Trump ਹੁਣ ਦੱਖਣੀ ਕੋਰੀਆ ਦਾ ਕਰਨਗੇ ਦੌਰਾ, ਚੀਨੀ ਰਾਸ਼ਟਰਪਤੀ ਨੂੰ ਵੀ ਮਿਲਣਗੇ
ਪਿਛਲੇ ਮਹੀਨੇ ਸ਼ੀ ਜਿਨਪਿੰਗ ਨੇ ਫੋਨ 'ਤੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਸੀ, ਜਦੋਂ ਕਿ ਟਰੰਪ ਨੇ ਵੀ ਸ਼ੀ ਜਿਨਪਿੰਗ ਨੂੰ ਅਮਰੀਕਾ ਆਉਣ ਦੀ ਪੇਸ਼ਕਸ਼ ਕੀਤੀ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਤੂਬਰ ਵਿੱਚ ਦੱਖਣੀ ਕੋਰੀਆ ਦਾ ਦੌਰਾ ਕਰਨ ਦੀ ਤਿਆਰੀ ਕਰ ਰਹੇ ਹਨ। ਉਹ ਇਸ ਦੌਰਾਨ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (APEC) ਸੰਮੇਲਨ ਵਿੱਚ ਸ਼ਾਮਲ ਹੋਣਗੇ, ਜੋ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿੱਚ ਗਯੋਂਗਜੂ ਵਿੱਚ ਹੋਵੇਗਾ।
ਸ਼ੀ ਜਿਨਪਿੰਗ ਨਾਲ ਮੁਲਾਕਾਤ ਦੀ ਸੰਭਾਵਨਾ
ਰਿਪੋਰਟਾਂ ਅਨੁਸਾਰ, ਸੰਮੇਲਨ ਦੌਰਾਨ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਦੁਵੱਲੀ ਮੁਲਾਕਾਤ ਦੀ ਸੰਭਾਵਨਾ ਬਾਰੇ ਗੱਲਬਾਤ ਚੱਲ ਰਹੀ ਹੈ, ਪਰ ਅਜੇ ਕੋਈ ਪੱਕੀ ਯੋਜਨਾ ਤੈਅ ਨਹੀਂ ਹੋਈ ਹੈ। ਪਿਛਲੇ ਮਹੀਨੇ ਸ਼ੀ ਜਿਨਪਿੰਗ ਨੇ ਫੋਨ 'ਤੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਸੀ, ਜਦੋਂ ਕਿ ਟਰੰਪ ਨੇ ਵੀ ਸ਼ੀ ਜਿਨਪਿੰਗ ਨੂੰ ਅਮਰੀਕਾ ਆਉਣ ਦੀ ਪੇਸ਼ਕਸ਼ ਕੀਤੀ ਸੀ।
ਦੌਰੇ ਦਾ ਉਦੇਸ਼
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਦੌਰੇ ਦਾ ਮੁੱਖ ਕੇਂਦਰ ਆਰਥਿਕ ਸਹਿਯੋਗ ਹੋਵੇਗਾ। ਟਰੰਪ ਪ੍ਰਸ਼ਾਸਨ ਇਸਨੂੰ ਅਮਰੀਕਾ ਵਿੱਚ ਹੋਰ ਆਰਥਿਕ ਨਿਵੇਸ਼ ਲਿਆਉਣ ਦੇ ਮੌਕੇ ਵਜੋਂ ਵੀ ਦੇਖ ਰਿਹਾ ਹੈ। ਇਸ ਤੋਂ ਇਲਾਵਾ, ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਰੱਖਿਆ ਅਤੇ ਸਿਵਲ ਪਰਮਾਣੂ ਸਹਿਯੋਗ ਵਰਗੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ।
ਕਿਮ ਜੋਂਗ ਉਨ ਨਾਲ ਮੁਲਾਕਾਤ ਦੀ ਅਟਕਲ
ਇਸ ਦੌਰੇ ਦੌਰਾਨ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਟਰੰਪ ਦੀ ਮੁਲਾਕਾਤ ਦੀ ਵੀ ਅਟਕਲ ਲਗਾਈ ਜਾ ਰਹੀ ਹੈ, ਪਰ ਕਿਮ ਦੀ ਸੰਮੇਲਨ ਵਿੱਚ ਭਾਗੀਦਾਰੀ ਅਜੇ ਪੱਕੀ ਨਹੀਂ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਨੇ ਹਾਲ ਹੀ ਵਿੱਚ ਆਪਣੀ ਵਾਸ਼ਿੰਗਟਨ ਫੇਰੀ ਦੌਰਾਨ ਟਰੰਪ ਨੂੰ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਅਤੇ ਦੋਵਾਂ ਨੇਤਾਵਾਂ ਵਿਚਾਲੇ ਮੁਲਾਕਾਤ ਦੀ ਸੰਭਾਵਨਾ ਜਤਾਈ ਸੀ।