Parliament 'ਚ ਹੰਗਾਮਾ: ਰਵਨੀਤ ਬਿੱਟੂ ਨੂੰ 'ਗੱਦਾਰ' ਕਹਿਣ 'ਤੇ ਘਿਰੇ ਰਾਹੁਲ ਗਾਂਧੀ
ਭਾਜਪਾ ਨੇ ਸਿੱਖਾਂ ਦੇ ਅਪਮਾਨ ਨਾਲ ਜੋੜਿਆ
ਨਵੀਂ ਦਿੱਲੀ, 4 ਫਰਵਰੀ 2026: ਸੰਸਦ ਕੰਪਲੈਕਸ ਵਿੱਚ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਹੋਈ ਤਿੱਖੀ ਬਹਿਸ ਨੇ ਹੁਣ ਸਿਆਸੀ ਰੂਪ ਧਾਰ ਲਿਆ ਹੈ। ਰਾਹੁਲ ਗਾਂਧੀ ਵੱਲੋਂ ਬਿੱਟੂ ਨੂੰ "ਗੱਦਾਰ" ਕਹੇ ਜਾਣ ਤੋਂ ਬਾਅਦ ਭਾਜਪਾ ਨੇ ਇਸ ਨੂੰ ਸਮੁੱਚੀ ਸਿੱਖ ਕੌਮ ਦੇ ਅਪਮਾਨ ਨਾਲ ਜੋੜਦਿਆਂ ਕਾਂਗਰਸ 'ਤੇ ਹਮਲਾ ਤੇਜ਼ ਕਰ ਦਿੱਤਾ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਟਿੱਪਣੀ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇੱਕ ਸਿੱਖ ਕਦੇ ਗੱਦਾਰ ਨਹੀਂ ਹੋ ਸਕਦਾ ਅਤੇ ਰਾਹੁਲ ਗਾਂਧੀ ਦੀ ਇਹ ਭਾਸ਼ਾ ਦਰਸਾਉਂਦੀ ਹੈ ਕਿ ਸਿੱਖਾਂ ਪ੍ਰਤੀ ਕਾਂਗਰਸ ਦੀ 1980 ਵਾਲੀ ਮਾਨਸਿਕਤਾ ਅਜੇ ਵੀ ਬਰਕਰਾਰ ਹੈ। ਸਿਰਸਾ ਨੇ 1984 ਦੇ ਸਿੱਖ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਸਪੀਕਰ ਤੋਂ ਰਾਹੁਲ ਗਾਂਧੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਨੇ ਵੀ ਰਾਹੁਲ ਗਾਂਧੀ 'ਤੇ ਪਲਟਵਾਰ ਕਰਦਿਆਂ ਉਨ੍ਹਾਂ ਦੀ ਭਾਸ਼ਾ ਨੂੰ "ਗਲੀ ਦੇ ਠੱਗ" ਵਰਗੀ ਦੱਸਿਆ। ਬਿੱਟੂ ਨੇ ਇਲਜ਼ਾਮ ਲਾਇਆ ਕਿ ਬਹਿਸ ਦੌਰਾਨ ਰਾਹੁਲ ਗਾਂਧੀ ਉਨ੍ਹਾਂ ਵੱਲ ਇਸ ਤਰ੍ਹਾਂ ਵਧੇ ਸਨ ਜਿਵੇਂ ਉਹ ਧੱਕਾ ਦੇਣਾ ਚਾਹੁੰਦੇ ਹੋਣ, ਪਰ ਕੇ.ਸੀ. ਵੇਣੂਗੋਪਾਲ ਨੇ ਉਨ੍ਹਾਂ ਨੂੰ ਰੋਕ ਲਿਆ। ਬਿੱਟੂ ਨੇ ਆਪਣੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਅੱਤਵਾਦ ਵਿਰੁੱਧ ਲੜਦਿਆਂ ਜਾਨ ਦਿੱਤੀ, ਉਨ੍ਹਾਂ ਦੇ ਵਾਰਸ ਨੂੰ ਗੱਦਾਰ ਕਹਿਣਾ ਸ਼ਰਮਨਾਕ ਹੈ। ਉਨ੍ਹਾਂ ਸਿੱਖਾਂ ਦੇ ਕਤਲੇਆਮ ਲਈ ਉਲਟਾ ਕਾਂਗਰਸ ਨੂੰ ਹੀ ਸਭ ਤੋਂ ਵੱਡੀ ਗੱਦਾਰ ਕਰਾਰ ਦਿੱਤਾ।
ਇਸ ਵਿਵਾਦ ਦੌਰਾਨ ਕਾਂਗਰਸ ਨੇ ਵੀ ਆਪਣੇ ਪੰਜਾਬੀ ਸੰਸਦ ਮੈਂਬਰਾਂ ਰਾਹੀਂ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹੀ ਰਵਨੀਤ ਬਿੱਟੂ ਵਰਗੇ ਕਈ ਆਗੂਆਂ ਨੂੰ ਸਿਆਸਤ ਵਿੱਚ ਪਛਾਣ ਦਿੱਤੀ ਸੀ, ਪਰ ਹੁਣ ਭਾਜਪਾ ਵਿੱਚ ਗਏ ਲੋਕ ਆਪਣੇ ਨਵੇਂ ਆਕਾਵਾਂ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਗੁਰਜੀਤ ਸਿੰਘ ਔਜਲਾ ਨੇ ਵੀ ਇਲਜ਼ਾਮ ਲਾਇਆ ਕਿ ਸਰਕਾਰ ਵਿਰੁੱਧ ਬੋਲਣ ਵਾਲੇ ਆਗੂਆਂ ਦੀ ਆਵਾਜ਼ ਦਬਾਈ ਜਾ ਰਹੀ ਹੈ, ਜੋ ਕਿ ਲੋਕਤੰਤਰ ਲਈ ਖ਼ਤਰਾ ਹੈ। ਸੰਸਦ ਵਿੱਚ ਸ਼ੁਰੂ ਹੋਈ ਇਹ ਜ਼ਬਾਨੀ ਜੰਗ ਹੁਣ ਪੰਜਾਬ ਦੀ ਸਿਆਸਤ ਵਿੱਚ ਵੀ ਗਰਮਾਹਟ ਪੈਦਾ ਕਰ ਰਹੀ ਹੈ।