ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ 2 ਭਾਰਤੀ 35 ਲੱਖ ਡਾਲਰ ਦੀ ਕੋਕੀਨ ਸਣੇ ਕਾਬੂ

ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਕੋਕੀਨ ਅਤੇ ਹੋਰ ਨਸ਼ਿਆਂ ਸਣੇ ਕਾਬੂ ਕੀਤੇ ਜਾ ਰਹੇ ਟਰੱਕ ਡਰਾਈਵਰਾਂ ਵਿਚ ਅਭਿਸ਼ੇਕ ਜੈਨ ਅਤੇ ਸਤਵੰਤ ਸਿੰਘ ਕਲੇਰ ਦਾ ਨਾਂ ਵੀ ਜੁੜ ਗਿਆ

Update: 2024-12-20 13:00 GMT

ਮਿਸ਼ੀਗਨ : ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਕੋਕੀਨ ਅਤੇ ਹੋਰ ਨਸ਼ਿਆਂ ਸਣੇ ਕਾਬੂ ਕੀਤੇ ਜਾ ਰਹੇ ਟਰੱਕ ਡਰਾਈਵਰਾਂ ਵਿਚ ਅਭਿਸ਼ੇਕ ਜੈਨ ਅਤੇ ਸਤਵੰਤ ਸਿੰਘ ਕਲੇਰ ਦਾ ਨਾਂ ਵੀ ਜੁੜ ਗਿਆ ਜਦੋਂ ਬਲੂ ਵਾਟਰ ਬ੍ਰਿਜ ਤੋਂ ਲੰਘਣ ਦਾ ਯਤਨ ਕਰ ਰਹੇ ਇਕ ਟਰੱਕ ਵਿਚੋਂ 35 ਲੱਖ ਡਾਲਰ ਤੋਂ ਵੱਧ ਮੁੱਲ ਦੀ ਇਕ ਹਜ਼ਾਰ ਪਾਊਂਡ ਕੋਕੀਨ ਬਰਾਮਦ ਕੀਤੀ ਗਈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਏਜੰਟਾਂ ਵੱਲੋਂ ਇਕ ਟਰੱਕ ਨੂੰ ਪੜਤਾਲ ਵਾਸਤੇ ਰੋਕਿਆ ਅਤੇ ਐਕਸ-ਰੇਅ ਜਾਂਚ ਦੌਰਾਨ ਗੜਬੜ ਮਹਿਸੂਸ ਹੋਣ ’ਤੇ ਡੂੰਘਾਈ ਨਾਲ ਤਲਾਸ਼ੀ ਲੈਣ ਦਾ ਫ਼ੈਸਲਾ ਕੀਤਾ।

ਅਭਿਸ਼ੇਕ ਜੈਨ ਅਤੇ ਸਤਵੰਤ ਸਿੰਘ ਕਲੇਰ ਵਜੋਂ ਕੀਤੀ ਸ਼ਨਾਖ਼ਤ

ਤਲਾਸ਼ੀ ਦੌਰਾਨ ਟਰੱਕ ਵਿਚੋਂ ਗੱਤੇ ਦੇ ਕਈ ਡੱਬੇ ਬਰਾਮਦ ਹੋਏ ਜਿਨ੍ਹਾਂ ਵਿਚ 397 ਪੈਕਟ ਸ਼ੱਕੀ ਕੋਕੀਨ ਪੈਕ ਕੀਤੀ ਗਈ ਸੀ। ਅਭਿਸ਼ੇਕ ਜੈਨ ਅਤੇ ਸਤਵੰਤ ਸਿੰਘ ਕਲੇਰ ਨੂੰ ਸੇਂਟ ਕਲੇਅਰ ਕਾਊਂਟੀ ਜੇਲ ਵਿਚ ਰੱਖਿਆ ਗਿਆ ਹੈ ਜਿਨ੍ਹਾਂ ਦੀ ਪਹਿਲੀ ਪੇਸ਼ੀ ਬੁੱਧਵਾਰ ਨੂੰ ਹੋਈ ਅਤੇ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦੋਹਾਂ ਵਿਰੁੱਧ ਵੇਚਣ ਦੇ ਇਰਾਦੇ ਨਾਲ 5 ਕਿਲੋ ਤੋਂ ਵੱਧ ਕੋਕੀਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਟਰੱਕ ਵਿਚ ਸਮਾਨ ਲੱਦਣ ਦੇ ਦਸਤਾਵੇਜ਼ਾਂ ਮੁਤਾਬਕ ਕੋਲੋਰਾਡੋ ਸੂਬੇ ਦੇ ਪੁਏਬਲੋ ਸ਼ਹਿਰ ਵਿਚ ਐਲੂਮੀਨੀਅਮ ਕੈਨਜ਼ ਦੇ 25 ਡੱਬੇ ਲੱਦੇ ਗਏ ਪਰ ਤਲਾਸ਼ੀ ਦੌਰਾਨ ਕਈ ਗੱਤੇ ਦੇ ਡੱਬਿਆਂ, ਸੂਟਕੇਸ ਅਤੇ ਲਗੇਜ ਬੈਗਜ਼ ਵਿਚੋਂ ਚਿੱਟਾ ਪਾਊਡਰ ਬਰਾਮਦ ਹੋਇਆ। ਟੈਸਟ ਕਰਨ ’ਤੇ ਇਹ ਕੋਕੀਨ ਸਾਬਤ ਹੋਈ ਜਦਕਿ ਐਲੂਮੀਨੀਅਮ ਕੈਨਜ਼ ਵਾਲੇ 25 ਡੱਬਿਆਂ ਦੀ ਬਜਾਏ ਸਿਰਫ਼ ਚਾਰ ਡੱਬੇ ਹੀ ਮਿਲੇ। ਅਮਰੀਕਾ ਤੋਂ ਕੈਨੇਡਾ ਜਾ ਰਹੇ ਕਿਸੇ ਟਰੱਕ ਵਿਚ ਐਨਾ ਘੱਟ ਲੋਡ ਵੱਡੇ ਆਰਥਿਕ ਨੁਕਸਾਨ ਦਾ ਕਾਰਨ ਬਣਦਾ ਹੈ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਸ਼ੱਕ ਹੋ ਗਿਆ।

ਸੇਂਟ ਕਲੇਅਰ ਕਾਊਂਟੀ ਦੀ ਜੇਲ ਵਿਚ ਕੀਤੇ ਬੰਦ

ਸੇਂਟ ਕਲੇਅਰ ਕਾਊਂਟੀ ਦੀ ਪੁਲਿਸ ਵੱਲੋਂ ਬੀਤੀ 15 ਅਕਤੂਬਰ ਨੂੰ 29 ਸਾਲ ਦੇ ਸੁਖਜਿੰਦਰ ਸਿੰਘ ਨੂੰ ਪੋਰਟ ਹਿਊਰਨ ਵਿਖੇ ਇਕ ਟਰੈਫਿਕ ਸਟੌਪ ਦੌਰਾਨ ਰੋਕਿਆ ਗਿਆ ਅਤੇ ਉਸ ਦੇ ਟਰੱਕ ਵਿਚੋਂ ਕਥਿਤ ਤੌਰ ’ਤੇ 16.5 ਮਿਲੀਅਨ ਡਾਲਰ ਪਾਊਂਡ ਮੁੱਲ ਦੀ 370 ਪਾਊਂਡ ਕੋਕੀਨ ਬਰਾਮਦ ਕੀਤੀ ਗਈ। ਸ਼ੈਰਿਫ਼ ਦਫ਼ਤਰ ਵੱਲੋਂ ਊਨ੍ਹਾਂ ਦੀ ਡਰੱਗ ਟਾਸਕ ਫੋਰਸ ਦੇ ਇਤਿਹਾਸ ਵਿਚ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਗਈ। ਸੁਖਜਿੰਦਰ ਸਿੰਘ ਨੂੰ ਜ਼ਮਾਨਤ ਵਾਸਤੇ 5 ਲੱਖ ਡਾਲਰ ਦਾ ਬੌਂਡ ਭਰਨ ਦੀ ਸ਼ਰਤ ਤੈਅ ਕੀਤੀ ਗਈ ਅਤੇ ਦੋਸ਼ੀ ਕਰਾਰ ਦਿਤੇ ਜਾਣ ’ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਅਮਰੀਕਾ ਦੇ ਇਲੀਨੌਇ ਸੂਬੇ ਵਿਚ ਇਕ ਟਰੱਕ ਵਿਚੋਂ 40 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕਰਦਿਆਂ 27 ਸਾਲ ਦੇ ਵੰਸ਼ਪ੍ਰੀਤ ਸਿੰਘ ਅਤੇ 36 ਸਾਲ ਦੇ ਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ। ਇਹ ਦੋਵੇਂ ਉਨਟਾਰੀਓ ਨਾਲ ਸਬੰਧਤ ਦੱਸੇ ਗਏ ਅਤੇ ਦੋਸ਼ ਸਾਬਤ ਹੋਣ ਦੀ ਸੂਰਤ ਵਿਚ ਲੰਮੀ ਜੇਲ ਹੋ ਸਕਦੀ ਹੈ। 

Tags:    

Similar News