ਯੂਕਰੇਨ ਨੇ ਅਮਰੀਕਾ ਦੀ 9/11 ਵਾਂਗ ਰੂਸ ਦੀ ਸਭ ਤੋਂ ਉੱਚੀ ਇਮਾਰਤ 'ਤੇ ਕੀਤਾ ਹਮਲਾ - Video
ਮਾਸਕੋ/ਕੀਵ : ਯੂਕਰੇਨ ਨੇ ਰੂਸ ਦੀ ਸਭ ਤੋਂ ਉੱਚੀ ਇਮਾਰਤ ਵੋਲਗਾ ਸਕਾਈ 'ਤੇ ਹਮਲਾ ਕੀਤਾ ਹੈ। ਇਹ ਹਮਲਾ ਰੂਸ ਦੇ ਸੇਰਾਤੋਵ ਸ਼ਹਿਰ 'ਚ ਹੋਇਆ, ਜਿਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਹਮਲਾ ਡਰੋਨ ਰਾਹੀਂ ਕੀਤਾ ਗਿਆ ਸੀ, ਜਿਸ ਕਾਰਨ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਰੂਸ ਦੇ ਸਾਰਾਤੋਵ ਸ਼ਹਿਰ ਵਿੱਚ ਸਥਿਤ ਇਸ ਇਮਾਰਤ ਦੀਆਂ 38 ਮੰਜ਼ਿਲਾਂ ਹਨ ਅਤੇ ਇਹ ਦੇਸ਼ ਦੀ ਸਭ ਤੋਂ ਉੱਚੀ ਇਮਾਰਤ ਹੈ, ਜਿਸ ਵਿੱਚ ਕਈ ਕੰਪਨੀਆਂ ਦੇ ਦਫ਼ਤਰ ਮੌਜੂਦ ਹਨ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਯੂਕ੍ਰੇਨ ਦਾ ਡਰੋਨ ਤੇਜ਼ੀ ਨਾਲ ਉੱਡਦਾ ਹੈ ਅਤੇ ਫਿਰ ਇਮਾਰਤ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ।
ਇਸ ਘਟਨਾ 'ਚ ਦੋ ਲੋਕ ਜ਼ਖਮੀ ਹੋਏ ਹਨ ਪਰ ਜਿਸ ਤਰ੍ਹਾਂ ਯੂਕਰੇਨ ਨੇ ਰੂਸ ਦੀ ਸਭ ਤੋਂ ਉੱਚੀ ਇਮਾਰਤ 'ਤੇ ਹਮਲਾ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਉਹ ਰੂਸ ਲਈ ਝਟਕਾ ਹੈ। ਡਰੋਨ ਦੇ ਟਕਰਾਉਣ ਤੋਂ ਬਾਅਦ ਵੱਡੀ ਮਾਤਰਾ 'ਚ ਇਮਾਰਤ ਦਾ ਮਲਬਾ ਵੀ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ। ਇਸ ਹਮਲੇ ਵਿਚ ਰੂਸੀ ਇਮਾਰਤ ਦਾ ਇਕ ਹਿੱਸਾ ਨੁਕਸਾਨਿਆ ਗਿਆ ਹੈ। ਖੇਤਰੀ ਗਵਰਨਰ ਰੋਮਨ ਬਸੁਰਗਿਨ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਸ ਬਾਰੇ ਟੈਲੀਗ੍ਰਾਮ 'ਤੇ ਦੱਸਿਆ ਅਤੇ ਕਿਹਾ ਕਿ ਹਮਲੇ 'ਚ ਜ਼ਖਮੀ ਇਕ ਔਰਤ ਦੀ ਹਾਲਤ ਨਾਜ਼ੁਕ ਹੈ। ਡਾਕਟਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਹਮਲੇ ਵਿੱਚ ਉਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ।