ਹੇਮਕੁੰਟ ਸਾਹਿਬ ਜਾ ਰਹੇ ਨਿਹੰਗਾਂ ਵਿਚਕਾਰ ਝੜਪ
ਇਹ ਘਟਨਾ ਸੋਮਵਾਰ ਨੂੰ ਵਾਪਰੀ, ਜਦ ਨਿਹੰਗਾਂ ਨੇ ਵਪਾਰੀ 'ਤੇ ਤਲਵਾਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਪਾਰੀ ਬਚ ਨਿਕਲਿਆ।
ਪੁਲਿਸ ਮੁਲਾਜ਼ਮ ਤੇ ਹਮਲਾ, 7 ਗ੍ਰਿਫ਼ਤਾਰ
ਉੱਤਰਾਖੰਡ ਦੇ ਜੋਤੀਰਮੱਠ ਨੇੜੇ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਆਏ ਨਿਹੰਗ ਸਿੱਖਾਂ ਅਤੇ ਇੱਕ ਸਥਾਨਕ ਵਪਾਰੀ ਵਿਚਕਾਰ ਸਕੂਟਰ ਨੂੰ ਲੈ ਕੇ ਹੋਈ ਬਹਿਸ ਹਿੰਸਕ ਝੜਪ ਵਿੱਚ ਬਦਲ ਗਈ। ਇਹ ਘਟਨਾ ਸੋਮਵਾਰ ਨੂੰ ਵਾਪਰੀ, ਜਦ ਨਿਹੰਗਾਂ ਨੇ ਵਪਾਰੀ 'ਤੇ ਤਲਵਾਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਪਾਰੀ ਬਚ ਨਿਕਲਿਆ।
ਪੁਲਿਸ ਮੌਕੇ 'ਤੇ ਪਹੁੰਚੀ, ਪਰ ਦੋਸ਼ੀ ਉੱਥੋਂ ਭੱਜ ਚੁੱਕੇ ਸਨ। ਬਾਅਦ ਵਿੱਚ, ਜਦ ਪੁਲਿਸ ਨੇ ਨਿਹੰਗਾਂ ਨੂੰ ਥਾਣੇ ਕੋਲ ਰੋਕਿਆ, ਤਾਂ ਵੱਡੀ ਗਿਣਤੀ ਵਿੱਚ ਸਥਾਨਕ ਵਪਾਰੀ ਵੀ ਉੱਥੇ ਇਕੱਠੇ ਹੋ ਗਏ। ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮ ਬਹਿਸ ਹੋਈ, ਜੋ ਹੱਥਾਪਾਈ ਵਿੱਚ ਬਦਲ ਗਈ।
ਨਿਹੰਗਾਂ ਕੋਲੋਂ ਕਈ ਤੇਜ਼ਧਾਰ ਹਥਿਆਰ—ਕੁਹਾੜੀਆਂ, ਵੱਡੀਆਂ ਦੋਧਾਰੀ ਤਲਵਾਰਾਂ, ਚਾਕੂ, ਕੁਹਾੜੀਆਂ—ਬਰਾਮਦ ਹੋਈਆਂ। ਪੁਲਿਸ ਦੇ ਦਖਲ 'ਤੇ, ਨਿਹੰਗ ਅੰਮ੍ਰਿਤਪਾਲ ਨੇ ਸੀਨੀਅਰ ਸਬ-ਇੰਸਪੈਕਟਰ ਦੇ ਸਿਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ।
ਪੁਲਿਸ ਨੇ 7 ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ (ਦੂਜਾ), ਬਿੰਦਰ ਸਿੰਘ, ਗਰਜਾ ਸਿੰਘ, ਹਰਜੋਤ ਸਿੰਘ ਅਤੇ ਭੋਲਾ ਸਿੰਘ ਵਜੋਂ ਹੋਈ। ਇਹ ਸਾਰੇ ਪੰਜਾਬ ਦੇ ਫਤਿਹਗੜ੍ਹ ਦੇ ਰਹਿਣ ਵਾਲੇ ਹਨ।
ਕਾਨੂੰਨੀ ਕਾਰਵਾਈ
ਦੋ ਐਫਆਈਆਰ ਦਰਜ ਹੋਈਆਂ ਹਨ।
ਭਾਰਤੀ ਨਿਆਯ ਸੰਹਿਤਾ ਦੀ ਧਾਰਾ 109(1) (ਕਤਲ ਦੀ ਕੋਸ਼ਿਸ਼), 191(2) (ਦੰਗਾ), 193(3) (ਗੈਰ-ਕਾਨੂੰਨੀ ਇਕੱਠ ਜਾਂ ਦੰਗਾ), 352 (ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼), 351(3) (ਅਪਰਾਧਿਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਇੱਕ ਨਿਹੰਗ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ।