ਕੈਨੇਡਾ ’ਚ 3 ਖਾਲਿਸਤਾਨ ਹਮਾਇਤੀਆਂ ਨੂੰ ਮਿਲੀ ਜ਼ਮਾਨਤ!
ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਖਾਲਿਸਤਾਨ ਹਮਾਇਤੀ ਇੰਦਰਜੀਤ ਸਿੰਘ ਗੋਸਲ ਅਤੇ ਉਸ ਦੇ ਸਾਥੀਆਂ ਨੂੰ ਜ਼ਮਾਨਤ ਮਿਲਣ ਦੀ ਰਿਪੋਰਟ ਹੈ
ਟੋਰਾਂਟੋ : ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਖਾਲਿਸਤਾਨ ਹਮਾਇਤੀ ਇੰਦਰਜੀਤ ਸਿੰਘ ਗੋਸਲ ਅਤੇ ਉਸ ਦੇ ਸਾਥੀਆਂ ਨੂੰ ਜ਼ਮਾਨਤ ਮਿਲਣ ਦੀ ਰਿਪੋਰਟ ਹੈ। ਇੰਦਰਜੀਤ ਸਿੰਘ ਗੋਸਲ ਦਾ ਇਕ ਵੀਡੀਓ ਸੁਨੇਹਾ ਸਾਹਮਣੇ ਆਇਆ ਹੈ ਜੋ ਉਨਟਾਰੀਓ ਦੇ ਸੈਂਟਰਲ ਈਸਟ ਕੁਰੈਕਸ਼ਨਲ ਸੈਂਟਰ ਦੇ ਬਾਹਰ ਰਿਕਾਰਡ ਕੀਤਾ ਗਿਆ। ਕੈਨੇਡੀਅਨ ਮੀਡੀਆ ਵੱਲੋਂ ਇੰਦਰਜੀਤ ਸਿੰਘ ਜਾਂ ਉਸ ਦੇ ਸਾਥੀਆਂ ਨੂੰ ਜ਼ਮਾਨਤ ਮਿਲਣ ਦੀ ਤਸਦੀਕ ਨਹੀਂ ਕੀਤੀ ਗਈ ਪਰ ਭਾਰਤੀ ਮੀਡੀਆ ਜ਼ਮਾਨਤ ਮਿਲਣ ਦਾ ਦਾਅਵਾ ਕਰ ਰਿਹਾ ਹੈ।
ਜੇਲ ਦੇ ਬਾਹਰ ਰਿਕਾਰਡ ਵੀਡੀਓ ਆਈ ਸਾਹਮਣੇ
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇੰਦਰਜੀਤ ਸਿੰਘ ਗੋਸਲ ਵੀਡੀਓ ਸੁਨੇਹੇ ਰਾਹੀਂ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਧਮਕਾਉਂਦਾ ਸੁਣਿਆ ਜਾ ਸਕਦਾ ਹੈ ਅਤੇ 23 ਨਵੰਬਰ ਨੂੰ ਕੈਨੇਡਾ ਦੀ ਰਾਜਧਾਨੀ ਵਿਚ ਖਾਲਿਸਤਾਨ ਬਾਰੇ ਹੋਣ ਵਾਲੀ ਸੰਕੇਤਕ ਰਾਏਸ਼ੁਮਾਰੀ ਦਾ ਜ਼ਿਕਰ ਵੀ ਕਰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਉਨਟਾਂਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕੈਲੇਡਨ ਦੇ ਇੰਦਰਜੀਤ ਸਿੰਘ ਗੋਸਲ, ਟੋਰਾਂਟੋ ਦੇ ਅਰਮਾਨ ਸਿੰਘ ਅਤੇ ਨਿਊ ਯਾਰਕ ਦੇ ਪਿਕਵਿਲ ਨਾਲ ਸਬੰਧਤ 41 ਸਾਲਾ ਜਗਦੀਪ ਸਿੰਘ ਵਿਰੁੱਧ ਲਾਪ੍ਰਵਾਹੀ ਨਾਲ ਹਥਿਆਰ ਚਲਾਉਣ, ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ, ਲੁਕਵੇਂ ਹਥਿਆਰ ਰੱਖਣ, ਨਾਜਾਇਜ਼ ਤਰੀਕੇ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਤੇ ਗੋਲੀਆਂ ਰੱਖਣ ਵਰਗੇ ਦੋਸ਼ ਲਾਉਂਦਿਆਂ ਗ੍ਰਿਫ਼ਤਾਰ ਕੀਤਾ ਸੀ।
ਕੈਨੇਡੀਅਨ ਮੀਡੀਆ ਵੱਲੋਂ ਜ਼ਮਾਨਤ ਦੀ ਤਸਦੀਕ ਨਹੀਂ
ਇਹ ਗ੍ਰਿਫ਼ਤਾਰੀਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡ੍ਰੌਇਨ ਅਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਰਮਿਆਨ ਮੁਲਾਕਾਤ ਤੋਂ ਬਾਅਦ ਹੋਈ। ਉਚ ਪੱਧਰੀ ਮੀਟਿੰਗ ਮਗਰੋਂ ਭਾਰਤ ਸਰਕਾਰ ਦੇ ਬਿਆਨ ਵਿਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਕੋਈ ਜ਼ਿਕਰ ਨਹੀਂ ਮਿਲਦਾ ਪਰ ਡੌ੍ਰਇਨ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਇਸ ਤੋਂ ਦੂਰ ਰਹਿਣ ਦੀ ਸਹਿਮਤੀ ਜ਼ਾਹਰ ਕੀਤੀ। ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਨੂੰ ਸਿੱਧੇ ਤੌਰ ’ਤੇ ਜੂਨ 2023 ਵਿਚ ਹੋਏ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਜੋੜਿਆ ਗਿਆ। ਅਕਤੂਬਰ 2024 ਦੀ ਪ੍ਰੈਸ ਕਾਨਫ਼ਰੰਸ ਵਿਚ ਆਰ.ਸੀ.ਐਮ.ਪੀ. ਆਖ ਚੁੱਕੀ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡਾ ਵਿਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਵਰਤਿਆ ਜਾ ਰਿਹਾ ਹੈ।