ਗੱਡੀ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਸ਼ੱਕੀਆਂ ਦੇ ਨਾਂ ਵੀ ਸ਼ੂਚੀ ਵਿਚ ਦਰਜ ਕੀਤੇ ਗਏ ਹਨ।