ਵੜਿੰਗ ਨਸ਼ੇ ਨੂੰ ਪਰਮੋਟ ਕਰ ਰਹੇ ਤੇ ਜਾਖੜ ਬਣਨਾ ਚਾਹੁੰਦੇ ਅਕਾਲੀ ਦਲ ਦੇ ਪ੍ਰਧਾਨ : ਚੀਮਾ

ਅਫ਼ੀਮ ਦੇ ਪੌਦੇ ਤੋਂ ਹੀ ਹੈਰੋਇਨ ਵਰਗਾ ਖ਼ਤਰਨਾਕ ਨਸ਼ਾ ਬਣਦਾ ਹੈ, ਇਸ ਲਈ ਪੰਜਾਬ ਦੇ ਅੰਦਰ ਅਫ਼ੀਮ ਵਰਗੇ ਭਿਆਲਕ ਨਸ਼ੇ ਦੀ ਖੇਤੀ ਨਹੀਂ ਹੋਣ ਦਿੱਤੀ ਜਾਵੇਗੀ।

By :  Gill
Update: 2025-06-09 09:36 GMT

ਅਫ਼ੀਮ ਦੀ ਖੇਤੀ ਨਹੀਂ ਹੋਵੇਗੀ, ਨਸ਼ੇ ਨੂੰ ਪਰਮੋਟ ਕਰਨ ਵਾਲਿਆਂ ਨੂੰ ਖੁੱਲ੍ਹੀ ਚੁਟਕੀ: ਵਿੱਤ ਮੰਤਰੀ ਚੀਮਾ

ਚੰਡੀਗੜ੍ਹ, 9 ਜੂਨ 2025

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਅਫ਼ੀਮ ਦੀ ਖੇਤੀ ਨਹੀਂ ਹੋਵੇਗੀ। ਉਨ੍ਹਾਂ ਨੇ ਇਸ ਸੰਬੰਧੀ ਐਲਾਨ ਕਰਦਿਆਂ ਕਿਹਾ ਕਿ ਅਫ਼ੀਮ ਦੇ ਪੌਦੇ ਤੋਂ ਹੀ ਹੈਰੋਇਨ ਵਰਗਾ ਖ਼ਤਰਨਾਕ ਨਸ਼ਾ ਬਣਦਾ ਹੈ, ਇਸ ਲਈ ਪੰਜਾਬ ਦੇ ਅੰਦਰ ਅਫ਼ੀਮ ਵਰਗੇ ਭਿਆਲਕ ਨਸ਼ੇ ਦੀ ਖੇਤੀ ਨਹੀਂ ਹੋਣ ਦਿੱਤੀ ਜਾਵੇਗੀ।

ਚੀਮਾ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਕੱਟੜ ਵਿਅੰਗ ਕੱਸਦਿਆਂ ਕਿਹਾ ਕਿ ਉਹ ਨਸ਼ੇ ਨੂੰ ਪਰਮੋਟ ਕਰ ਰਹੇ ਹਨ ਅਤੇ ਸੂਬੇ ਵਿੱਚ ਅਫ਼ੀਮ ਦੀ ਖੇਤੀ ਕਰਨ ਦੀ ਮੰਗ ਕਰ ਰਹੇ ਹਨ, ਜੋ ਕਿ ਬਿਲਕੁਲ ਗ਼ਲਤ ਅਤੇ ਖ਼ਤਰਨਾਕ ਹੈ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅੰਦਰ ਅਜਿਹਾ ਕੋਈ ਵਿਚਾਰ ਨਹੀਂ ਹੈ ਅਤੇ ਨਸ਼ੇ ਦੀ ਖੇਤੀ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ।

ਵਿੱਤ ਮੰਤਰੀ ਨੇ ਕਾਂਗਰਸ ਤੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਨਸ਼ੇ ਨੂੰ ਪਰਮੋਟ ਕਰਕੇ ਸੁਰਖੀਆਂ ਬਟੋਰ ਰਹੇ ਹਨ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਬੜਾਵਾਂ ਦੇ ਰਹੇ ਹਨ। ਚੀਮਾ ਨੇ ਤਤਕਾਲੀ ਕਾਂਗਰਸ-ਅਕਾਲੀ ਅਤੇ ਭਾਜਪਾ ਸਰਕਾਰਾਂ ਤੇ ਵੀ ਦੋਸ਼ ਲਾਇਆ ਕਿ ਇਨ੍ਹਾਂ ਦੀਆਂ ਸਰਕਾਰਾਂ ਵੇਲੇ ਪੰਜਾਬ ਵਿੱਚ ਨਸ਼ਿਆਂ ਦਾ ਰੁਝਾਨ ਵਧਿਆ ਹੈ ਅਤੇ ਨਸ਼ੇੜੀਆਂ ਦੀ ਗਿਣਤੀ ਵੱਧ ਗਈ ਹੈ। ਚੀਮਾ ਨੇ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਹੀ ਪੰਜਾਬ ਵਿੱਚ ਨਸ਼ੇ ਦਾ ਬੂਟਾ ਲਾਇਆ ਸੀ, ਜਿਸਨੂੰ ਭਗਵੰਤ ਮਾਨ ਸਰਕਾਰ ਖ਼ਤਮ ਕਰ ਰਹੀ ਹੈ।

ਜਾਖੜ ਬਣਨਾ ਚਾਹੁੰਦੇ ਨੇ ਅਕਾਲੀ ਦਲ ਦੇ ਪ੍ਰਧਾਨ—ਚੀਮਾ ਦਾ ਤਿੱਖਾ ਵਿਅੰਗ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਵੀ ਤਿੱਖਾ ਵਿਅੰਗ ਕੱਸਿਆ। ਚੀਮਾ ਨੇ ਕਿਹਾ ਕਿ ਜਾਖੜ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦੇ ਹਨ, ਇਸੇ ਲਈ ਹੀ ਉਹ ਅਕਾਲੀ ਦਲ ਪੱਖੀ ਗੱਲਾਂ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਜਾਖੜ ਹੁਰਾਂ ਦੀ ਭਾਜਪਾ ਦੀ ਪੰਜਾਬ ਵਿੱਚ ਸਰਕਾਰ ਬਣਨੀ ਨਹੀਂ, ਇਸ ਲਈ ਉਹ ਚਾਹੁੰਦੇ ਨੇ ਕਿ ਚਲੋ ਅਕਾਲੀ ਦਲ ਦਾ ਪ੍ਰਧਾਨ ਹੀ ਬਣ ਲਿਆ ਜਾਵੇ। ਚੀਮਾ ਨੇ ਕਿਹਾ ਕਿ ਜਾਖੜ ਪ੍ਰਧਾਨਗੀ ਦੇ ਭੁੱਖੇ ਨੇ, ਇਸੇ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ।

ਗੱਲਬਾਤ ਦੌਰਾਨ ਦੱਸਿਆ ਗਿਆ ਕਿ ਬੀਤੇ ਕੱਲ੍ਹ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਸੁਨੀਲ ਜਾਖੜ ਨੇ ਸੰਬੋਧਨ ਕਰਦਿਆਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ, ਪੰਥਕ ਪਾਰਟੀ ਨੂੰ ਮਜ਼ਬੂਤ ਕਰਨ ਦੀ। ਜਾਖੜ ਨੇ ਕਿਹਾ ਕਿ, “ਇੱਕ ਮਜ਼ਬੂਤ ਪੰਥਕ ਪਾਰਟੀ ਨਾ ਕੇਵਲ ਪੰਥ, ਕੌਮ ਅਤੇ ਪੰਜਾਬ ਦੀ ਜਰੂਰਤ ਹੈ ਬਲਕਿ ਇਹ ਦੇਸ਼ ਦੀ ਵੀ ਜਰੂਰਤ ਹੈ। ਸਾਰੀਆਂ ਅਕਾਲੀ ਧਿਰਾਂ ਨੂੰ ਆਪਸੀ ਹਉਮੈ ਦਾ ਤਿਆਗ ਕਰਕੇ ਕੌਮੀ ਹਿੱਤਾਂ ਲਈ ਇਕਜੁੱਟ ਹੋ ਕੇ ਪੰਥ ਅਤੇ ਪੰਜਾਬ ਲਈ ਅੱਗੇ ਆਉਣਾ ਚਾਹੀਦਾ ਹੈ। ਇਹੀ ਸੁਖਦੇਵ ਸਿੰਘ ਢੀਡਸਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।”

ਜਾਖੜ ਨੇ ਇਹ ਵੀ ਕਿਹਾ ਕਿ ਕਿਤੇ ਆਪਸੀ ਮੱਤਭੇਦਾਂ ਦੇ ਚਲਦੇ ਪੰਜਾਬ ਦੀ ਮਹਾਨ ਵਿਰਾਸਤ ਦਾ ਇੰਤਕਾਲ ਕੋਈ ਹੋਰ ਹੀ ਆਪਣੇ ਨਾਮ ਨਾ ਕਰਵਾ ਜਾਵੇ, ਜਿਸ ਦਾ ਖ਼ਮਿਆਜਾ ਪੰਥ, ਕੌਮ ਅਤੇ ਪੰਜਾਬ ਨੂੰ ਭੁਗਤਣਾ ਪਵੇ।

Tags:    

Similar News