ਅੱਜ ਪੰਜਾਬ ਵਿਚ ਕਿਸਾਨਾਂ ਨੇ ਕਈ ਥਾਈਂ ਆਵਾਜਾਈ ਰੋਕੀ
ਅੰਮ੍ਰਿਤਸਰ : ਅੱਜ ਪੰਜਾਬ ਵਿਚ ਕਿਸਾਨਾਂ ਨੇ ਕਈ ਥਾਈਂ ਆਵਾਜਾਈ ਰੋਕੀ ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿਚ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣਾ ਅਤੇ ਹਰ ਕਈ ਥਾਵਾਂ ਉਤੇ ਕਿਸਾਨਾਂ ਨੇ ਆਵਾਜਾਈ ਰੋਕੀ ਅਤੇ ਸਰਕਾਰ ਵਿਰੁਧ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਨੇ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਨੂੰ ਲੈ ਕੇ ਤਿੰਨ ਘੰਟੇ ਰੇਲਵੇ ਲਾਈਨਾਂ ਅਤੇ ਸੜਕਾਂ ਜਾਮ ਕਰ ਦਿੱਤੀਆਂ। ਰੇਲਵੇ ਟ੍ਰੈਕ ਜਾਮ ਹੋਣ ਕਾਰਨ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਵੀ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਤੋਂ ਕਈ ਟਰੇਨਾਂ ਚੱਲਦੀਆਂ ਹਨ, ਜਿਸ ਕਾਰਨ ਕਈ ਟਰੇਨਾਂ ਦੇ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਲੋਕ ਬੱਸ ਸਟੈਂਡ 'ਤੇ ਵੀ ਪ੍ਰੇਸ਼ਾਨ ਹੋ ਕੇ ਘੁੰਮ ਰਹੇ ਹਨ। ਦੋ ਛੁੱਟੀਆਂ ਤੋਂ ਬਾਅਦ ਅੱਜ ਕਈ ਲੋਕ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ ਹਨ ਪਰ ਬੱਸਾਂ ਅਤੇ ਰੇਲ ਗੱਡੀਆਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੰਮ੍ਰਿਤਸਰ ਵਿੱਚ ਜਲੰਧਰ-ਅੰਬਾਲਾ ਰੇਲਵੇ ਮਾਰਗ ’ਤੇ ਵੱਲਾ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। ਕਿਸਾਨ ਆਗੂ ਪਰਮਿੰਦਰ ਸਿੰਘ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਫ਼ਸਲ ਦੀ ਬਿਜਾਈ ਦਾ ਸਮਾਂ ਆਉਂਦਾ ਹੈ ਤਾਂ ਵੀ ਉਨ੍ਹਾਂ ਨੂੰ ਡੀਏਪੀ ਲਈ ਸੰਘਰਸ਼ ਕਰਨਾ ਪੈਂਦਾ ਹੈ ਅਤੇ ਜਦੋਂ ਫ਼ਸਲ ਪੱਕ ਜਾਂਦੀ ਹੈ ਤਾਂ ਵੇਚਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ।
ਸਰਕਾਰ ਚਾਹੁੰਦੀ ਹੈ ਕਿ ਕਿਸਾਨ ਖੁਦ ਮੰਨ ਲੈਣ ਕਿ ਖੇਤੀ ਹੁਣ ਲਾਹੇਵੰਦ ਸੌਦਾ ਨਹੀਂ ਰਹੀ, ਜਦੋਂ ਕਿ ਜੇਕਰ ਉਨ੍ਹਾਂ ਨੂੰ ਹਰ ਕਿੱਲੋ ਕਣਕ ਅਤੇ ਆਟਾ ਮਾਲ ਤੋਂ ਖਰੀਦਣਾ ਪਵੇ ਤਾਂ ਉਨ੍ਹਾਂ ਨੂੰ ਸਮਝ ਆਵੇਗਾ ਕਿ ਉਨ੍ਹਾਂ ਦਾ ਕੀ ਗੁਆਚਿਆ ਹੈ ਅਤੇ ਕਿਸਾਨ ਕਿਸ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਤੋਂ ਡਰਨ ਵਾਲੇ ਨਹੀਂ ਹਨ ਅਤੇ ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਰਹਿਣਗੇ।