ਕੈਨੇਡਾ ’ਚ 3.43 ਲੱਖ ਨੂੰ ਪੀ.ਆਰ., 1.57 ਲੱਖ ਸਿਟੀਜ਼ਨ ਬਣੇ
ਕੈਨੇਡਾ ਦਾ ਇੰਮੀਗ੍ਰੇਸ਼ਨ ਬੈਕਲਾਗ ਮੁੜ 10 ਲੱਖ ਤੋਂ ਟੱਪ ਗਿਆ ਹੈ ਅਤੇ ਸਭ ਤੋਂ ਜ਼ਿਆਦਾ ਸਮੱਸਿਆ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ ਆ ਰਹੀ ਹੈ
ਟੋਰਾਂਟੋ : ਕੈਨੇਡਾ ਦਾ ਇੰਮੀਗ੍ਰੇਸ਼ਨ ਬੈਕਲਾਗ ਮੁੜ 10 ਲੱਖ ਤੋਂ ਟੱਪ ਗਿਆ ਹੈ ਅਤੇ ਸਭ ਤੋਂ ਜ਼ਿਆਦਾ ਸਮੱਸਿਆ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ ਆ ਰਹੀ ਹੈ ਪਰ ਇਸ ਦੇ ਨਾਲ ਹੀ ਇੰਮੀਗ੍ਰੇਸ਼ਨ ਵਿਭਾਗ ਨੇ 31 ਅਕਤੂਬਰ ਤੱਕ 3 ਲੱਖ 77 ਹਜ਼ਾਰ ਅਰਜ਼ੀਆਂ ਦਾ ਨਿਪਟਾਰਾ ਕਰਦਿਆਂ 3 ਲੱਖ 43 ਹਜ਼ਾਰ 400 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ। ਦੂਜੇ ਪਾਸੇ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2 ਲੱਖ 54 ਹਜ਼ਾਰ 300 ਅਰਜ਼ੀਆਂ ਵਿਚਾਰ ਅਧੀਨ ਹਨ ਜਿਨ੍ਹਾਂ ਵਿਚੋਂ 1 ਲੱਖ 99 ਹਜ਼ਾਰ 500 ਦਾ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਕੀਤੇ ਜਾਣ ਦੇ ਆਸਾਰ ਹਨ।
ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 10 ਲੱਖ ਤੋਂ ਟੱਪਿਆ
ਇੰਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ 1 ਅਪ੍ਰੈਲ ਤੋਂ 31 ਅਕਤੂਬਰ ਤੱਕ 1 ਲੱਖ 56 ਹਜ਼ਾਰ 500 ਪ੍ਰਵਾਸੀਆਂ ਨੂੰ ਕੈਨੇਡੀਅਨ ਨਾਗਰਿਕਤਾ ਨਾਲ ਨਿਵਾਜਿਆ ਗਿਆ। ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਵੱਲੋਂ ਪੰਜ ਲੱਖ ਤੋਂ ਵੱਧ ਸਟੱਡੀ ਵੀਜ਼ਾ ਅਰਜ਼ੀਆਂ ਦੀ ਨਿਪਟਾਰਾ ਜਨਵਰੀ ਤੋਂ ਅਕਤੂਬਰ ਦਰਮਿਆਨ ਕੀਤਾ ਗਿਆ ਜਿਨ੍ਹਾਂ ਵਿਚ ਪਹਿਲਾਂ ਤੋਂ ਕੈਨੇਡਾ ਵਿਚ ਮੌਜੂਦ ਵਿਦਿਆਰਥੀਆਂ ਵੱਲੋਂ ਵੀਜ਼ਾ ਮਿਆਦ ਵਿਚ ਵਾਧਾ ਕਰਵਾਉਣ ਵਾਲੀਆਂ ਅਰਜ਼ੀਆਂ ਵੀ ਸ਼ਾਮਲ ਹਨ। ਦਿਲਚਸਪ ਤੱਥ ਇਹ ਹੈ ਕਿ ਜੁਲਾਈ 2025 ਤੋਂ ਬਾਅਦ ਪਹਿਲੀ ਵਾਰ ਸਟੱਡੀ ਵੀਜ਼ਾ ਅਰਜ਼ੀਆਂ ਦੇ ਬੈਕਲਾਗ ਵਿਚ ਕਮੀ ਆਈ ਹੈ। ਸਟੱਡੀ ਵੀਜ਼ਿਆਂ ’ਤੇ ਕੈਪਿੰਗ ਹੋਣ ਕਾਰਨ 2024 ਦੇ ਮੁਕਾਬਲੇ ਇਸ ਵਾਰ ਨਵੇਂ ਵਿਦਿਆਰਥੀਆਂ ਦੀ ਆਮਦ ਵਿਚ 53 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ।
4.84 ਲੱਖ ਇੰਟਰਨੈਸ਼ਨ ਸਟੂਡੈਂਟ ਕੈਨੇਡਾ ਵਿਚ ਮੌਜੂਦ
ਇਸੇ ਤਰ੍ਹਾਂ ਵਰਕ ਪਰਮਿਟ ਨਾਲ ਸਬੰਧਤ 11 ਲੱਖ 11 ਹਜ਼ਾਰ ਅਰਜ਼ੀਆਂ ਪ੍ਰੋਸੈਸ ਕੀਤੀਆਂ ਗਈਆਂ ਪਰ ਇੰਮੀਗ੍ਰੇਸ਼ਨ ਵਿਭਾਗ ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਅਰਜ਼ੀਆਂ ਰੱਦ ਹੋਈਆਂ ਅਤੇ ਕਿੰਨੇ ਉਮੀਦਵਾਰਾਂ ਨੂੰ ਵਰਕ ਪਰਮਿਟ ਹਾਸਲ ਹੋਇਆ। ਕੈਨੇਡਾ ਵਿਚ ਇਸ ਵੇਲੇ 4 ਲੱਖ 84 ਹਜ਼ਾਰ ਸਟੱਡੀ ਪਰਮਿਟ ਹੋਲਡਰ ਅਤੇ 14 ਲੱਖ 92 ਹਜ਼ਾਰ ਵਰਕ ਪਰਮਿਟ ਹੋਲਡਰ ਮੌਜੂਦ ਹਨ। ਉਧਰ ਅਸਾਇਲਮ ਦੇ ਦਾਅਵਿਆਂ ਵਿਚ ਵੀ 33 ਫ਼ੀ ਸਦੀ ਕਮੀ ਆਉਣ ਮਗਰੋਂ ਰਫ਼ਿਊਜੀ ਬੋਰਡ ਨੂੰ ਕੁਝ ਰਾਹਤ ਮਿਲੀ ਹੈ। ਦੱਸ ਦੇਈਏ ਕਿ ਇਸ ਵੇਲੇ ਪਰਮਾਨੈਂਟ ਰੈਜ਼ੀਡੈਂਸੀ ਵਾਲੀ ਸ਼੍ਰੇਣੀ ਵਿਚ 9 ਲੱਖ 28 ਹਜ਼ਾਰ 900 ਅਰਜ਼ੀਆਂ ਵਿਚਾਰ ਅਧੀਨ ਹਨ ਅਤੇ ਇਨ੍ਹਾਂ ਵਿਚੋਂ 4 ਲੱਖ 27 ਹਜ਼ਾਰ 500 ਦਾ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।
ਵਰਕ ਪਰਮਿਟ ਵਾਲਿਆਂ ਦਾ ਅੰਕੜਾ 14 ਲੱਖ 92 ਹਜ਼ਾਰ
ਐਕਸਪ੍ਰੈਸ ਐਂਟਰੀ ਨਾਲ ਸਬੰਧਤ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਵਾਲੀ ਸ਼੍ਰੇਣੀ ਵਿਚ ਅਰਜ਼ੀਆਂ ਦਾ ਬੈਕਲਾਗ 47 ਫ਼ੀ ਸਦੀ ਤੋਂ ਵੱਧ ਕੇ 51 ਫ਼ੀ ਸਦੀ ਹੋ ਗਿਆ ਹੈ ਅਤੇ ਅਪ੍ਰੈਲ 2022 ਤੋਂ ਬਾਅਦ ਇਹ ਸਭ ਤੋਂ ਉਚਾ ਅੰਕੜਾ ਮੰਨਿਆ ਜਾ ਰਿਹਾ ਹੈ। ਸਿਟੀਜ਼ਨਸ਼ਿਪ ਵਾਲੀ ਸ਼ੇ੍ਰਣੀ ਵਿਚ ਵੀ 54 ਹਜ਼ਾਰ 800 ਅਰਜ਼ੀਆਂ ਬੈਕਲਾਗ ਵਿਚ ਮੰਨੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਚੌਥੇ ਮਹੀਨੇ ਅੰਕੜੇ ਵਿਚ ਵਾਧਾ ਹੋਇਆ ਹੈ। ਇੰਮੀਗ੍ਰੇਸ਼ਨ ਵਿਭਾਗ ਵੱਲੋਂ 16 ਦਸੰਬਰ ਨੂੰ ਜਾਰੀ ਅੰਕੜਿਆਂ ਮੁਤਾਬਕ ਕੁਲ ਵਿਚਾਰ ਅਧੀਨ ਅਰਜ਼ੀਆਂ ਦੀ ਗਿਣਤੀ 21 ਲੱਖ ਅਤੇ 80 ਹਜ਼ਾਰ ਦੱਸੀ ਗਈ ਜੋ ਸਤੰਬਰ ਦੇ ਮੁਕਾਬਲੇ ਮਾਮੂਲੀ ਤੌਰ ’ਤੇ ਘੱਟ ਬਣਦੀ ਹੈ।