ਬਜਟ ’ਚ ਬਿਹਾਰ ਨੂੰ ਗੱਫ਼ੇ, ਪੰਜਾਬ ਨੂੰ ਠੂਠਾ!
ਕੇਂਦਰ ਸਰਕਾਰ ਵੱਲੋਂ ਅੱਜ ਆਪਣਾ ਬਜਟ ਪੇਸ਼ ਕਰ ਦਿੱਤਾ ਗਿਆ, ਜਿਸ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ। ਭਾਵੇਂ ਕਿ ਪੰਜਾਬ ਸਮੇਤ ਕਈ ਸੂਬਿਆਂ ਨੇ ਬਜਟ ਤੋਂ ਵੱਡੀਆਂ ਆਸਾਂ ਲਗਾਈਆਂ ਹੋਈਆਂ ਸੀ ਪਰ ਬਜਟ ਵਿਚ ਕੇਂਦਰ ਸਰਕਾਰ ਬਿਹਾਰ ’ਤੇ ਹੀ ਜ਼ਿਆਦਾ ਮਿਹਰਬਾਨ ਹੁੰਦੀ ਦਿਖਾਈ ਦਿੱਤੀ।;
ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਅੱਜ ਆਪਣਾ ਬਜਟ ਪੇਸ਼ ਕਰ ਦਿੱਤਾ ਗਿਆ, ਜਿਸ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ। ਭਾਵੇਂ ਕਿ ਪੰਜਾਬ ਸਮੇਤ ਕਈ ਸੂਬਿਆਂ ਨੇ ਬਜਟ ਤੋਂ ਵੱਡੀਆਂ ਆਸਾਂ ਲਗਾਈਆਂ ਹੋਈਆਂ ਸੀ ਪਰ ਬਜਟ ਵਿਚ ਕੇਂਦਰ ਸਰਕਾਰ ਬਿਹਾਰ ’ਤੇ ਹੀ ਜ਼ਿਆਦਾ ਮਿਹਰਬਾਨ ਹੁੰਦੀ ਦਿਖਾਈ ਦਿੱਤੀ। ਟੈਕਸ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਵੱਲੋਂ ਬਜਟ ਵਿਚ ਮੱਧ ਵਰਗ ਦੇ ਲੋਕਾਂ ਲਈ ਵੱਡੀ ਰਾਹਤ ਪ੍ਰਦਾਨ ਕੀਤੀ ਗਈ, ਜਿਸ ਦੇ ਤਹਿਤ 12 ਲੱਖ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ। ਸੋ ਆਓ ਕੇਂਦਰੀ ਬਜਟ ਦੇ ਕੁੱਝ ਅਹਿਮ ਨੁਕਤਿਆਂ ’ਤੇ ਝਾਤ ਮਾਰਦੇ ਆਂ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਦੇਸ਼ ਦਾ ਸਾਲ 2025-26 ਦਾ ਬਜਟ ਪੇਸ਼ ਕੀਤਾ ਗਿਆ, ਜਿਸ ਵਿਚ ਸਰਕਾਰ ਵੱਲੋਂ ਭਾਵੇਂ ਟੈਕਸ ਛੋਟ ਸਬੰਧੀ ਵੱਡੇ ਐਲਾਨ ਕਰਕੇ ਆਮ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ ਪਰ ਵੱਡੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਬਜਟ ਵਿਚ ਕੇਂਦਰ ਸਰਕਾਰ ਨੇ ਨਿਤੀਸ਼ ਕੁਮਾਰ ’ਤੇ ਜ਼ਿਆਦਾ ਮਿਹਰਬਾਨੀ ਦਿਖਾਈ। ਕੇਂਦਰ ਸਰਕਾਰ ਨੇ ਮੱਧ ਵਰਗ ਲਈ ਵੱਡੀ ਰਾਹਤ ਪ੍ਰਦਾਨ ਕਰਦਿਆਂ ਐਲਾਨ ਕੀਤਾ ਕਿ 12 ਲੱਖ ਤੱਕ ਕੋਈ ਟੈਕਸ ਨਹੀਂ ਹੋਵੇਗਾ ਅਤੇ ਆਮਦਨ ਕਰ ਦੀ ਹੱਦ 7 ਲੱਖ ਤੋਂ ਵਧਾ ਕੇ 12 ਲੱਖ ਕਰ ਦਿੱਤੀ।
ਇਸ ਤੋਂ ਇਲਾਵਾ 100 ਜ਼ਿਲਿ੍ਹਆਂ ’ਚ ਕਿਸਾਨਾਂ ਲਈ ਯੋਜਨਾਵਾਂ ਦਾ ਐਲਾਨ ਕੀਤਾ, ਜਿਸ ਨਾਲ 1.7 ਕਰੋੜ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਣ ਦੀ ਗੱਲ ਆਖੀ। ਬਜਟ ਵਿਚ ਸਰਕਾਰ ਨੇ ਕਿਸਾਨ ਕਰੈਡਿਟ ਕਾਰਡ ਦੀ ਲਿਮਟ ਤਿੰਨ ਲੱਖ ਤੋਂ ਵਧਾ ਕੇ ਪੰਜ ਲੱਖ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਦਾਲਾਂ ’ਚ ਸਵੈ-ਨਿਰਭਰਤਾ ਲਈ ਮਿਸ਼ਨ, ਮਖਾਣੇ ਉਗਾਉਣ ਵਾਲੇ ਕਿਸਾਨਾਂ ਨੂੰ ਵਿੱਤੀ ਮਦਦ, ਬਿਹਾਰ ’ਚ ਮਖਾਨਾ ਬੋਰਡ ਬਣਾਉਣ ਦਾ ਐਲਾਨ, ਬਿਹਾਰ ਦੇ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦੇਣ ਦਾ ਵੀ ਐਲਾਨ ਕੀਤਾ।
ਇਸ ਦੇ ਨਾਲ ਹੀ ਕੇਂਦਰੀ ਬਜਟ ਵਿਚ ਐਮਐਸਐਮਈ ਦੇ ਲਈ 20 ਕਰੋੜ ਰੁਪਏ ਤੱਕ ਦਾ ਟਰਮ ਲੋਨ ਅਤੇ ਲੋਨ ਗਾਰੰਟੀ ਕਵਰ ਵੀ ਵਧਾਇਆ। ਭਾਰਤ ਨੂੰ ਖਿਡੌਣਿਆਂ ਦੀ ਆਲਮੀ ਹੱਬ ਬਣਾਉਣ ਦਾ ਦਾਅਵਾ ਕੀਤਾ ਗਿਆ। ਯੂਰੀਆ ਉਤਪਾਦਨ ਵਿਚ ਆਤਮ ਨਿਰਭਰ ਬਣਨ ਲਈ ਅਸਾਮ ’ਚ ਯੂਰੀਆ ਪਲਾਂਟ ਖੋਲ੍ਹਣ ਦਾ ਐਲਾਨ, ਏਆਈ ਸਿੱਖਿਆ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਗਏ, ਦੇਸ਼ ’ਚ ਤਿੰਨ ਏਆਈ ਐਕਸੀਲੈਂਸ ਸੈਂਟਰ ਬਣਨਗੇ। ਪੀਐੱਮ ਧਨ ਧਾਨਿਆ ਕ੍ਰਿਸ਼ੀ ਯੋਜਨਾ ਸ਼ੁਰੂ ਹੋਵੇਗੀ, ਆਈਆਈਟੀ ਸਮਰੱਥਾ ਦੇ ਵਿਸਤਾਰ ਦਾ ਐਲਾਨ ਕੀਤਾ ਗਿਆ।
ਪੰਜ ਸਾਲਾਂ ਵਿਚ 75 ਹਜ਼ਾਰ ਮੈਡੀਕਲ ਸੀਟਾਂ ਵਧਾਈਆਂ ਜਾਣਗੀਆਂ। ਜਲ ਜੀਵਨ ਮਿਸ਼ਨ ਵਿਚ 2028 ਤੱਕ ਵਾਧਾ ਕੀਤਾ ਗਿਆ। ਭਾਰਤੀ ਭਾਸ਼ਾ ਪੁਸਤਕ ਯੋਜਨਾ ਲਿਆਉਣ ਦੀ ਗੱਲ ਆਖੀ ਗਈ। ਅਗਲੇ ਪੰਜ ਸਾਲਾਂ ਵਿਚ ਆਈਆਈਟੀ ਤੇ ਆਈਆਈਐੱਸਸੀਜ਼ ਵਿਚ ਟੈੱਕ ਰਿਸਰਚ ਲਈ 10,000 ਫੈਲੋਸ਼ਿਪਜ਼ ਦਾ ਐਲਾਨ ਵੀ ਕੀਤਾ ਗਿਆ।
ਇਸ ਤੋਂ ਇਲਾਵਾ ਕੇਂਦਰੀ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ‘ਉਡਾਨ’ ਸਕੀਮ ਤਹਿਤ ਅਗਲੇ ਦਸ ਸਾਲਾਂ ਵਿਚ 120 ਨਵੇਂ ਹਵਾਈ ਅੱਡੇ ਬਣਾਉਣ ਦਾ ਐਲਾਨ ਕੀਤਾ। ਹੋਮ ਡਲਿਵਰੀ ਵਾਲਿਆਂ ਲਈ ਬੀਮਾ ਕਵਰ, ਜਿਸ ਦੇ ਲਈ ਈ-ਸ਼੍ਰਮ ਪੋਰਟਲ ’ਤੇ ਰਜਿਸਟ੍ਰੇਸ਼ਨ ਹੋਵੇਗੀ, ਮੇਕ ਇਨ ਇੰਡੀਆ ਮਿਸ਼ਨ ਨੂੰ ਅੱਗੇ ਵਧਾਉਣ ਦਾ ਐਲਾਨ, ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਾਜਾਂ ਨੂੰ ਡੇਢ ਲੱਖ ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ ਦੇਣ ਦੀ ਗੱਲ ਵੀ ਆਖੀ ਗਈ। ਕੇਂਦਰੀ ਬਜਟ ਵਿਚ ਅਗਲੇ ਹਫ਼ਤੇ ਕਰਦਾਤਿਆਂ ਦੀ ਸਹੂਲਤ ਲਈ ਨਵਾਂ ਆਮਦਨ ਕਰ ਬਿੱਲ ਪੇਸ਼ ਕਰਨ ਦਾ ਐਲਾਨ, ਆਮਦਨ ਕਰ ਨੇਮਾਂ ’ਚ ਵੱਡੇ ਬਦਲਾਅ ਹੋਣਗੇ, ਨਵੇਂ ਬਿੱਲ ਦਾ ਟੈਕਸ ਸਲੈਬ ਨਾਲ ਕੋਈ ਲਾਗਾ ਦੇਗਾ ਨਾ ਹੋਣ ਦਾ ਦਾਅਵਾ, ਗੈਰ-ਵਿੱਤੀ ਸੈਕਟਰਾਂ ਵਿਚ ਰੈਗੂਲੇਟਰੀ ਸੁਧਾਰਾਂ ਲਈ ਸਰਕਾਰ ਉੱਚ ਪੱਧਰੀ ਕਮੇਟੀ ਬਣਾਏਗੀ, ਬੀਮਾ ਖੇਤਰ ਵਿਚ 100 ਫੀਸਦ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਨੂੰ ਮਨਜ਼ੂਰੀ, ਛੇ ਜੀਵਨ ਰੱਖਿਅਕ ਦਵਾਈਆਂ ’ਤੇ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ
, 36 ਦਵਾਈਆਂ ਡਿਊਟੀ ਫਰੀ ਹੋਣਗੀਆਂ, 20 ਹਜ਼ਾਰ ਕਰੋੜ ਰੁਪਏ ਦੇ ਪਰਮਾਣੂ ਮਿਸ਼ਨ ਦਾ ਐਲਾਨ, ਨਿੱਜੀ ਖੇਤਰ ਦੀਆਂ ਕੰਪਨੀਆਂ ਦੀ ਭਾਈਵਾਲੀ ਲਈ ਕਾਨੂੰਨ ’ਚ ਸੋਧ ਕੀਤੀ ਜਾਵੇਗੀ। ਵਿੱਤੀ ਘਾਟਾ ਜੀਡੀਪੀ ਦਾ 4.8 ਫੀਸਦ ਤੇ ਵਿੱਤੀ ਸਾਲ 2026 ’ਚ 4.4 ਫੀਸਦ ਰਹਿਣ ਦਾ ਅਨੁਮਾਨ ਜਤਾਇਆ ਗਿਆ। ਇਸ ਦੇ ਨਾਲ ਹੀ ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ ਸੇਵਾਵਾਂ ਦਾ ਘੇਰਾ ਪੇਂਡੂ ਇਲਾਕਿਆਂ ਵਿਚ ਵਧਾਉਣ ਦਾ ਐਲਾਨ ਵੀ ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤਾ ਗਿਆ।