Brampton 'ਚ ਫਿਰ ਤੋਂ ਦੋ Tow Trucks ਨੂੰ ਲਗਾਈ ਗਈ ਭਿਆਨਕ ਅੱਗ

ਮੰਗਲਵਾਰ ਤੜਕੇ ਘਟਨਾ ਤੋਂ ਬਾਅਦ ਪੁਲਿਸ ਦੋ ਸ਼ੱਕੀਆਂ ਦੀ ਕਰ ਰਹੀ ਭਾਲ, 5 ਜਨਵਰੀ ਨੂੰ ਰਦਰਫੋਰਡ ਅਤੇ ਗਲਿਡਨ ਰੋਡ ਨੇੜੇ ਕਈ ਟੋ ਟਰੱਕਾਂ ਨੂੰ ਲਗਾਈ ਸੀ ਅੱਗ

Update: 2026-01-13 19:16 GMT

ਬਰੈਂਪਟਨ ਵਿੱਚ ਮੰਗਲਵਾਰ ਤੜਕੇ ਹੋਈ ਇੱਕ ਗੰਭੀਰ ਅੱਗਜ਼ਨੀ ਦੀ ਘਟਨਾ ਤੋਂ ਬਾਅਦ ਪੀਲ ਰੀਜ਼ਨਲ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਪੁਲਿਸ ਅਨੁਸਾਰ, ਸ਼ੱਕੀ ਵਿਅਕਤੀਆਂ ਨੇ ਇੱਕ ਆਟੋ ਰਿਪੇਅਰ ਸ਼ਾਪ ਦੇ ਬਾਹਰ ਖੜ੍ਹੇ ਟੋ ਟਰੱਕਾਂ ‘ਤੇ ਪੈਟਰੋਲ ਛਿੜਕ ਕੇ ਉਨ੍ਹਾਂ ਨੂੰ ਅੱਗ ਲਗਾਈ। ਇਹ ਘਟਨਾ ਬਰੈਂਪਟਨ ਦੇ ਰਦਰਫੋਰਡ ਰੋਡ ਅਤੇ ਓਰੇਂਡਾ ਰੋਡ ਨੇੜੇ ਸਥਿਤ ਇਕ ਜਾਇਦਾਦ ‘ਤੇ ਸਵੇਰੇ ਕਰੀਬ 3 ਵਜੇ ਵਾਪਰੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਦੋ ਟੋ ਟਰੱਕ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸਨ। ਅੱਗ ਇੰਨੀ ਤੇਜ਼ ਸੀ ਕਿ ਨਾਲ ਖੜ੍ਹੇ ਹੋਰ ਕਾਰਾਂ ਅਤੇ ਟਰੱਕਾਂ ਨੂੰ ਵੀ ਨੁਕਸਾਨ ਪਹੁੰਚਿਆ।ਸੁਰੱਖਿਆ ਕੈਮਰੇ ਦੀ ਫੁਟੇਜ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਲਾਲ ਰੰਗ ਦਾ ਗੈਸ ਕੈਨ ਫੜ੍ਹ ਕੇ ਪਾਰਕਿੰਗ ਲਾਟ ਵਿੱਚ ਖੜ੍ਹੀਆਂ ਗੱਡੀਆਂ ਦੇ ਆਲੇ-ਦੁਆਲੇ ਘੁੰਮਦਾ ਹੋਇਆ ਵੇਖਿਆ ਜਾ ਸਕਦਾ ਹੈ। ਕੁਝ ਪਲਾਂ ਬਾਅਦ ਹੀ ਦੋ ਟੋ ਟਰੱਕਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਅੱਗ ਤੇਜ਼ੀ ਨਾਲ ਫੈਲਦੀ ਨਜ਼ਰ ਆਉਂਦੀ ਹੈ।

ਪੁਲਿਸ ਦਾ ਮੰਨਣਾ ਹੈ ਕਿ ਇਸ ਘਟਨਾ ਵਿੱਚ ਦੋ ਸ਼ੱਕੀ ਸ਼ਾਮਲ ਸਨ, ਪਰ ਹੁਣ ਤੱਕ ਉਨ੍ਹਾਂ ਦੀ ਉਮਰ, ਹੂਲੀਆ ਜਾਂ ਕਪੜਿਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਪੀਲ ਪੁਲਿਸ ਦੀ ਕਾਂਸਟੇਬਲ ਐਮੈਂਡਾ ਸਟੀਨਸਨ ਨੇ ਦੱਸਿਆ ਕਿ ਜਾਂਚਕਾਰਾਂ ਨੂੰ ਇਹ ਸਪੱਸ਼ਟ ਲੱਗਦਾ ਹੈ ਕਿ ਟਾਰਗੇਟ ਸਿਰਫ਼ ਦੋ ਟੋ ਟਰੱਕ ਹੀ ਸਨ, ਕਿਉਂਕਿ ਪੈਟਰੋਲ ਕੇਵਲ ਉਨ੍ਹਾਂ ਟਰੱਕਾਂ ‘ਤੇ ਹੀ ਛਿੜਕਿਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਜਾਂਚ ਦੇ ਅਧਾਰ ‘ਤੇ ਜਨਤਕ ਸੁਰੱਖਿਆ ਲਈ ਕਿਸੇ ਤਰ੍ਹਾਂ ਦਾ ਤੁਰੰਤ ਖ਼ਤਰਾ ਨਹੀਂ ਮੰਨਿਆ ਜਾ ਰਿਹਾ। ਪੁਲਿਸ ਨੇ ਇਲਾਕੇ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਇਸ ਸਮੇਂ ਦੌਰਾਨ ਕੋਈ ਸ਼ੱਕੀ ਗਤੀਵਿਧੀ ਵੇਖੀ ਹੋਵੇ, ਜਾਂ ਕਿਸੇ ਕੋਲ ਸੁਰੱਖਿਆ ਕੈਮਰੇ ਦੀ ਫੁਟੇਜ ਹੋਵੇ, ਤਾਂ ਉਹ ਅੱਗੇ ਆ ਕੇ ਜਾਣਕਾਰੀ ਸਾਂਝੀ ਕਰਨ। ਪੁਲਿਸ ਦਾ ਕਹਿਣਾ ਹੈ ਕਿ ਛੋਟੀ ਜਿਹੀ ਜਾਣਕਾਰੀ ਵੀ ਜਾਂਚ ਵਿੱਚ ਅਹਿਮ ਸਾਬਤ ਹੋ ਸਕਦੀ ਹੈ।

ਇਹ ਘਟਨਾ ਉਸ ਤੋਂ ਲਗਭਗ ਇੱਕ ਹਫ਼ਤਾ ਬਾਅਦ ਸਾਹਮਣੇ ਆਈ ਹੈ, ਜਦੋਂ 5 ਜਨਵਰੀ ਨੂੰ ਰਦਰਫੋਰਡ ਅਤੇ ਗਲਿਡਨ ਰੋਡ ਦੇ ਇਲਾਕੇ ਵਿੱਚ ਕਈ ਟੋ ਟਰੱਕਾਂ ਨੂੰ ਅੱਗ ਲਗਾਈ ਗਈ ਸੀ। ਹਾਲਾਂਕਿ ਐਮੈਂਡਾ ਸਟੀਨਸਨ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਤੱਕ ਦੋਹਾਂ ਘਟਨਾਵਾਂ ਨੂੰ ਜੋੜਨ ਵਾਲਾ ਕੋਈ ਠੋਸ ਸਬੂਤ ਨਹੀਂ ਮਿਲਿਆ, ਪਰ ਸਮਾਂ ਅਤੇ ਥਾਂ ਮਿਲਦੇ ਜੁਲਦੇ ਹੋਣ ਕਾਰਨ ਪੁਲਿਸ ਹਰ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੀ ਹੈ। 5 ਜਨਵਰੀ ਵਾਲੀ ਘਟਨਾ ਵੀ ਸਵੇਰੇ ਲਗਭਗ 3:30 ਦੇ ਨੇੜੇ ਵਾਪਰੀ ਸੀ ਅਤੇ ਉਸ ਵਿੱਚ ਚਾਰ ਤੋਂ ਪੰਜ ਵਿਅਕਤੀ ਸ਼ਾਮਲ ਸਨ। ਫਿਲਹਾਲ ਪੁਲਿਸ ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ, ਲੋਕਾਂ ਨੂੰ ਅਪਡੇਟ ਕੀਤਾ ਜਾਵੇਗਾ।

Tags:    

Similar News