ਜਦੋਂ ਚੂਹੇ ਢਾਈ ਕੁਇੰਟਲ ਅਫੀਮ ਤੇ ਹੋਰ ਨਸ਼ੇ ਖਾ ਗਏ!
ਪੁਲਿਸ ਵੱਲੋਂ ਵੱਡੇ ਪੱਧਰ 'ਤੇ ਹੋ ਰਹੀ ਜਾਂਚ, 12 ਸਾਲਾਂ 'ਚ ਅਫੀਮ ਖਾ ਕੇ ਚੂਹੇ ਬਣ ਗਏ ਪੱਕੇ ਅਮਲੀ, ਚੂਹਿਆਂ 'ਤੇ ਨਸ਼ਿਆਂ ਦਾ ਕੀ ਹੋਇਆ ਅਸਰ, ਫੌਰੈਂਸਿਕ ਟੀਮ ਕਰ ਰਹੀ ਜਾਂਚ
ਕੀ ਭਾਰਤ ਵਿੱਚੋਂ ਸੱਚਮੁੱਚ ਹਜ਼ਾਰਾਂ ਕਿਲੋ ਨਸ਼ੀਲੇ ਪਦਰਾਥ ਗਾਇਬ ਹੋ ਸਕਦੇ ਹਨ… ਅਤੇ ਉਹ ਵੀ ਇਸ ਲਈ ਕਿ ਚੂਹਿਆਂ ਨੇ ਖਾ ਲਏ? ਜਾਂ ਫਿਰ ਇਸ ਕਹਾਣੀ ਦੇ ਪਿੱਛੇ ਕੁਝ ਹੋਰ ਹੀ ਸੱਚ ਲੁਕਿਆ ਹੋਇਆ ਹੈ? ਇਹ ਸਵਾਲ ਇਸ ਵੇਲੇ ਕਈਆਂ ਨੂੰ ਹੈਰਾਨ ਕਰ ਰਿਹਾ ਹੈ। ਭਾਰਤ ਵਿੱਚ ਇੱਕ ਅਜਿਹਾ ਰਾਜ ਹੈ ਜਿੱਥੇ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ “ਜ਼ੀਰੋ ਟੋਲਰੈਂਸ” ਦੀ ਨੀਤੀ ਦਾ ਦਾਅਵਾ ਕੀਤਾ ਜਾਂਦਾ ਹੈ, ਉੱਥੇ ਹੀ ਇੱਕ ਵੱਡੀ ਗੜਬੜ ਸਾਹਮਣੇ ਆਈ ਹੈ। ਆਓ ਜਾਣਦੇ ਹਾਂ ਕਿ ਆਖੀਰਕਾਰ ਨਸ਼ੀਲੇ ਪਦਾਰਥ ਕਿੱਥੇ ਗਏ?
ਇਹ ਹੈਰਾਨੀਜਨਕ ਖਬਰ ਗੁਜਰਾਤ ਦੇ ਨਾਲ ਸਬੰਧਿਤ ਹੈ। ਅਕਸਰ ਖ਼ਬਰਾਂ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਤੱਟੀ ਇਲਾਕਿਆਂ ਜਾਂ ਸਰਹੱਦਾਂ ਤੋਂ ਵੱਡੀ ਮਾਤਰਾ ਵਿੱਚ ਡਰੱਗਸ ਜ਼ਬਤ ਕੀਤੀਆਂ ਗਈਆਂ ਹਨ, ਪਰ ਹੁਣ ਸਵਾਲ ਇਹ ਖੜਾ ਹੋ ਗਿਆ ਹੈ ਕਿ ਜਦੋਂ ਇਹ ਨਸ਼ੀਲੇ ਪਦਾਰਥ ਜ਼ਬਤ ਹੋ ਜਾਂਦੇ ਹਨ ਤਾਂ ਫਿਰ ਉਹ ਕਿੱਥੇ ਜਾਂਦੇ ਹਨ? ਇਸ ਸਾਰੇ ਮਾਮਲੇ ‘ਤੇ ਪਰਦਾ ਉਠਾਇਆ ਹੈ ਸੀਏਜੀ ਦੀ ਰਿਪੋਰਟ ਨੇ, ਜਿਸ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਪਿਛਲੇ ਲਗਭਗ 12 ਸਾਲਾਂ ਵਿੱਚ ਕਰੀਬ 2,332 ਕਿਲੋ ਨਸ਼ੀਲੀ ਦਵਾਈਆਂ ਦਾ ਕੋਈ ਪੱਕਾ ਹਿਸਾਬ ਨਹੀਂ ਮਿਲਦਾ। ਅਧਿਕਾਰੀਆਂ ਦੇ ਬਿਆਨਾਂ ਅਨੁਸਾਰ, ਇਹ ਮਾਤਰਾ ਜਾਂ ਤਾਂ ਚੋਰੀ ਹੋ ਗਈ ਜਾਂ ਚੂਹਿਆਂ ਵੱਲੋਂ ਨੁਕਸਾਨੀ ਕਰ ਦਿੱਤੀ ਗਈ। ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਅਗਸਤ 2010 ਤੋਂ ਨਵੰਬਰ 2022 ਤੱਕ ਸੀਆਈਡੀ ਕ੍ਰਾਇਮ ਗੁਜਰਾਤ ਅਤੇ ਹੋਰ ਏਜੰਸੀਆਂ ਵੱਲੋਂ 6,510 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।
ਬਾਅਦ ਵਿੱਚ ਇਨ੍ਹਾਂ ਵਿੱਚੋਂ ਵੱਡਾ ਹਿੱਸਾ ਨਸ਼ਟ ਕਰਨ ਦੀ ਪ੍ਰਕਿਰਆ ਵੀ ਚਲਾਈ ਗਈ, ਪਰ ਜਦੋਂ ਰਿਕਾਰਡ ਮਿਲਾਏ ਗਏ ਤਾਂ ਲਗਭਗ 35 ਫੀਸਦੀ ਮਾਤਰਾ ਵਿੱਚ ਫਰਕ ਸਾਹਮਣੇ ਆ ਗਿਆ—ਜੋ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ। ਜਦੋਂ ਇਸ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਤਾਂ ਜਵਾਬ ਹੋਰ ਵੀ ਹੈਰਾਨ ਕਰਨ ਵਾਲੇ ਸਨ। ਕਿਹਾ ਗਿਆ ਕਿ ਕੁਝ ਮਾਤਰਾ ਚੋਰੀ ਹੋ ਗਈ, ਜਦਕਿ ਬਾਕੀ ਚੂਹਿਆਂ ਨੇ ਖਾ ਲਈ। ਨਾਲ ਹੀ ਇਹ ਵੀ ਦਲੀਲ ਦਿੱਤੀ ਗਈ ਕਿ ਗਾਂਜਾ ਅਤੇ ਅਫੀਮ ਵਰਗੇ ਪਦਾਰਥ ਲੰਮੇ ਸਮੇਂ ਤੱਕ ਪਏ ਰਹਿਣ ਕਰਕੇ ਨਮੀ ਕਾਰਨ ਸੁੱਕ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਵਜ਼ਨ ਘੱਟ ਹੋ ਜਾਂਦਾ ਹੈ। ਪਰ ਸੀਏਜੀ ਨੇ ਇਨ੍ਹਾਂ ਕਾਰਨਾਂ ‘ਤੇ ਇਤਰਾਜ਼ ਜਤਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਹੱਦ ਤੱਕ ਕੁਦਰਤੀ ਨੁਕਸਾਨ ਸੰਭਵ ਹੈ, ਪਰ ਇੰਨੀ ਵੱਡੀ ਮਾਤਰਾ ਦਾ ਗਾਇਬ ਹੋਣਾ ਸਾਧਾਰਣ ਗੱਲ ਨਹੀਂ ਹੈ ਅਤੇ ਇਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਨੇ ਸਿਸਟਮ ਦੀ ਕਾਰਗੁਜ਼ਾਰੀ ‘ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।
ਜਦੋਂ ਨਸ਼ੀਲੇ ਪਦਾਰਥ ਵੱਡੀ ਮਾਤਰਾ ਵਿੱਚ ਜ਼ਬਤ ਕੀਤੇ ਜਾਂਦੇ ਹਨ, ਤਾਂ ਇਹ ਮੰਨਿਆ ਜਾਂਦਾ ਹੈ ਕਿ ਉਹ ਸੁਰੱਖਿਅਤ ਢੰਗ ਨਾਲ ਸੰਭਾਲੇ ਜਾਣਗੇ ਪਰ ਰਿਪੋਰਟ ਇਹ ਦਰਸਾਉਂਦੀ ਹੈ ਕਿ ਅਸਲ ਵਿੱਚ ਪ੍ਰਕਿਿਰਆ ਵਿੱਚ ਕਾਫ਼ੀ ਕਮਜ਼ੋਰੀਆਂ ਹਨ। ਫੋਰੈਂਸਿਕ ਜਾਂਚ ਵਿੱਚ ਹੋ ਰਹੀ ਦੇਰੀ ਇਸ ਸਮੱਸਿਆ ਦਾ ਇੱਕ ਵੱਡਾ ਕਾਰਨ ਬਣਦੀ ਹੈ। ਜਦੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਜਾਂਚ ਲੰਮੇ ਸਮੇਂ ਤੱਕ ਲਟਕੀ ਰਹਿੰਦੀ ਹੈ, ਤਾਂ ਨਾ ਸਿਰਫ਼ ਕੇਸਾਂ ਦੀ ਕਾਰਵਾਈ ਪ੍ਰਭਾਵਿਤ ਹੁੰਦੀ ਹੈ, ਸਗੋਂ ਇਹ ਵਸਤਾਂ ਲੰਬੇ ਸਮੇਂ ਲਈ ਸਟੋਰੇਜ ਵਿੱਚ ਪਈਆਂ ਰਹਿੰਦੀਆਂ ਹਨ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਵੀ ਇੱਕ ਚੁਣੌਤੀ ਬਣ ਜਾਂਦੀ ਹੈ—ਚੋਰੀ, ਨੁਕਸਾਨ ਜਾਂ ਗਲਤ ਹੈਂਡਲੰਿਗ ਦੇ ਖਤਰੇ ਵੱਧ ਜਾਂਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਸੁਰੱਖਿਅਤ ਸੰਭਾਲ ਜਾਂ ਨਿਪਟਾਰੇ ਲਈ ਕੋਈ ਪੱਕਾ ਮਕੈਨਿਜ਼ਮ ਮੌਜੂਦ ਹੈ। ਕੁੱਲ ਮਿਲਾ ਕੇ, ਇਹ ਮਾਮਲਾ ਸਿਰਫ਼ ਨਸ਼ਿਆਂ ਦੇ ਖ਼ਿਲਾਫ਼ ਕਾਰਵਾਈ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਹ ਪ੍ਰਸ਼ਾਸਨਿਕ ਪ੍ਰਬੰਧਨ, ਪਾਰਦਰਸ਼ਤਾ ਅਤੇ ਜਵਾਬਦੇਹੀ ‘ਤੇ ਵੀ ਵੱਡੇ ਸਵਾਲ ਖੜੇ ਕਰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਸ ਮਾਮਲੇ ਦੀ ਥੱਲੇ ਤੱਕ ਜਾਂਚ ਹੋਵੇਗੀ ਜਾਂ ਇਹ ਵੀ ਹੋਰ ਮਾਮਲਿਆਂ ਵਾਂਗ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਜਾਵੇਗਾ।