''ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ''

ਜੇਹੜੀ ਭਾਗ-ਹੀਣ ਜੀਵ-ਇਸਤ੍ਰੀ (ਪ੍ਰਭੂ-ਪਤੀ ਤੋਂ ਬਿਨਾ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਉਣਾ ਫਿਟਕਾਰ-ਜੋਗ ਹੀ ਹੈ। ਜਿਵੇਂ ਕੱਲਰ ਦੀ ਕੰਧ

By :  Gill
Update: 2025-05-18 12:19 GMT

ਸਿਰੀਰਾਗੁ ਮਹਲਾ ੧ ॥ ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥ ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥ ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥ ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥ ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥ ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥ ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥ ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥ ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥ ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥ ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥ ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥ ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥ ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥ {ਪੰਨਾ 19}

ਪਦ ਅਰਥ: ਧ੍ਰਿਗੁ = ਫਿਟਕਾਰ-ਜੋਗ। ਦੋਹਾਗਣੀ = ਮੰਦੇ ਭਾਗਾਂ ਵਾਲੀ, ਪਤੀ ਤੋਂ ਵਿੱਛੁੜੀ ਹੋਈ। ਮੁਠੀ = ਮੁੱਠੀ, ਠੱਗੀ ਹੋਈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪ੍ਰੇਮ ਵਿਚ। ਕੇਰੀ = ਦੀ। ਅਹਿ = ਦਿਨ। ਨਿਸਿ = ਰਾਤ। ਕਿਰਿ-ਕਿਰ ਕੇ।1।

ਮੁੰਧੇ = ਹੇ ਮੂਰਖ! ਢੋਈ = ਆਸਰਾ, ਸਹਾਰਾ।1। ਰਹਾਉ।

ਸੁਜਾਣੁ = ਸਿਆਣਾ। ਸਾਧਿ ਕੈ = ਸਾਫ਼ ਕਰ ਕੇ, ਤਿਆਰ ਕਰ ਕੇ। ਦੇ = ਦੇਂਦਾ ਹੈ। ਦਾਣੁ = ਦਾਣਾ, ਕਣ, ਬੀ। ਕਰਮਿ = ਬਖ਼ਸ਼ਸ਼ ਦੀ ਰਾਹੀਂ। ਨੀਸਾਣੁ = ਪਰਵਾਨਾ, ਰਾਹਦਾਰੀ, ਪਰਵਾਨਗੀ।2।

ਜਾਣਿ = ਜਾਣ-ਬੁੱਝ ਕੇ। ਚਜੁ ਅਚਾਰੁ = ਰਵਈਆ। ਅੰਧੁਲੈ = ਅੰਨ੍ਹੇ ਨੇ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁ ਗੁਬਾਰੁ = ਉਹ ਅੰਨ੍ਹਾ ਜਿਸ ਦੇ ਸਾਹਮਣੇ ਘੁੱਪ ਹਨੇਰਾ ਹੀ ਹੈ। ਨ ਚੁਕਈ = ਨਹੀਂ ਮੁੱਕਦਾ।3।

ਮੋਲਿ = ਮੁੱਲ ਦੇ ਕੇ, ਮੁੱਲ ਨਾਲ। ਅਣਾਇਆ = ਮੰਗਾਇਆ। ਕੁੰਗੂ = ਕੇਸਰ। ਮਾਂਗ = ਕੇਸਾਂ ਦੇ ਵਿਚਕਾਰ ਬਣਾਇਆ ਹੋਇਆ ਚੀਰ। ਚੋਆ = ਅਤਰ। ਧਨ = ਇਸਤ੍ਰੀ। ਕੰਤ ਨ ਭਾਵਈ = ਕੰਤ ਨੂੰ ਚੰਗੀ ਨ ਲੱਗੀ। ਸਭਿ = ਸਾਰੇ।4।

ਬਾਦਿ = ਵਿਅਰਥ। ਵਿਕਾਰ = ਬੇਕਾਰ। ਧਨੁ = ਧੰਨ, ਭਾਗਾਂ ਵਾਲੀ। ਸਹ ਨਾਲਿ = ਖਸਮ ਨਾਲ।4।

ਅਰਥ: ਜੇਹੜੀ ਭਾਗ-ਹੀਣ ਜੀਵ-ਇਸਤ੍ਰੀ (ਪ੍ਰਭੂ-ਪਤੀ ਤੋਂ ਬਿਨਾ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਉਣਾ ਫਿਟਕਾਰ-ਜੋਗ ਹੀ ਹੈ। ਜਿਵੇਂ ਕੱਲਰ ਦੀ ਕੰਧ (ਸਹਜੇ ਸਹਜੇ) ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਕ ਜੀਵਨ ਭੀ ਦਿਨ ਰਾਤ (ਮਾਇਆ ਦੇ ਮੋਹ ਵਿਚ) ਕਿਰ ਕਿਰ ਕੇ ਢਹਿ-ਢੇਰੀ ਹੁੰਦਾ ਜਾਂਦਾ ਹੈ। (ਸੁਖ ਦੀ ਖ਼ਾਤਰ ਉਹ ਦੌੜ-ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ-ਪ੍ਰਭੂ ਨੂੰ ਮਿਲਣ ਤੋਂ ਬਿਨਾ ਮਾਨਸਕ ਦੁੱਖ ਦੂਰ ਨਹੀਂ ਹੁੰਦਾ।1।

ਹੇ ਮੂਰਖ ਜੀਵ ਇਸਤ੍ਰੀ! ਜੇ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ। (ਜੋ ਜੀਵ-ਇਸਤ੍ਰੀ ਪ੍ਰੇਮ ਤੋਂ ਸੱਖਣੀ ਰਹਿ ਕੇ ਹੀ ਧਾਰਮਿਕ ਉੱਦਮ ਕਰਮ ਆਦਿਕ ਕਰੀ ਜਾਂਦੀ ਹੈ, ਪਰ ਉਸ ਦੇ ਅੰਦਰ ਮਾਇਆ-ਮੋਹ ਪ੍ਰਬਲ ਹੈ) ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿਚ ਆਸਰਾ ਨਹੀਂ ਲੈ ਸਕਦੀ, (ਕਿਉਂਕਿ) ਝੂਠ (ਭਾਵ, ਮਾਇਆ ਦਾ ਮੋਹ) ਪ੍ਰਭੂ ਦੀ ਹਜ਼ੂਰੀ ਵਿਚ ਦੁਰਕਾਰਿਆ ਹੀ ਜਾਂਦਾ ਹੈ।1। ਰਹਾਉ।

(ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਡਾ ਕਿਸਾਨ ਹੈ, ਉਹ (ਬੜਾ) ਸਿਆਣਾ ਕਿਸਾਨ ਹੈ, ਉਹ ਗ਼ਲਤੀ ਨਹੀਂ ਖਾਂਦਾ (ਜਿਸ ਹਿਰਦੇ-ਧਰਤੀ ਵਿਚ ਨਾਮ-ਬੀਜ ਬੀਜਣਾ ਹੁੰਦਾ ਹੈ) ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿਚ ਸੱਚੇ ਨਾਮ ਦਾ ਬੀਜ ਬੀਜਦਾ ਹੈ। ਉਥੇ ਨਾਮ ਉੱਗਦਾ ਹੈ, (ਮਾਨੋ) ਨੌ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਨਾਲ (ਉਸ ਹਿਰਦੇ ਵਿਚ ਕੀਤੀ ਮਿਹਨਤ) ਕਬੂਲ ਪੈਂਦੀ ਹੈ।2।

ਜੇਹੜਾ ਮਨੁੱਖ ਜਾਣ ਬੁੱਝ ਕੇ ਗੁਰੂ (ਦੀ ਬਜ਼ੁਰਗੀ) ਨੂੰ ਨਹੀਂ ਸਮਝਦਾ ਉਸ ਦਾ ਸਾਰਾ ਜੀਵਨ-ਢੰਗ ਕੋਝਾ ਹੈ, (ਆਤਮਕ ਰੌਸ਼ਨੀ ਵਲੋਂ) ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਜੀਵਨ-ਪੰਧ ਵਿਚ) ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ। ਉਸ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਉਹ ਨਿੱਤ ਜੰਮਦਾ ਹੈ ਮਰਦਾ ਹੈ, ਜੰਮਦਾ ਹੈ, ਮਰਦਾ ਹੈ ਤੇ ਖ਼ੁਆਰ ਹੁੰਦਾ ਰਹਿੰਦਾ ਹੈ।3।

(ਕਿਸੇ ਇਸਤ੍ਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ) ਚੰਦਨ ਮੁੱਲ ਮੰਗਾਇਆ, ਕੇਸਰ ਮੰਗਾਇਆ, ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਣ ਲਈ ਸੰਧੂਰ ਮੰਗਾਇਆ, ਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ, ਪਰ ਜੇ ਉਹ ਇਸਤ੍ਰੀ ਪਤੀ ਨੂੰ (ਫਿਰ ਭੀ) ਚੰਗੀ ਨ ਲੱਗੀ, ਤਾਂ ਉਸ ਦੇ ਉਹ ਵਿਖਾਵੇ ਦੇ ਸਾਰੇ ਉੱਦਮ ਵਿਅਰਥ ਗਏ (ਇਹੀ ਹਾਲ ਜੀਵ-ਇਸਤ੍ਰੀ ਦਾ ਹੈ, ਪਤੀ-ਪ੍ਰਭੂ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ) ।4।

ਜਦ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (-ਤੀਰ) ਨਾਲ ਵਿੱਝਦਾ ਨਹੀਂ, ਤਦ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ, ਅਜੇਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ (ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ) ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ ਹਨ। ਹੇ ਨਾਨਕ! ਉਹੀ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਮੁਬਾਰਿਕ ਹਨ ਜਿਨ੍ਹਾਂ ਦਾ ਪ੍ਰਭੂ-ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ।4।13।

Tags:    

Similar News