ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਕਾਬੂ ਆਏ 54 ਪ੍ਰਵਾਸੀ

ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਫੜੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ 95 ਫੀ ਸਦੀ ਕਮੀ ਆਈ ਹੈ ਅਤੇ ਟਰੰਪ ਸਰਕਾਰ ਖੁਦ ਇਹ ਗੱਲ ਪ੍ਰਵਾਨ ਕਰ ਰਹੀ ਹੈ।

Update: 2025-04-23 12:36 GMT

ਵਾਸ਼ਿੰਗਟਨ : ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਫੜੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ 95 ਫੀ ਸਦੀ ਕਮੀ ਆਈ ਹੈ ਅਤੇ ਟਰੰਪ ਸਰਕਾਰ ਖੁਦ ਇਹ ਗੱਲ ਪ੍ਰਵਾਨ ਕਰ ਰਹੀ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਦੱਸਿਆ ਕਿ ਨਿਊ ਹੈਂਪਸ਼ਾਇਰ, ਵਰਮੌਂਟ ਅਤੇ ਨਿਊ ਯਾਰਕ ’ਤੇ ਆਧਾਰਤ ਸਵੈਂਟਨ ਸੈਕਟਰ ਵਿਚ ਮਾਰਚ ਮਹੀਨੇ ਦੌਰਾਨ ਸਿਰਫ 54 ਜਣਿਆਂ ਨੂੰ ਕਾਬੂ ਕੀਤਾ ਗਿਆ। ਇਹ ਇਲਾਕਾ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਵਾਜਾਈ ਦਾ ਕੇਂਦਰ ਹੁੰਦਾ ਸੀ ਅਤੇ ਇਸ ਵੇਲੇ ਸੁੰਨ ਪਸਰੀ ਨਜ਼ਰ ਆ ਰਹੀ ਹੈ। ਕੈਰੋਲਾਈਨ ਲੈਵਿਟ ਨੇ ਅੱਗੇ ਦੱਸਿਆ ਕਿ ਟਰੰਪ ਸਰਕਾਰ ਕੋਲ 18 ਮੁਲਕਾਂ ਦੀ ਤਜਵੀਜ਼ ਪੁੱਜ ਚੁੱਕੀ ਹੈ ਜੋ ਅਮਰੀਕਾ ਨਾਲ ਕਾਰੋਬਾਰੀ ਸਮਝੌਤਾ ਕਰਨ ਦੇ ਇੱਛਕ ਹਨ।

ਵਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਖੁਦ ਪੇਸ਼ ਕੀਤੇ ਅੰਕੜੇ

ਇਸੇ ਦੌਰਾਨ ਓਵਲ ਦਫ਼ਤਰ ਵਿਚ ਮੌਜੂਦ ਡੌਨਲਡ ਟਰੰਪ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਅਮਰੀਕਾ ਇਕ ਵੱਡੀ ਤਬਦੀਲੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਇਹ ਕੁਝ ਸਮਾਂ ਜਾਰੀ ਰਹਿ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਵੱਲੋਂ ਹਰ ਮੁਲਕ ਨਾਲ ਵਾਜਬ ਸਲੂਕ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੇ ਕੋਲ ਵੀ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ ਜਿਨ੍ਹਾਂ ਦੀ ਹੋਰਨਾਂ ਮੁਲਕਾਂ ਨੂੰ ਜ਼ਰੂਰਤ ਹੈ। ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਉਤਰੀ ਸਰਹੱਦ ਰਾਹੀਂ ਹੋ ਰਹੇ ਨਾਜਾਇਜ਼ ਪ੍ਰਵਾਸ ਅਤੇ ਫੈਂਟਾਨਿਲ ਦੀ ਤਸਕਰੀ ਨੂੰ ਬਹਾਨਾ ਨੂੰ ਬਣਾ ਕੇ ਕੈਨੇਡਾ ਉਤੇ ਟੈਰਿਫ਼ਸ ਦਾ ਐਲਾਨ ਕੀਤਾ ਗਿਆ ਪਰ ਹੁਣ ਵਾਈਟ ਹਾਊਸ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਆਇਆ ਕਿ ਕੀ ਹਾਲਾਤ ਦੇ ਮੱਦੇਨਜ਼ਰ ਨੇੜ ਭਵਿੱਖ ਵਿਚ ਕੈਨੇਡਾ ਉਤੇ ਲੱਗੀਆਂ ਟੈਰਿਫ਼ਸ ਹਟਾਈਆਂ ਜਾ ਸਕਦੀਆਂ ਹਨ। ਉਧਰ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਕੌਮਾਂਤਰੀ ਸਰਹੱਦ ’ਤੇ ਕੈਨੇਡਾ ਜਿੰਨੀ ਮਰਜ਼ੀ ਸਖ਼ਤੀ ਕਰ ਲਵੇ, ਟਰੰਪ ਨੂੰ ਟੈਰਿਫਸ ਲਾਗੂ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ।

ਟਰੰਪ ਦੀਆਂ ਟੈਰਿਫ਼ਸ ਬਾਰੇ ਕੋਈ ਜ਼ਿਕਰ ਨਾ ਕੀਤਾ

ਮਿਸਾਲ ਵਜੋਂ ਫੈਂਟਾਨਿਲ ਦੀ ਤਸਕਰੀ ਨੂੰ ਲਿਆ ਜਾ ਸਕਦਾ ਹੈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਮਹਿਕਮੇ ਦੇ ਆਪਣੇ ਅੰਕੜੇ ਕਹਿੰਦੇ ਹਨ ਕਿ ਉਤਰੀ ਸਰਹੱਦ ਤੋਂ ਮਾਮੂਲੀ ਮਾਤਰਾ ਵਿਚ ਫੈਂਟਾਨਿਲ ਜ਼ਬਤ ਕੀਤੀ ਗਈ। ਇਸੇ ਦੌਰਾਨ ਸਿਆਸਤ ਦੇ ਜਾਣਕਾਰਾਂ ਨੇ ਕਿਹਾ ਕਿ ਕੈਨੇਡੀਅਨ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਟਰੰਪ ਕੋਈ ਵੱਡਾ ਐਲਾਨ ਕਰ ਸਕਦੇ ਹਨ। ਇਹ ਐਲਾਨ ਕੈਨੇਡਾ ਦੇ ਹੱਕ ਵਿਚ ਹੋਵੇਗਾ ਜਾਂ ਵਿਰੋਧ ਵਿਚ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਨੂੰ ਕੋਈ ਵੀ ਤਿਆਰ ਨਹੀਂ। ਦੂਜੇ ਪਾਸੇ ਅਮਰੀਕਾ ਦੀ ਦੱਖਣੀ ਸਰਹੱਦ ’ਤੇ ਵੀ ਸੁੰਨ ਪਸਰੀ ਹੋਈ ਹੈ ਅਤੇ ਐਂਟਰੀ ਪੋਰਟਸ ਤੋਂ ਇਲਾਵਾ ਕਿਸੇ ਵੀ ਥਾਂ ’ਤੇ ਕੋਈ ਆਵਾਜਾਈ ਨਹੀਂ ਹੋ ਰਹੀ।

Tags:    

Similar News