ਮਿਸੀਸਾਗਾ 'ਚ ਬੀਤੇ ਦਿਨੀਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਵੱਲੋਂ ਮੀਡੀਆ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ। ਪੋਲੀਏਵ ਨੇ ਸ਼ੁਰੂਆਤ 'ਚ ਕੈਨੇਡਾ ਦੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਅਤੇ ਫਿਰ ਦੱਸਿਆ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਸਰਕਾਰ ਦੀਆਂ ਕੀ ਨੀਤੀਆਂ ਹਨ। ਇਸ ਮੌਕੇ 'ਤੇ ਪੱਤਰਕਾਰਾਂ ਦੇ ਮਨ 'ਚ ਜੋ ਸਵਾਲ ਸਨ, ਉਹ ਪੁੱਛਣ ਦਾ ਵੀ ਖੁੱਲਾ ਸਮਾਂ ਦਿੱਤਾ ਗਿਆ। ਪ੍ਰੈਸ ਕਾਨਫਰੰਸ 'ਚ ਅੰਤਰਰਾਸ਼ਟਰੀ ਵਿਿਦਆਰਥੀਆਂ ਨੂੰ ਲੈ ਕੇ ਸਵਾਲ ਕੀਤਾ ਗਿਆ ਜਿਸ ਦਾ ਜਵਾਬ ਦਿੰਦਿਆਂ ਲੀਡਰ ਪੋਲੀਏਵ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੀ ਅਸਥਾਈ ਵਿਦੇਸ਼ੀ ਕਾਮਿਆਂ 'ਤੇ ਸਖਤਾਈ ਕਰੇਗੀ ਪਰ ਜੋ ਕਾਮੇ ਇੱਥੇ ਆਏ ਹੋਏ ਹਨ ਉਨ੍ਹਾਂ ਲਈ ਕੰਜ਼ਰਵੇਟਿਵ ਸਰਕਾਰ ਕੁੱਝ ਨਵੇਂ ਮੌਕੇ ਵੀ ਜ਼ਰੂਰ ਲਿਆਵੇਗੀ। ਕੈਨੇਡਾ ਅਤੇ ਭਾਰਤ ਦੇ ਆਪਸੀ ਸਬੰਧ ਪਿਛਲੇ ਲੰਬੇ ਸਮੇਂ ਤੋਂ ਖਰਾਬ ਚੱਲ ਰਹੇ ਹਨ। ਹਰਦੀਪ ਸਿੰਘ ਨਿੱਝਰ ਕਤਲ ਮਾਮਲਾ 'ਚ ਟਰੂਡੋ ਸਰਕਾਰ ਵੱਲੋਂ ਭਾਰਤ ਦੇ ਨੁਮਾਇਦਿਆਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਟਰੂਡੋ ਭਾਰਤੀ ਏਜੰਟਾਂ ਦੇ ਨਾਮ ਲੈ ਰਿਹਾ ਹੈ ਤਾਂ ਉਸ ਨੂੰ ਸਬੂਤ ਵੀ ਪੇਸ਼ ਕਰਨੇ ਚਾਹੀਦੇ ਹਨ।
ਹਮਦਰਦ ਟੀਵੀ ਵੱਲੋਂ ਕੈਨੇਡਾ 'ਚ ਨੌਕਰੀਆਂ ਦੀ ਘਾਟ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਪੋਲੀਏਵ ਨੇ ਕਿਹਾ ਕਿ ਇਹ ਵੀ ਬਹੁਤ ਵੱਡੀ ਸਮੱਸਿਆ ਹੈ। ਨੌਕਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਕੰਜ਼ਰਵੇਟਿਵ ਸਰਕਾਰ ਵੱਲੋਂ ਕੈਪੀਟਲ ਗੇਨ ਟੈਕਸ ਅਤੇ ਕਾਰਬਨ ਟੈਕਸ 'ਤੇ ਰੋਕ ਲਗਾਈ ਜਾਵੇਗੀ, ਜਿਸ ਨਾਲ ਵਧੇਰੇ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਲੀਡਰ ਪੋਲੀਏਵ ਨੂੰ ਮਨੁੱਖੀ ਤਸਕਰੀ ਨੂੰ ਲੈ ਕੇ ਵੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੀ ਪਤਨੀ ਇਸ ਖੇਤਰ ਲਈ ਬਹੁਤ ਕੰਮ ਕਰਦੀ ਹੈ। ਇਸ ਦਾ ਸਾਹਮਣਾ ਖਾਸ ਕਰ ਔਰਤਾਂ ਅਤੇ ਬੱਚਿਆਂ ਨੂੰ ਕਰਨਾ ਪੈ ਰਿਹਾ ਹੈ। ਮਨੁੱਖਾਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੈਨੇਡਾ 'ਚ ਮੌਜੂਦਾ ਬੇਲ ਸਿਸਟਮ ਕਾਰਨ ਹੀ ਅਪਰਾਧ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਲੀਡਰ ਪੋਲੀਏਵ ਨੇ ਕਿਹਾ ਕਿ ਕੰਜ਼ਰਵੇਟਿਵ ਸਰਕਾਰ ਹਰਕਤ 'ਚ ਆਉਂਦਿਆਂ ਹੀ ਜ਼ਮਾਨਤ ਦੇ ਨਿਯਮਾਂ 'ਚ ਸੋਧ ਕਰਨਗੇ। ਪੋਲੀਏਵ ਨੇ ਕਿਹਾ ਕਿ ਕੈਨੇਡਾ 'ਚ ਸਜ਼ਾ ਭਾਵੇਂ 5 ਸਾਲ ਦੀ ਮਿਲ ਜਾਵੇ ਪਰ ਉਸ ਦਾ ਫਾਇਦਾ ਕੋਈ ਨਹੀਂ ਹੁੰਦਾ ਕਿਉਂਕਿ ਪੈਰੋਲ 'ਤੇ ਵੀ ਦੋਸ਼ੀ ਬਾਹਰ ਆ ਜਾਂਦੇ ਹਨ।