ਟੋਰਾਂਟੋ: ਹਰ ਬੁੱਧਵਾਰ ਨੂੰ ਭਾਰਤੀ ਕੌਂਸਲੇਟ ਵੱਲੋਂ ਕੀਤਾ ਜਾਂਦਾ ਇਹ ਉੇਪਰਾਲਾ
ਐਕਟਿੰਗ ਕੌਂਸਲ ਜਨਰਲ ਗਿਰੀਸ਼ ਜੁਨੇਜਾ ਨੇ ਮੀਡੀਆਕਾਰਾਂ ਨਾਲ ਕੀਤੀ ਮੁਲਾਕਾਤ ਵੱਖ-ਵੱਖ ਮੀਡੀਆ ਅਦਾਰਿਆਂ ਦੇ ਚੋਣਵੇਂ ਪੱਤਰਕਾਰ ਅਤੇ ਬਿਜ਼ਨਸਮੈਨ ਪਹੁੰਚੇ
ਲੰਘੇ ਸ਼ੁੱਕਰਵਾਰ ਨੂੰ ਟੋਰਾਂਟੋ ਦੇ ਐਕਟਿੰਗ ਕੌਂਸਲ ਜਨਰਲ ਆਫ ਇੰਡੀਆ ਸ੍ਰੀ ਗਿਰੀਸ਼ ਜੁਨੇਜਾ ਵੱਲੋਂ ਐਥਨਿਕ ਮੀਡੀਆਕਾਰਾਂ ਅਤੇ ਬਿਜ਼ਨਸਮੈਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਡਿਨਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਹ ਮੁਲਾਕਾਤ ਰੈਕਸਡੇਲ ਨੇੜੇ ਇੱਕ ਰੈਸਟਰੋਂਟ ਵਿੱਚ ਕੀਤੀ ਗਈ। ਇਸ ਮੌਕੇ ਵੱਖ-ਵੱਖ ਮੀਡੀਆ ਅਦਾਰਿਆਂ ਦੇ ਚੋਣਵੇਂ ਪੱਤਰਕਾਰ ਤੇ ਬਿਜ਼ਨਸਮੈਨ ਪਹੁੰਚੇ, ਜਿੰਨ੍ਹਾਂ ਵੱਲੋਂ ਐਕਟਿੰਗ ਕੌਂਸਲ ਜਨਰਲ ਗਿਰੀਸ਼ ਜੁਨੇਜਾ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਹਮਦਰਦ ਮੀਡੀਆ ਗਰੁੱਪ ਦੇ ਸੀਈਓ ਸਰਦਾਰ ਅਮਰ ਸਿੰਘ ਭੁੱਲਰ ਵੀ ਸ਼ਾਮਲ ਹੋਏ। ਇੰਨ੍ਹਾਂ ਤੋਂ ਇਲਾਵਾ ਨਵਤੇਜ਼ ਕੰਗ, ਰਣਧੀਰ ਸਿੰਘ ਰਾਣਾ, ਜਗਦੀਸ਼ ਗਰੇਵਾਲ, ਸਤਿੰਦਰਪਾਲ ਸਿੰਘ ਸਿੱਧਵਾਂ, ਦਿਲਬਾਘ ਚਾਵਲਾ, ਹਰਜੀਤ ਜੰਜੂਆ, ਸਿੰਘ ਹਰਜੀਤ, ਜਸਵਿੰਦਰ ਸਿੱਧੂ, ਸਤਪਾਲ ਸਿੰਘ ਜੋਹਲ, ਉੱਘੇ ਬਿਜ਼ਨਸਮੈਨ ਲਾਜਪੱਤ ਪਰਾਸ਼ਰ ਅਤੇ ਓਬੀਐੱਸਏ ਤੋਂ ਗਿੱਲ ਸ਼ਾਮਲ ਹੋਏ।
ਮੀਡੀਆਕਾਰਾਂ ਅਤੇ ਬਿਜ਼ਨਸਮੈਨਾਂ ਨੇ ਐਕਟਿੰਗ ਕੌਂਸਲ ਜਨਰਲ ਨੂੰ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਵਿਚਕਾਰ ਚੱਲ ਰਹੇ ਤਣਾਅ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਸੰਬੰਧ ਜਲਦ ਤੋਂ ਜਲਦ ਚੰਗੇ ਬਣਾਉਣ ਲਈ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕੌਂਸਲੇਟ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਕੈਨੇਡਾ ਆਏ ਹੋਏ ਭਾਰਤੀਆਂ ਨੂੰ ਕੌਂਸਲੇਟ ਵੱਲੋਂ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਹਰ ਤਰ੍ਹਾਂ ਦੀ ਸੰਭਵ ਮਦਦ ਪ੍ਰਦਾਨ ਕੀਤੀ ਜਾਂਦੀ ਹੈ। ਇਸ ਖਾਸ ਮੌਕੇ 'ਤੇ ਐਕਟਿੰਗ ਕੌਂਸਲ ਜਨਰਲ ਗਿਰੀਸ਼ ਜੁਨੇਜਾ ਵੱਲੋਂ ਵੀ ਮੀਡੀਆਕਾਰਾਂ ਵੀ ਖੂਬ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਸਾਡੇ ਪੱਤਰਕਾਰ ਵੀ ਬਹੁਤ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਰਾਹੀਂ ਹੀ ਦੁਨੀਆਂ ਭਰ ਵਿੱਚ ਲੋਕਾਂ ਤੱਕ ਖਬਰਾਂ ਪਹੁੰਚਦੀਆਂ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਟੋਰਾਂਟੋ ਦੇ ਲੋਕਾਂ ਨੂੰ ਕਿਸੇ ਵੀ ਮਦਦ ਦੀ ਲੋੜ ਹੈ ਤਾਂ ਉਹ ਕੌਂਸਲੇਟ ਦਫਤਰ ਨਾਲ ਜ਼ਰੂਰ ਸੰਪਰਕ ਕਰਨ ਅਤੇ ਹਰ ਹਫਤੇ ਬੁੱਧਵਾਰ ਨੂੰ ਓਪਨ ਕੌਂਸਲ ਹੁੰਦੀ ਹੈ, ਜਿਸ ਵਿੱਚ ਕੋਈ ਵੀ ਭਾਰਤੀ ਆ ਕੇ ਆਪਣਾ ਕੰਮ ਕਰਵਾ ਸਕਦਾ ਹੈ। ਨਾਲ ਹੀ ਉਨ੍ਹਾਂ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਦੇ ਬਿਹਤਰ ਹੋਣ ਦੀ ਵੀ ਉਮੀਦ ਜਤਾਈ।