ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ 2 ਪੰਜਾਬੀ ਟਰੱਕ ਡਰਾਈਵਰ ਕਾਬੂ
ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ 2 ਪੰਜਾਬੀ ਟਰੱਕ ਡਰਾਈਵਰਾਂ ਨੂੰ 37 ਲੱਖ 50 ਹਜ਼ਾਰ ਡਾਲਰ ਦੀ ਕੋਕੀਨ ਸਣੇ ਕਾਬੂ ਕੀਤਾ ਗਿਆ ਹੈ।
ਮਿਸ਼ੀਗਨ, 3 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ 2 ਪੰਜਾਬੀ ਟਰੱਕ ਡਰਾਈਵਰਾਂ ਨੂੰ 37 ਲੱਖ 50 ਹਜ਼ਾਰ ਡਾਲਰ ਦੀ ਕੋਕੀਨ ਸਣੇ ਕਾਬੂ ਕੀਤਾ ਗਿਆ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਨੇ ਦੱਸਿਆ ਕਿ ਬਲੂ ਵਾਟਰ ਬ੍ਰਿਜ ’ਤੇ ਇਕ ਟਰੱਕ ਨੂੰ ਤਲਾਸ਼ੀ ਵਾਸਤੇ ਰੋਕਿਆ ਗਿਆ ਜਿਸ ਵਿਚੋਂ ਕੋਕੀਨ ਦੇ 115 ਪੈਕਟ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਕੁਲ ਵਜ਼ਨ 275 ਪਾਊਂਡ ਬਣਦਾ ਹੈ। ਟਰੱਕ ਵਿਚ ਸਵਾਰ ਦੋ ਜਣਿਆਂ ਦੀ ਸ਼ਨਾਖਤ ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਵਜੋਂ ਕੀਤੀ ਗਈ ਹੈ।
37 ਲੱਖ 50 ਹਜ਼ਾਰ ਡਾਲਰ ਮੁੱਲ ਦੀ 125 ਕਿਲੋ ਕੋਕੀਨ ਬਰਾਮਦ
ਪੁੱਛ ਪੜਤਾਲ ਦੌਰਾਨ ਇਕਬਾਲ ਸਿੰਘ ਵਿਰਕ ਨੇ ਦੱਸਿਆ ਕਿ ਉਹ ਸੱਤ ਸਾਲ ਤੋਂ ਟਰੱਕ ਚਲਾ ਰਿਹਾ ਹੈ ਅਤੇ ਅਕਸਰ ਹੀ ਟਰੱਕ ਲੈ ਕੇ ਅਮਰੀਕਾ ਦਾ ਗੇੜਾ ਲਾਉਂਦਾ ਹੈ। ਕਈ ਵਾਰ ਹਫਤੇ ਵਿਚ ਇਕ ਗੇੜਾ ਕੈਨੇਡਾ ਤੋਂ ਅਮਰੀਕਾ ਦਾ ਲੱਗ ਹੀ ਜਾਂਦਾ ਹੈ। ਅਧਿਕਾਰੀਆਂ ਵੱਲੋਂ ਇਕ ਸੈਲਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਟਰੱਕ ਵਿਚ ਬਣੇ ਇਕ ਲੁਕਵੇਂ ਕੰਪਾਰਟਮੈਂਟ ਨੂੰ ਖੋਲ੍ਹਣ ਅਤੇ ਬੰਦ ਕਰਨ ਲਈ ਵਰਤਿਆ ਜਾਂਦਾ ਸੀ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦਾ ਮੰਨਣਾ ਹੈ ਕਿ ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰ ਰਹੇ ਸਨ ਜਿਸ ਦੇ ਮੱਦੇਨਜ਼ਰ ਦੋਹਾਂ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਪੰਜਾਬੀ ਟਰੱਕ ਡਰਾਈਵਰਾਂ ਦਾ ਇਹ ਕੋਈ ਪਹਿਲੀ ਗ੍ਰਿਫ਼ਤਾਰੀ ਨਹੀਂ। ਪਿਛਲੇ ਸਾਲ 60 ਸਾਲ ਦੇ ਰਾਜ ਕੁਮਾਰ ਮਹਿਮੀ ਨੂੰ 80 ਕਿਲੋ ਕੋਕੀਨ ਤਸਕਰੀ ਦੇ ਮਾਮਲੇ ਵਿਚ 15 ਸਾਲ ਦੀ ਸਜ਼ਾ ਸੁਣਾਈ ਗਈ ਪਰ ਇਸੇ ਦੌਰਾਨ ਉਹ ਭਾਰਤ ਫਰਾਰ ਹੋ ਗਿਆ।
ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਵਜੋਂ ਹੋਈ ਸ਼ਨਾਖਤ
ਰਾਜ ਕੁਮਾਰ ਮਹਿਮੀ ਨੂੰ ਨਵੰਬਰ 2017 ਵਿਚ ਅਮਰੀਕਾ ਤੋਂ ਬੀ.ਸੀ. ਵਿਚ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ। ਕੈਨੇਡੀਅਨ ਪੁਲਿਸ ਮੁਤਾਬਕ ਰਾਜ ਕੁਮਾਰ ਮਹਿਮੀ 11 ਅਕਤੂਬਰ 2022 ਨੂੰ ਵੈਨਕੂਵਰ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਭਾਰਤ ਫਰਾਰ ਹੋ ਗਿਆ ਜਿਸ ਦੀ ਗ੍ਰਿਫ਼ਤਾਰੀ ਵਾਸਤੇ ਇੰਟਰਪੋਲ ਨੇ ਰੈਡ ਨੋਟਿਸ ਵੀ ਜਾਰੀ ਕੀਤਾ ਹੈ। ਇਥੇ ਦਸਣਾ ਬਣਦਾ ਹੈ ਕਿ ਦਸੰਬਰ 2023 ਵਿਚ ਬਰੈਂਪਟਨ ਦੇ ਮਨਪ੍ਰੀਤ ਸਿੰਘ ਨੂੰ 100 ਪਾਊਂਡ ਸ਼ੱਕੀ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀ ਵੀ ਬਲੂ ਵਾਟਰ ਬ੍ਰਿਜ ’ਤੇ ਕੀਤੀ ਗਈ। ਜਿਥੇ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਨਸ਼ਾ ਤਸਕਰਾਂ ਦੀ ਨਕੇਲ ਕਸਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ, ਉਥੇ ਹੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਮੁਸਤੈਦੀ ਨਾਲ ਟ੍ਰਾਂਸਪੋਰਟ ਟਰੱਕਸ ’ਤੇ ਨਜ਼ਰ ਰਖਦੀ ਹੈ। ਜਨਵਰੀ 2023 ਤੋਂ ਅਕਤੂਬਰ 2023 ਦਰਮਿਆਨ ਸੀ.ਬੀ.ਐਸ.ਏ. ਵੱਲੋਂ 1,300 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਅਮਰੀਕਾ ਦੇ ਰਸਤੇ ਕੈਨੇਡਾ ਤੱਕ ਪੁੱਜਣ ਵਾਲੇ ਜ਼ਿਆਦਾਤਰ ਨਸ਼ੀਲੇ ਪਦਾਰਥ ਮੈਕਸੀਕੋ ਵਿਚ ਤਿਆਰ ਕੀਤੇ ਜਾਂਦੇ ਹਨ ਅਤੇ ਟਰੱਕ ਡਰਾਈਵਰ ਨੂੰ ਲਾਲਚ ਦੇ ਕੇ ਇਨ੍ਹਾਂ ਦੀ ਤਸਕਰੀ ਕਰਵਾਈ ਜਾਂਦੀ ਹੈ। ਕਈ ਗਿਰੋਹ ਇਸ ਧੰਦੇ ਵਿਚ ਸ਼ਾਮਲ ਹਨ ਅਤੇ ਤਸਕਰੀ ਦੇ ਇਨ੍ਹਾਂ ਮਾਮਲਿਆਂ ਵਿਚੋਂ ਹੀ ਇਕ ਤਹਿਤ ਕੈਲਗਰੀ ਦੇ ਸ਼ੁਭਮ ਕੁਮਾਰ, ਬਰੈਂਪਟਨ ਦੇ ਗੁਰਅੰਮ੍ਰਿਤ ਸਿੱਧੂ ਅਤੇ ਆਯੁਸ਼ ਸ਼ਰਮਾ ਦੀ ਹਵਾਲਗੀ ਅਮਰੀਕਾ ਸਰਕਾਰ ਵੱਲੋਂ ਮੰਗੀ ਗਈ। ਮੌਜੂਦਾ ਵਰ੍ਹੇ ਦੌਰਾਨ ਨਸ਼ਾ ਤਸਕਰਾਂ ਨੇ ਹੱਦ ਹੀ ਕਰ ਦਿਤੀ ਜਦੋਂ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿਖੇ ਡੇਢ ਟਨ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ ਜਿਸ ਦੀ ਅੰਦਾਜ਼ਨ ਕੀਮਤ 19 ਕਰੋੜ ਡਾਲਰ ਤੋਂ ਵੱਧ ਬਣਦੀ ਹੈ।