ਕੈਨੇਡਾ ਵਿਚ ਉਭਰੇ ਪੰਜਾਬੀਆਂ ਦੇ ਨਵੇਂ ਦੁਸ਼ਮਣ

ਕੈਨੇਡਾ ਵਿਚ ਪੰਜਾਬੀ ਪਰਵਾਰਾਂ ਦੇ ਨਵੇਂ ਦੁਸ਼ਮਣ ਉਭਰਦੇ ਮਹਿਸੂਸ ਹੋ ਰਹੇ ਹਨ ਅਤੇ ਵਗਦੀ ਗੰਗਾ ਵਿਚ ਹੱਥ ਧੋਣ ਦਾ ਕੋਈ ਮੌਕਾ ਇਨ੍ਹਾਂ ਵੱਲੋਂ ਖੁੰਝਾਇਆ ਨਹੀਂ ਜਾ ਰਿਹਾ

Update: 2026-02-20 13:32 GMT

ਕੈਲਗਰੀ : ਕੈਨੇਡਾ ਵਿਚ ਪੰਜਾਬੀ ਪਰਵਾਰਾਂ ਦੇ ਨਵੇਂ ਦੁਸ਼ਮਣ ਉਭਰਦੇ ਮਹਿਸੂਸ ਹੋ ਰਹੇ ਹਨ ਅਤੇ ਵਗਦੀ ਗੰਗਾ ਵਿਚ ਹੱਥ ਧੋਣ ਦਾ ਕੋਈ ਮੌਕਾ ਇਨ੍ਹਾਂ ਵੱਲੋਂ ਖੁੰਝਾਇਆ ਨਹੀਂ ਜਾ ਰਿਹਾ। ਜੀ ਹਾਂ, ਸਫ਼ੈਦਪੋਸ਼ ਲੁਟੇਰੇ ਜਾਂ ਘਰ ਦੇ ਭੇਤੀ ਵਰਗੇ ਸ਼ਬਦ ਇਨ੍ਹਾਂ ਵਾਸਤੇ ਢੁਕਵੇਂ ਮੰਨੇ ਜਾ ਸਕਦੇ ਹਨ ਜੋ ਸਿਰਫ਼ ਫੋਨ ਕਾਲ ਰਾਹੀਂ ਪੈਸਾ ਕਮਾਉਣ ਦੇ ਇੱਛਕ ਹਨ। ਕੈਲਗਰੀ ਪੁਲਿਸ ਵੱਲੋਂ 37 ਸਾਲ ਦੇ ਜਸਪ੍ਰੀਤ ਸਿੰਘ ਗਿੱਲ ਅਤੇ 28 ਸਾਲ ਦੀ ਹਰਪ੍ਰੀਤ ਕੌਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਥਿਤ ਤੌਰ ’ਤੇ ਗੈਂਗਸਟਰਾਂ ਦੀ ਆੜ ਵਿਚ ਆਪਣਾ ਧੰਦਾ ਚਲਾ ਰਹੇ ਸਨ। ਕਹਾਣੀ 2024 ਤੋਂ ਸ਼ੁਰੂ ਹੁੰਦੀ ਹੈ ਜਦੋਂ ਇਕ ਔਰਤ ਵੱਲੋਂ ਪੰਜਾਬੀ ਪਰਵਾਰ ਨੂੰ ਧਮਕਾਉਂਦਿਆਂ ਮੋਟੀ ਰਕਮ ਅਤੇ ਗਹਿਣਿਆਂ ਦੀ ਮੰਗ ਕੀਤੀ ਗਈ। ਜਾਂਚਕਰਤਾਵਾਂ ਮੁਤਾਬਕ ਅਗਸਤ 2024 ਤੋਂ ਅਕਤੂਬਰ 2024 ਦਰਮਿਆਨ ਛੇ ਮੌਕਿਆਂ ’ਤੇ ਪੀੜਤ ਔਰਤ ਨੂੰ ਚਿਤਾਵਨੀ ਦਿਤੀ ਗਈ ਜੇ ਉਸ ਨੇ ਰਕਮ ਅਤੇ ਗਹਿਣੇ ਨਾ ਦਿਤੇ ਤਾਂ ਜਾਨ ਜੋਖਮ ਵਿਚ ਪੈ ਸਕਦੀ ਹੈ। ਕੈਲਗਰੀ ਪੁਲਿਸ ਨੇ ਮਾਮਲੇ ਦੀ ਤਹਿ ਤੱਕ ਜਾਂਦਿਆਂ 37 ਸਾਲ ਦੇ ਜਸਪ੍ਰੀਤ ਸਿੰਘ ਗਿੱਲ ਵਿਰੁੱਧ ਐਕਸਟੌਰਸ਼ਨ ਦੇ ਛੇ ਦੋਸ਼ ਆਇਦ ਕਰ ਦਿਤੇ।

ਘਰ ਦੇ ਭੇਤੀ ਵੀ ਮੰਗਣ ਲੱਗੇ ਫ਼ਿਰੌਤੀਆਂ

ਸ਼ੱਕੀ ਦੀ ਅਦਾਲਤ ਵਿਚ ਪੇਸ਼ੀ 10 ਅਪ੍ਰੈਲ ਨੂੰ ਹੋਵੇਗੀ। ਦੂਜੇ ਪਾਸੇ ਪੁਲਿਸ ਵੱਲੋਂ 28 ਸਾਲਾ ਹਰਪ੍ਰੀਤ ਕੌਰ ਗਿੱਲ ਨੂੰ ਚਾਰਜ ਕੀਤਾ ਗਿਆ ਹੈ ਜਿਸ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ, 5 ਹਜ਼ਾਰ ਡਾਲਰ ਤੋਂ ਘੱਟ ਰਕਮ ਦੇ ਫਰੌਡ ਅਤੇ ਗੱਡੀ ਚੋਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਔਰਤ ਦੀ ਅਦਾਲਤ ਵਿਚ ਪੇਸ਼ੀ 6 ਅਪ੍ਰੈਲ ਨੂੰ ਹੋਵੇਗੀ। ਪੁਲਿਸ ਨੇ ਦੱਸਿਆ ਕਿ ਸਾਊਥ ਏਸ਼ੀਅਨ ਕਮਿਊਨਿਟੀ ਨਿਸ਼ਾਨਾ ਬਣਾਇਆ ਗਿਆ ਪਰ ਇਹ ਮਾਮਲੇ ਗੈਂਗਸਟਰਾਂ ਵੱਲੋਂ ਕੀਤੀ ਜਾ ਰਹੀ ਜਬਰੀ ਵਸੂਲੀ ਨਾਲ ਸਬੰਧਤ ਨਹੀਂ ਕਿਉਂਕਿ ਪੀੜਤ ਅਤੇ ਸ਼ੱਕੀ ਇਕ-ਦੂਜੇ ਨੂੰ ਜਾਣਦੇ ਹਨ। ਦੂਜੇ ਪਾਸੇ ਕੈਲਗਰੀ ਪੁਲਿਸ ਅਤੇ ਐਲਬਰਟਾ ਲਾਅ ਐਨਫ਼ੋਰਸਮੈਂਟ ਰਿਸਪੌਂਸ ਟੀਮਾਂ ਗੈਂਗਸਟਰਾਂ ਵਾਲੇ ਐਕਸਟੌਰਸ਼ਨ ਮਾਮਲਿਆਂ ਦੀ ਵੱਖਰੇ ਤੌਰ ’ਤੇ ਪੜਤਾਲ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਜੇ ਕਿਸੇ ਕੋਲ ਅਹਿਮ ਜਾਣਕਾਰੀ ਹੋਵੇ ਤਾਂ 403 266 1234 ’ਤੇ ਸੰਪਰਕ ਕੀਤਾ ਜਾਵੇ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਐਕਸਟੌਰਸ਼ਨ ਦੇ ਮੁੱਦੇ ’ਤੇ ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੇ ਜਾਣ ਦਰਮਿਆਨ ਵੈਨਕੂਵਰ ਸ਼ਹਿਰ ਵਿਚ ਪਹਿਲੇ ਮਾਮਲੇ ਸਾਹਮਣੇ ਆਉਣ ਦਾ ਜ਼ਿਕਰ ਕੀਤਾ ਗਿਆ ਹੈ। ਵੈਨਕੂਵਰ ਪੁਲਿਸ ਨੇ ਦੱਸਿਆ ਕਿ ਜਬਰੀ ਵਸੂਲੀ ਦੇ ਚਾਰ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਕੈਲਗਰੀ ਪੁਲਿਸ ਨੇ ਪੰਜਾਬੀ ਜੋੜਾ ਕੀਤਾ ਕਾਬੂ

ਕਾਂਸਟੇਲਬ ਡੈਰਨ ਵੌਂਗ ਵੱਲੋਂ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਪਰ ਇਹ ਨਹੀਂ ਦੱਸਿਆ ਕਿ ਕੀ ਇਨ੍ਹਾਂ ਮਾਮਲਿਆਂ ਵਿਚ ਸਰੀ, ਡੈਲਟਾ ਜਾਂ ਐਬਸਫੋਰਡ ਦੀ ਤਰਜ਼ ’ਤੇ ਗੋਲੀਆਂ ਚੱਲੀਆਂ। ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਪਰ ਕਿੰਨੇ ਸ਼ੱਕੀ ਕਾਬੂ ਕੀਤੇ ਗਏ, ਇਸ ਬਾਰੇ ਵੀ ਵੈਨਕੂਵਰ ਪੁਲਿਸ ਨੇ ਕੁਝ ਨਹੀਂ ਦੱਸਿਆ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਵੈਨਕੂਵਰ ਸ਼ਹਿਰ ਨਾਲ ਸਬੰਧਤ ਹਨ ਜਿਨ੍ਹਾਂ ਦੇ ਕਾਰੋਬਾਰ ਫ਼ਰੇਜ਼ਰ ਵੈਲੀ ਚੱਲ ਰਹੇ ਹਨ। ਪੁਲਿਸ ਮੁਤਾਬਕ ਜਬਰੀ ਵਸੂਲੀ ਦੇ ਮਾਮਲਿਆਂ ਦੀ ਗਿਣਤੀ ਵਧ ਸਕਦੀ ਹੈਜੇ ਹੋਰ ਪੀੜਤ ਸ਼ਿਕਾੲਤ ਲੈ ਕੇ ਪੁਲਿਸ ਕੋਲ ਪੁੱਜਣਗੇ। ਇਥੇ ਦਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪੰਜਾਬੀ ਪਰਵਾਰਾਂ ਦੇ ਘਰਾਂ ਜਾਂ ਕਾਰੋਬਾਰੀ ਟਿਕਾਣਿਆਂ ਉਤੇ ਗੋਲੀਆਂ ਚਲਾਉਣ ਦੀ ਨਕੇਲ ਕਸਣ ਲਈ ਕੈਨੇਡਾ ਦੇ ਕ੍ਰਿਮੀਨਲ ਕੋਡ ਵਿਚ 80 ਸੋਧਾਂ ਕਰਨ ਅਤੇ ਇੰਮੀਗ੍ਰੇਸ਼ਨ ਕਾਨੂੰਨ ਸਖ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ।

Tags:    

Similar News