ਕੈਨੇਡਾ ਵਿਚ ਕਬੂਤਰ ਨਹੀਂ ਹੋਏ ਪੀ.ਆਈ.ਏ. ਦੇ 22 ਮੁਲਾਜ਼ਮ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ 22 ਮੁਲਾਜ਼ਮਾਂ ਵੱਲੋਂ ਕੈਨੇਡਾ ਵਿਚ ਪਨਾਹ ਮੰਗਣ ਅਤੇ ਏਅਰਲਾਈਨ ਵੱਲੋਂ ਕੈਨੇਡਾ ਵਾਸਤੇ ਸਿੱਧੀਆਂ ਫ਼ਲਾਈਟਸ ਬੰਦ ਕਰਨ ਬਾਰੇ ਸੋਸ਼ਲ ਮੀਡੀਆ ’ਤੇ ਹੋ ਰਹੇ ਪ੍ਰਚਾਰ ਨੂੰ ਕੋਰੀ ਅਫ਼ਵਾਹ ਦੱਸਿਆ ਗਿਆ
ਟੋਰਾਂਟੋ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ 22 ਮੁਲਾਜ਼ਮਾਂ ਵੱਲੋਂ ਕੈਨੇਡਾ ਵਿਚ ਪਨਾਹ ਮੰਗਣ ਅਤੇ ਏਅਰਲਾਈਨ ਵੱਲੋਂ ਕੈਨੇਡਾ ਵਾਸਤੇ ਸਿੱਧੀਆਂ ਫ਼ਲਾਈਟਸ ਬੰਦ ਕਰਨ ਬਾਰੇ ਸੋਸ਼ਲ ਮੀਡੀਆ ’ਤੇ ਹੋ ਰਹੇ ਪ੍ਰਚਾਰ ਨੂੰ ਕੋਰੀ ਅਫ਼ਵਾਹ ਦੱਸਿਆ ਗਿਆ ਹੈ। ਜੀ ਹਾਂ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਪੀ.ਆਈ.ਏ. ਦੇ ਮੁਲਾਜ਼ਮਾਂ ਵੱਲੋਂ ਪਨਾਹ ਮੰਗਣ ਬਾਰੇ ਦਾਅਵੇ ਦੀ ਤਸਦੀਕ ਕਰਨ ਤੋਂ ਨਾਂਹ ਕਰ ਦਿਤੀ ਹੈ ਅਤੇ ਫਲਾਈਟ ਟ੍ਰੈਕਿੰਗ ਡਾਟਾ ਤੋਂ ਸਾਫ਼ ਪਤਾ ਲਗਦਾ ਹੈ ਕਿ ਦੋਹਾਂ ਮੁਲਕਾਂ ਦਰਮਿਆਨ ਫਲਾਈਟਸ ਪਹਿਲਾਂ ਵਾਂਗ ਚੱਲ ਰਹੀਆਂ ਹਨ। ਚੇਤੇ ਰਹੇ ਕਿ ਪਿਛਲੇ ਦਿਨੀਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਪੁੱਜੀ ਪੀ.ਆਈ.ਏ ਦੀ ਫਲਾਈਟ ਦਾ ਸਮੁੱਚਾ ਅਮਲਾ ਗਾਇਬ ਹੋ ਗਿਆ।
ਬਾਰਡਰ ਅਫ਼ਸਰਾਂ ਨੇ ਪਨਾਹ ਦੇ ਦਾਅਵੇ ਨੂੰ ਕੋਰੀ ਅਫ਼ਵਾਹ ਦੱਸਿਆ
ਪੋਸਟ ਵਿਚ ਦਾਅਵਾ ਕੀਤਾ ਗਿਆ ਕਿ ਹਵਾਈ ਜਹਾਜ਼ ਨੇ ਦੋ ਘੰਟੇ ਦੇ ਠਹਿਰਾਅ ਮਗਰੋਂ ਇਸਲਾਮਾਬਾਦ ਵਾਸਤੇ ਰਵਾਨਾ ਹੋਣਾ ਸੀ ਪਰ ਜਹਾਜ਼ ਦੇ ਪਾਇਲਟਾਂ ਸਣੇ ਕੋਈ ਕਰੂ ਮੈਂਬਰ ਮੌਕੇ ’ਤੇ ਨਾ ਪੁੱਜਾ। 29 ਲੱਖ ਲੋਕਾਂ ਨੇ ਸੋਸ਼ਲ ਮੀਡੀਆ ਪੋਸਟ ਨੂੰ ਦੇਖਿਆ ਅਤੇ ਇਸ ਮਗਰੋਂ ਇਕ ਹੋਰ ਪੋਸਟ ਜਾਰੀ ਕਰਦਿਆਂ ਕਿਹਾ ਗਿਆ ਕਿ ਪਾਕਿਸਤਾਨ ਦੇ ਜਹਾਜ਼ ਹੁਣ ਕੈਨੇਡਾ ਨਹੀਂ ਆਉਣਗੇ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਮੁਲਾਜ਼ਮਾਂ ਵੱਲੋਂ ਕੈਨੇਡਾ ਵਿਚ ਲੈਂਡ ਕਰਨ ਮਗਰੋਂ ਕਬੂਤਰ ਹੋਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਪਰ ਐਨੀ ਵੱਡੀ ਗਿਣਤੀ ਵਿਚ ਮੁਲਾਜ਼ਮ ਕਦੇ ਵੀ ਲਾਪਤਾ ਨਹੀਂ ਸਨ ਹੋਏ ਜਿਸ ਮਗਰੋਂ ਡੂੰਘਾਈ ਨਾਲ ਪੜਤਾਲ ਕੀਤੀ ਗਈ ਅਤੇ ਪੀ.ਆਈ.ਏ. ਦੇ ਬੁਲਾਰੇ ਨੇ ਵੀ ਦਾਅਵੇ ਨੂੰ ਥੋਥਾ ਕਰਾਰ ਦਿਤਾ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦਾ ਅਕਸ ਖ਼ਰਾਬ ਕਰਨ ਦੇ ਮਕਸਦ ਨਾਲ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ। ਪੂਰੇ ਜਹਾਜ਼ ਦਾ ਅਮਲਾ ਗਾਇਬ ਹੋਣ ਦੇ ਦਾਅਵੇ ਉਤੇ ਕੋਈ ਯਕੀਨ ਨਹੀਂ ਕਰ ਸਕਦਾ।
ਪਾਕਿਸਤਾਨ ਤੋਂ ਟੋਰਾਂਟੋ ਦਰਮਿਆਨ ਸਿੱਧੀਆਂ ਫਲਾਈਟਸ ਵੀ ਜਾਰੀ
ਇਸੇ ਦੌਰਾਨ ਫਲਾਈਟ ਟ੍ਰੈਕਿੰਗ ਵੈਬਸਾਈਟ ਫਲਾਈਟ ਅਵੇਅਰ ਰਾਹੀਂ ਪਤਾ ਲੱਗਾ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੋਹਾਂ ਮੁਲਕਾਂ ਵਿਚਾਲੇ ਸਿੱਧੀਆਂ ਫਲਾਈਟਸ ਰਵਾਨਾ ਹੋਈਆਂ। ਚੇਤੇ ਰਹੇ ਹਾਲ ਹੀ ਵਿਚ ਟੋਰਾਂਟੋ ਤੋਂ ਲਾਹੌਰ ਜਾਣ ਵਾਲੀ ਫਲਾਈਟ ਵਿਚੋਂ ਇਕ ਅਟੈਂਡੈਂਟ ਗਾਇਬ ਹੋਇਆ ਅਤੇ ਏਅਰਲਾਈਨ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 2024 ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ 8 ਫ਼ਲਾਈਟ ਅਟੈਂਡੈਂਟ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਕਰਨ ਮਗਰੋਂ ਗਾਇਬ ਹੋਏ ਜਿਨ੍ਹਾਂ ਵੱਲੋਂ ਸੰਭਾਵਤ ਤੌਰ ’ਤੇ ਅਸਾਇਲਮ ਦਾ ਦਾਅਵਾ ਪੇਸ਼ ਕੀਤਾ ਗਿਆ। ਇਕ ਫਲਾਈਟ ਅਟੈਂਡੈਂਟ ਟੋਰਾਂਟੋ ਦੇ ਹੋਟਲ ਵਿਚ ਇਕ ਪਰਚੀ ਉਤੇ ਸ਼ੁਕਰੀਆ ਲਿਖ ਕੇ ਵੀ ਗਾਇਬ ਹੋ ਗਿਆ ਸੀ। ਪੀ.ਆਈ.ਏ. ਦਾ ਕਹਿਣਾ ਹੈ ਕਿ ਕੈਨੇਡਾ ਵਿਚ ਅਸਾਇਲਮ ਦੀਆਂ ਨਰਮ ਨੀਤੀਆਂ ਕਰ ਕੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਹੁਣ ਪਾਕਿਸਤਾਨ ਵਿਚ ਡੂੰਘੇ ਪਰਵਾਰਕ ਰਿਸ਼ਤਿਆਂ ਵਾਲੇ ਕਰੂ ਮੈਂਬਰਾਂ ਨੂੰ ਹੀ ਟੋਰਾਂਟੋ ਵਾਲੀਆਂ ਫਲਾਈਟਸ ’ਤੇ ਭੇਜਿਆ ਜਾਂਦਾ ਹੈ।